Debt waiver of Patiala farmers
January 24, 2019 - PatialaPolitics
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਅਰੰਭੀ ਕਰਜ਼ਾ ਰਾਹਤ ਸਕੀਮ ਦੇ ਅੱਜ ਸ਼ੁਰੂ ਹੋਏ ਤੀਜੇ ਪੜਾਅ ਤਹਿਤ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਜ਼ਿਲੇ ਦੇ 11631 ਕਿਸਾਨਾਂ ਨੂੰ 99.65 ਕਰੋੜ ਰੁਪਏ ਦੀ ਕਰਜ਼ਾ ਰਾਹਤ ਸਰਟੀਫਿਕੇਟ ਪ੍ਰਦਾਨ ਕਰਨ ਦੀ ਸ਼ੁਰੂਆਤ ਕਰਵਾਈ। ਅੱਜ ਇੱਥੇ ਪਟਿਆਲਾ ਦਿਹਾਤੀ ਹਲਕੇ ਦੇ 18 ਲਾਭਪਾਤਰੀ ਕਿਸਾਨਾਂ ਨੂੰ ਰਸਮੀ ਤੌਰ ‘ਤੇ ਕਰਜ਼ਾ ਰਾਹਤ ਸਰਟੀਫਿਕੇਟ ਸੌਂਪਣ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ ਸਾਰੇ ਯੋਗ ਕਿਸਾਨਾਂ ਨੂੰ ਬਿਨ੍ਹਾਂ ਕਿਸੇ ਵਿਤਕਰੇ ਦੇ ਇਸ ਕਰਜ਼ਾ ਰਾਹਤ ਸਕੀਮ ਤਹਿਤ ਕਰੀਬ 8 ਹਜ਼ਾਰ ਕਰੋੜ ਰੁਪਏ ਦਾ ਲਾਭ ਦੇ ਕੇ ਉਨ੍ਹਾਂ ਦੀ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦੀਆਂ ਨਾ ਹੀ ਕੈਪਟਨ ਸਰਕਾਰ ਅਜਿਹਾ ਕਰਦੀ ਹੈ, ਜਿਸ ਲਈ ਸੂਬੇ ਦੇ ਹਰ ਖੇਤਰ ‘ਚ ਬਿਨ੍ਹਾਂ ਵਿਤਕਰੇ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ ਜਦੋਂਕਿ ਪਿਛਲੇ 10 ਸਾਲਾਂ ‘ਚ ਜਰੂਰ ਵਿਤਕਰਾ ਹੋਇਆ ਸੀ, ਜਿਸ ਨੂੰ ਉਨ੍ਹਾਂ ਦੀ ਸਰਕਾਰ ਨੇ ਦੂਰ ਕੀਤਾ ਹੈ।
ਸਿਹਤ ਮੰਤਰੀ ਨੇ ਇਸ ਮੌਕੇ ਜਿੱਥੇ ਨਵੀਆਂ ਚੁਣੀਆਂ ਪੰਚਾਇਤਾਂ ਸਮੇਤ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਦੇ ਵਿਕਾਸ ‘ਚ ਆਪਣਾ ਅਹਿਮ ਯੋਗਦਾਨ ਪਾਉਣ ਲਈ ਸਭਨਾ ਨੂੰ ਨਾਲ ਲੈ ਕੇ ਚੱਲਣ, ਉਥੇ ਹੀ ਉਨ੍ਹਾਂ ਨੇ ਪੰਚਾਇਤਾਂ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਇਨ੍ਹਾਂ ਨਵੇਂ ਚੁਣੇ ਨੁਮਾਇੰਦਿਆਂ ਦੇ ਰਾਹ ਦਸੇਰਾ ਬਣਕੇ ਆਪਣੇ ਕਰਤੱਬ ਨਿਭਾਉਣ।
ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਹਲਕੇ ਪਟਿਆਲਾ ਦਿਹਾਤੀ ‘ਚ ਸਰਵਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਜਿੱਥੇ 5 ਲੱਖ ਰੁਪਏ ਪੰਜਾਬ ਸਰਕਾਰ ਤੋਂ ਗ੍ਰਾਂਟ ਦਿਵਾਉਣਗੇ ਉਥੇ ਹੀ ਆਪਣੇ ਕੋਟੇ ‘ਚੋਂ ਵੀ 5 ਲੱਖ ਰੁਪਏ ਦੇਣਗੇ। ਇਸ ਲਈ ਪੰਚਾਇਤਾਂ ਅਪਣੇ ਵਿਕਾਸ ਕੰਮਾਂ ਦੀਆਂ ਸੂਚੀਆਂ ਤਿਆਰ ਕਰਨ ਅਤੇ 31 ਮਾਰਚ ਤੋਂ ਪਹਿਲਾਂ ਪਹਿਲਾਂ ਆਪਣੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ।
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫੀ ਦੇ ਅਗਲੇ ਪੜਾਵਾਂ ਵਿੱਚ ਬੇਜ਼ਮੀਨੇ ਕਾਮਿਆਂ ਦਾ ਕਰਜ਼ਾ ਮੁਆਫ ਕਰਨ ਪ੍ਰਤੀ ਵੀ ਵਚਨਬੱਧਤਾ ਜ਼ਾਹਰ ਕੀਤੀ ਹੈ, ਜਿਸ ਤਹਿਤ ਇਸ ਸਕੀਮ ਦਾ ਉਨ੍ਹਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਤੀਜੇ ਪੜਾਅ ਵਿੱਚ ਸਹਿਕਾਰੀ ਬੈਂਕਾਂ ਨਾਲ ਜੁੜੇઠ2.15ઠਲੱਖ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਮੁਹੱਈਆ ਕਰਵਾਈ ਜਾਵੇਗੀ ਜਦਕਿ ਚੌਥੇ ਪੜਾਅ ਵਿੱਚ ਵਪਾਰਕ ਬੈਂਕਾਂ ਦੇ 50752 ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ।
ਇਸ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਦਾ ਸਵਾਗਤ ਕਰਦਿਆਂ ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਦੇ ਐਮ.ਡੀ. ਸ. ਗੁਰਬਾਜ ਸਿੰਘ, ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਦੇ 11631 ਕਿਸਾਨਾਂ ਨੂੰ ਇਸ ਤੀਜੇ ਪੜਾਅ ਤਹਿਤ 99.65 ਕਰੋੜ ਰੁਪਏ ਦੀ ਰਾਹਤ ਮਿਲੀ ਹੈ ਜਦੋਂਕਿ ਇਸ ਤੋਂ ਪਹਿਲਾਂ ਸਹਿਕਾਰੀ ਬੈਂਕਾਂ ਨਾਲ ਜੁੜੇ 23926 ਕਿਸਾਨਾਂ ਨੂੰ 149.28 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਸੀ।
ਇਸ ਸਮਾਗਮ ਦੌਰਾਨ ਪਟਿਆਲਾ ਦਿਹਾਤੀ ਹਲਕੇ ਦੇ ਕਰੀਬ 50 ਪਿੰਡਾਂ ਤੋਂ ਪੁੱਜੇ ਵੱਡੀ ਗਿਣਤੀ ਕਿਸਾਨਾਂ ਸਮੇਤ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਸੰਤ ਬਾਂਗਾ, ਬਲਾਕ ਪ੍ਰਧਾਨ ਸ੍ਰੀ ਨੰਦ ਲਾਲ ਗੁਰਾਬਾ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਸ੍ਰੀ ਬਹਾਦਰ ਖ੍ਰਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਧੀਰ ਸਿੰਘ ਖਲੀਫ਼ੇਵਾਲ, ਬਲਾਕ ਪ੍ਰਧਾਨ ਆਲੋਵਾਲ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ. ਹੁਸ਼ਿਆਰ ਸਿੰਘ ਕੈਦੂਪੁਰ, ਬਲਾਕ ਸੰਮਤੀ ਮੈਂਬਰ ਰਘਬੀਰ ਸਿੰਘ ਰੋਹਟੀ, ਹਰਬੀਰ ਸਿੰਘ ਢੀਂਡਸਾ, ਲਖਵਿੰਦਰ ਸਿੰਘ ਲੱਖਾ, ਗੁਰਧਿਆਨ ਸਿੰਘ ਬਾਰਨ, ਕੇਵਲ ਸਿੰਘ, ਰਾਜਬੀਰ ਸਿੰਘ ਨੰਦਪੁਰ ਕੇਸ਼ੋ, ਨਾਹਰ ਸਿੰਘ ਮਾਨ, ਹਰਚੰਦ ਸਿੰਘ ਬਾਰਨ, ਸੁਖਪਾਲ ਸਿੰਘ ਸਿੱਧੂਵਾਲ, ਗੁਰਕ੍ਰਿਪਾਲ ਸਿੰਘ ਕਸਿਆਣਾ, ਸਿਤਾਰ ਮੁਹੰਮਦ ਰੋਗਲਾ, ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਦੇ ਐਮ.ਡੀ. ਸ. ਗੁਰਬਾਜ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰਤਾ ਵਿਭਾਗ ਸ. ਬਲਜਿੰਦਰ ਸਿੰਘ ਸੂਚ, ਸਹਿਕਾਰੀ ਬੈਂਕ ਦੇ ਡੀ.ਐਮ. ਸ੍ਰੀ ਭਾਸਕਰ ਕਟਾਰੀਆ, ਸਾਬਕਾ ਸੀਨੀਅਰ ਮੈਨੇਜਰ ਜੀਤ ਸਿੰਘ ਨਿਰਮਾਣ, ਡੀ.ਐਸ.ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ, ਐਸ.ਐਚ.ਓ. ਥਾਣਾ ਸਬਜ਼ੀ ਮੰਡੀ ਹੈਰੀ ਬੋਪਾਰਾਏ ਸਮੇਤ ਹੋਰ ਅਧਿਕਾਰੀ, ਕੌਂਸਲਰ ਐਡਵੋਕੇਟ ਹਰਵਿੰਦਰ ਸ਼ੁਕਲਾ ਸਮੇਤ ਹੋਰ ਪਤਵੰਤੇ ਮੌਜੂਦ ਸਨ।