Government Polytechnic Patiala won the overall trophy in the Inter Polytechnic Youth Fair

February 24, 2024 - PatialaPolitics

Government Polytechnic Patiala won the overall trophy in the Inter Polytechnic Youth Fair

ਪਟਿਆਲਾ, 24 ਫਰਵਰੀ:

ਸਥਾਨਕ ਹਰਪਾਲ ਟਿਵਾਣਾ ਕਲਾ ਕੇਂਦਰ ਪਟਿਆਲਾ ਵਿਖੇ ਅੰਤਰ ਪੌਲੀਟੈਕਨਿਕ ਰਾਜ ਪੱਧਰੀ ਯੁਵਕ ਮੇਲਾ ਆਖ਼ਰੀ ਦਿਨ ਇਕਹਿਰੇ ਲੋਕ ਨਾਚ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਨਾਲ ਪੰਜਾਬ ਦੇ ਅਮੀਰ ਵਿਰਸੇ ਦੀ ਛਾਪ ਛੱਡਦਾ ਹੋਇਆ ਸਮਾਪਤ ਹੋਇਆ।

ਯੁਵਕ ਮੇਲੇ ਦੇ ਆਖ਼ਰੀ ਦਿਨ ਬਤੌਰ ਮੁੱਖ ਮਹਿਮਾਨ ਮੈਨੇਜਿੰਗ ਡਾਇਰੈਕਟਰ ਪੀ ਆਰ ਟੀ ਸੀ ਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ ਅਤੇ ਇਨਾਮਾਂ ਦੀ ਵੰਡ ਕੀਤੀ। ਉਹਨਾਂ ਕਿਹਾ ਕਿ ਉਹਨਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਸਰਕਾਰੀ ਪੌਲੀਟੈਕਨਿਕ ਕਾਲਜ ਅੰਮ੍ਰਿਤਸਰ ਤੋਂ ਹੀ ਕੀਤੀ ਸੀ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਯੁਵਕ ਮੇਲੇ ਇਨਸਾਨ ਦੇ ਵਿਅਕਤੀਤਵ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।

ਇਸ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਮੋਹਨਵੀਰ ਸਿੰਘ ਸਿੱਧੂ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਅਤੇ ਮੇਲੇ ਦੇ ਭਾਗੀਦਾਰਾਂ ਨੂੰ ਵਧਾਈ ਦਿੱਤੀ। ਪੀ ਟੀ ਆਈ ਐਸ ਪੰਜਾਬ ਦੇ ਪ੍ਰਧਾਨ ਅਤੇ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਅੰਮ੍ਰਿਤਸਰ ਦੇ ਪ੍ਰਿੰਸੀਪਲ ਪਰਮਵੀਰ ਸਿੰਘ ਮੱਤੇਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਮੇਲੇ ਦੀ ਸਫਲਤਾ ਲਈ ਮੇਜ਼ਬਾਨ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਕਿਹਾ ਇਹਨਾਂ ਯੁਵਕ ਮੇਲਿਆਂ ਦਾ ਮਕਸਦ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰ ਕੇ ਅਮੀਰ ਵਿਰਾਸਤ ਦਾ ਹਿੱਸਾ ਬਣਾਉਣਾ ਹੈ। ਕਾਲਜ ਦੇ ਮੀਡੀਆ ਇੰਚਾਰਜ ਪ੍ਰੋ ਨਰਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ ਕਰਵਾਏ ਗਏ ਇਕਹਿਰੇ ਲੋਕ ਨਾਚ ਮੁਕਾਬਲੇ ਵਿਚ ਲੜਕੀਆਂ ਦਾ ਮੁਕਾਬਲਾ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਅੰਮ੍ਰਿਤਸਰ ਅਤੇ ਲੜਕਿਆਂ ਵਿੱਚ ਸਰਕਾਰੀ ਪੌਲੀਟੈਕਨਿਕ ਪਟਿਆਲਾ ਨੇ ਬਾਜ਼ੀ ਮਾਰੀ। ਭੰਗੜੇ ਦੇ ਮੁਕਾਬਲੇ ਵਿਚ ਸਰਕਾਰੀ ਪੌਲੀਟੈਕਨਿਕ ਫ਼ਿਰੋਜ਼ਪੁਰ ਨੇ ਪਹਿਲਾ ਸਥਾਨ, ਸਰਕਾਰੀ ਪੌਲੀਟੈਕਨਿਕ ਰਣਵਾਂ ਫ਼ਤਿਹਗੜ੍ਹ ਸਾਹਿਬ ਅਤੇ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਨੇ ਦੂਸਰਾ ਅਤੇ ਹੁਸ਼ਿਆਰਪੁਰ ਅਤੇ ਸਰਕਾਰੀ ਪੌਲੀਟੈਕਨਿਕ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ।

ਮੇਲੇ ਦੌਰਾਨ ਉੱਘੇ ਗਾਇਕ ਹਰਦੀਪ ਗਿੱਲ ਨੇ ਸ਼ਹਿਰ ਪਟਿਆਲਾ ਦੇ, ਹਰਿੰਦਰ ਹੁੰਦਲ ਨੇ ਟੱਪੇ ਅਤੇ ਲੋਕ ਬੋਲੀਆਂ ਨਾਲ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਸੂਹੀ ਸੂਹੀ ਸੰਗ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਅਮਰਿੰਦਰ ਸੰਧੂ ਅਤੇ ਜੁਗਰਾਜ ਸੰਧੂ ਭਰਾਵਾਂ ਦੀ ਜੋੜੀ ਨੇ ਭੰਗੜੇ ਦੀ ਬੀਟ ਤੇ ਮੋਰਾਂ ਵਾਂਗ ਪੈਲਾਂ ਪਾ ਸਾਰਿਆਂ ਨੂੰ ਕੀਲ ਲਿਆ। ਮੇਲੇ ਨੂੰ ਸਫਲ ਬਣਾਉਣ ਲਈ ਨਵਦੀਪ ਸਿੰਘ ਕੋਆਰਡੀਨੇਟਰ ਪੀ ਟੀ ਆਈ ਐਸ, ਰਾਮ ਸਰੂਪ ਸਕੱਤਰ, ਯਸ਼ਪਾਲ ਪਠਾਣੀਆ ਪ੍ਰਬੰਧਕੀ ਸਕੱਤਰ ਨੇ ਅਹਿਮ ਭੂਮਿਕਾ ਨਿਭਾਈ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਕਾਰਜਕਾਰੀ ਮੈਂਬਰ ਪੀ ਟੀ ਆਈ ਐਸ, ਪ੍ਰੋ ਜਸਪ੍ਰੀਤ ਸਿੰਘ ਅਤੇ ਅਮਨਪ੍ਰੀਤ ਕੌਰ ਨੇ ਅਦਾ ਕੀਤੀ।

ਮੇਲੇ ਦੌਰਾਨ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਰਜਿਸਟਰਾਰ ਸੰਜੀਵ ਗੋਇਲ, ਪ੍ਰਿੰਸੀਪਲ ਸੁਰੇਸ਼ ਕੁਮਾਰ, ਰਾਜ ਕੁਮਾਰ ਚੋਪੜਾ, ਪ੍ਰਿੰਸੀਪਲ ਕਮਲਜੀਤ ਕੌਰ, ਪ੍ਰਿੰਸੀਪਲ ਸੰਦੀਪ ਸਿੰਗਲਾ,ਸਰਕਾਰੀ ਪੌਲੀਟੈਕਨਿਕ ਬਠਿੰਡਾ ਦੇ ਪ੍ਰਿੰਸੀਪਲ ਅਨੂਜਾ ਗੁਪਾਲ, ਹਰਸ਼ ਕੁਮਾਰ ਸਰਕਾਰੀ ਸਟੇਟ ਕਾਲਜ ਦੇ ਪ੍ਰਿੰਸੀਪਲ ਚਰਨਜੀਤ ਕੌਰ ਸੇਖੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅਖੀਰ ਕਾਲਜ ਦੇ ਇੰਚਾਰਜ ਵਿਦਿਆਰਥੀ ਫ਼ੰਡ ਹਰਮੇਲ ਸਿੰਘ ਚਹਿਲ ਨੇ ਸਾਰਿਆਂ ਦਾ ਧੰਨਵਾਦ ਕੀਤਾ।