Dr.Harjinder Singh joins as Principal Govt Medical College Patiala

February 16, 2019 - PatialaPolitics

ਪਿਸ਼ਾਬ ਰੋਗਾਂ ਦੇ ਉੱਘੇ ਮਾਹਰ ਡਾਕਟਰ ਹਰਜਿੰਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਹਰਜਿੰਦਰ ਸਿੰਘ ਪਿਛਲੇ 23 ਸਾਲਾਂ ਦੇ ਵਕਫ਼ੇ ਤੋਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਹ ਮੈਡੀਕਲ ਖੇਤਰ ਦੀ ਉਚ ਯੋਗਤਾ ਐਮ.ਸੀ.ਐਚ. ਪ੍ਰਾਪਤ ਸੁਪਰ-ਸਪੈਸ਼ਿਲਿਸਟ ਹਨ।

ਮੈਡੀਕਲ ਸਿੱਖਿਆ ‘ਚ ਸਭ ਤੋਂ ਸੀਨੀਅਰ ਤੇ ਮਾਹਰ ਡਾ. ਹਰਜਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਉਨ੍ਹਾਂ ਉਪਰ ਪ੍ਰਗਟਾਏ ਗਏ ਭਰੋਸੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਬ੍ਰਹਮ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਪੁਰਾਣੀ ਸ਼ਾਖ ਨੂੰ ਬਹਾਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਰਜਿੰਦਰਾ ਹਸਪਤਾਲ ਵਿਖੇ ਸੁਪਰ ਸਪੈਸ਼ਲਿਟੀ ਬਲਾਕ ਨੂੰ ਜਲਦੀ ਚਲਾਉਣਾ ਉਨ੍ਹਾਂ ਦੀ ਪਹਿਲ ਕਦਮੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਸਪਤਾਲ ਵਿਖੇ ਬੁਨਿਆਦੀ ਢਾਂਚਾ ਉਪਲਬਧ ਕਰਵਾ ਦਿੱਤਾ ਹੈ ਅਤੇ ਹੁਣ ਇਸ ਨੂੰ ਵਰਤੋਂ ਵਿੱਚ ਲਿਆਉਣਾਂ ਉਨ੍ਹਾਂ ਦੀ ਜਿੰਮੇਵਾਰੀ ਹੈ। ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਐਮ.ਸੀ.ਆਈ. ਦੀ ਹਾਲ ਹੀ ਦੌਰਾਨ ਆਈ ਟੀਮ ਨੇ ਵੀ ਇਸ ‘ਤੇ ਤਸੱਲੀ ਪ੍ਰਗਟਾਈ ਕਿ ਹਸਪਤਾਲ ‘ਚ ਨਵੀਂਆਂ ਇਮਾਰਤਾਂ ਬਣ ਗਈਆਂ ਹਨ, ਜਿਨ੍ਹਾਂ ਨੂੰ ਵਰਤੋਂ ‘ਚ ਲਿਆਂਦਾ ਜਾਵੇਗਾ।
ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਵਿਖੇ ਸੁਪਰ ਸਪੈਸ਼ਲਿਟੀ ਬਲਾਕ ਤਿਆਰ ਹੁੰਦਿਆਂ ਹੀ ਇੱਥੇ ਯੁਰੋਲੋਜੀ, ਕਾਰਡੀਓਲੋਜੀ, ਨੈਫ਼ਰੋਲੋਜੀ, ਡਾਇਲਿਸਿਸ ਸੈਂਟਰ, ਬਾਅਦ ‘ਚ ਨਿਉਰੋਲੋਜੀ, ਕਾਰਡੀਓਥੋਰੈਸਿਕ ਦੇ ਮਾਹਰ ਆਉਣ ‘ਤੇ ਤਬਦੀਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਵੀ ਇਹੋ ਪਹਿਲ ਕਦਮੀ ਹੈ ਕਿ ਰਜਿੰਦਰਾ ਹਸਪਤਾਲ ਨੂੰ ਸਭ ਤੋਂ ਬਿਹਤਰ ਹਸਪਤਾਲ ਬਣਾਇਆ ਜਾਵੇ, ਜਿਸ ਲਈ ਉਹ ਸਿਹਤ ਮੰਤਰੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਨੂੰ ਸਿਰਕੱਢ ਸੰਸਥਾ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡਣਗੇ।