Last Rites of Flight Lieutenant Mohit Garg
June 21, 2019 - PatialaPolitics
ਅੱਜ ਸ਼ਹਿਰ ਸਮਾਣਾ ਦਾ ਮਾਹੌਲ ਉਸ ਵੇਲੇ ਗ਼ਮਗੀਨ ਹੋ ਗਿਆ ਜਦੋਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਇੱਥੋਂ ਦੇ ਸਮਸ਼ਾਨਘਾਟ ਵਿਖੇ ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਫਲਾਇਟ ਲੈਫਟੀਨੈਂਟ ਸ੍ਰੀ ਮੋਹਿਤ ਕੁਮਾਰ ਗਰਗ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਸ੍ਰੀ ਗਰਗ ਪਿਛਲੇ ਦਿਨੀਂ ਭਾਰਤੀ ਹਵਾਈ ਸੈਨਾ ਦੇ ਐਨ.ਏ 32 ਜਹਾਜ ਨੂੰ ਅਸਾਮ ਦੇ ਜੋਰਾਹਟ ਖੇਤਰ ‘ਚ ਹਾਦਸਾ ਪੇਸ਼ ਆਉਣ ਕਾਰਨ ਸ਼ਹੀਦ ਹੋ ਗਏ ਸਨ ਤੇ ਅੱਜ ਭਾਰਤੀ ਹਵਾਈ ਫ਼ੌਜ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਤਾਬੂਤ ਪੂਰੇ ਸਰਕਾਰੀ ਸਨਮਾਨਾਂ ਸਹਿਤ ਕੌਮੀ ਝੰਡੇ ਤਿਰੰਗੇ ‘ਚ ਲਪੇਟ ਕੇ ਸਮਾਣਾ ਵਿਖੇ ਲਿਆਂਦਾ ਗਿਆ ਸੀ।
ਇਸ ਦੌਰਾਨ ਸ਼ਹੀਦ ਫਲਾਇਟ ਲੈਫ਼ਟੀਨੈਂਟ ਮੋਹਿਤ ਕੁਮਾਰ ਗਰਗ ਦਾ ਅੰਤਿਮ ਸਸਕਾਰ ਪੂਰੀਆਂ ਧਾਰਮਿਕ ਰਹੁ ਰੀਤਾਂ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਸ੍ਰੀ ਅਸ਼ਵਨੀ ਗਰਗ ਨੇ ਦਿਖਾਈ। ਉਹ ਆਪਣੇ ਪਿਤਾ ਸ੍ਰੀ ਸੁਰਿੰਦਰਪਾਲ ਗਰਗ, ਮਾਤਾ ਸ੍ਰੀਮਤੀ ਸੁਲੋਚਨਾ ਦੇਵੀ ਅਤੇ ਧਰਮ ਪਤਨੀ ਸ੍ਰੀਮਤੀ ਆਸਥਾ ਗਰਗ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਸ਼ਹੀਦ ਫਲਾਇਟ ਲੈਫ਼ਟੀਨੈਟ ਦੇ ਅੰਤਿਮ ਸਸਕਾਰ ਮੌਕੇ ਭਾਰਤੀ ਹਵਾਈ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਦੌਰਾਨ ਭਾਰਤੀ ਹਵਾਈ ਸੈਨਾ, 43 ਸੁਕੈਂਡਰਨ, ਜਿਸ ‘ਚ ਕਿ ਸ਼ਹੀਦ ਸੇਵਾ ਨਿਭਾ ਰਿਹਾ ਸੀ, ਦੇ ਫ਼ਲਾਇੰਗ ਕਮਾਂਡਰ, ਗਰੁੱਪ ਕੈਪਟਨ ਐਮ. ਅਭਿਮਾਨ ਨੇ ਭਾਵੁਕਤਾ ਭਰੇ ਮਾਹੌਲ ‘ਚ ਸ਼ਹੀਦ ਦੀ ਕੈਪ, ਮੈਡਲ ਅਤੇ ਉਸਦੀ ਦੇਹ ਦੇ ਤਾਬੂਤ ਦੁਆਲੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੀ ਧਰਮ ਪਤਨੀ ਸ੍ਰੀਮਤੀ ਆਸਥਾ ਗਰਗ ਨੂੰ ਸੌਂਪਕੇ ਸਲਾਮੀ ਦਿੱਤੀ।
ਇਸ ਤੋਂ ਪਹਿਲਾਂ ਸ਼ਹੀਦ ਦੀ ਮ੍ਰਿਤਕ ਦੇਹ ‘ਤੇ ਭਾਰਤੀ ਹਵਾਈ ਫ਼ੌਜ ਦੇ ਏਅਰ ਚੀਫ਼ ਮਾਰਸ਼ਲ, ਚੀਫ਼ ਆਫ਼ ਏਅਰ ਸਟਾਫ਼ ਬੀ.ਐਸ. ਧਨੋਆ ਦੀ ਤਰਫ਼ੋਂ ਗਰੁੱਪ ਕੈਪਟਨ ਐਸ.ਐਸ. ਕੈਲਾ ਨੇ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਨੇ ਸ਼ਹੀਦ ਦੀ ਦੇਹ ‘ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਲੋਕ ਸਭਾ ਮੈਂਬਰ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਅਤੇ ਸ੍ਰੀ ਬਲਵਿੰਦਰ ਸਿੰਘ ਨੇ ਰੀਥ ਰੱਖੀ।
ਇਸੇ ਦੌਰਾਨ ਏਅਰ ਆਫ਼ਿਸਰ ਕਮਾਂਡਿੰਗ ਹੈਡ ਕੁਆਰਟਰਜ ਡਬਲਿਯੂ.ਏ.ਸੀ. ਏਅਰ ਮਾਰਸ਼ਲ ਨਾਮਬਿਆਰ ਦੀ ਤਰਫ਼ੋਂ ਵਿੰਗ ਕਮਾਂਡਰ ਅਮਨ ਵਿਰਕ ਨੇ, ਸਟੇਸ਼ਨ ਕਮਾਂਡਰ ਏਅਰ ਫੋਰਸ ਸਟੇਸ਼ਨ ਪਟਿਆਲਾ ਦੀ ਤਰਫ਼ੋਂ ਸੁਕੈਂਡਰਨ ਲੀਡਰ ਰਾਹੁਲ ਨੇ, ਸਟੇਸ਼ਨ ਮਾਸਟਰ ਵਾਰੰਟ ਅਫ਼ਸਰ ਦੀ ਤਰਫ਼ੋਂ ਐਮ.ਡਬਲਯੂ.ਓ. ਬੀ.ਕੇ. ਸਿੰਘ ਨੇ ਰੀਥਾਂ ਰੱਖੀਆਂ।
ਜਦੋਂਕਿ ਹਲਕਾ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ, ਸਾਬਕਾ ਸੂਚਨਾ ਕਮਿਸ਼ਨਰ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਤਰਫ਼ੋਂ ਐਸ.ਪੀ. ਸ. ਹਰਮੀਤ ਸਿੰਘ ਹੁੰਦਲ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ ਤੇ ਤਹਿਸੀਲਦਾਰ ਸ੍ਰੀ ਸੰਦੀਪ ਸਿੰਘ ਨੇ ਵੀ ਰੀਥਾਂ ਰੱਖਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਤੋਂ ਇਲਾਵਾ ਪੀ.ਪੀ.ਐਸ. ਸਕੂਲ ਨਾਭਾ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੇ ਵੀ ਰੀਥਾਂ ਰੱਖਕੇ ਸ਼ਰਧਾਂਜਲੀ ਭੇਟ ਕੀਤੀ।
ਸ਼ਹੀਦ ਮੋਹਿਤ ਗਰਗ ਦੇ ਅੰਤਮ ਸਸਕਾਰ ਮੌਕੇ ਭਾਰਤੀ ਹਵਾਈ ਸੈਨਾ, ਪੰਜਾਬ ਸਰਕਾਰ, ਜ਼ਿਲ੍ਹਾ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਸਮੇਤ ਸਿਆਸੀ, ਸਮਾਜਿਕ, ਧਾਰਮਿਕ ਸੰਸਥਾਵਾਂ ਵੱਲੋਂ ਹਾਜ਼ਰ ਹੋਈਆਂ ਅਹਿਮ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਆਮ ਲੋਕਾਂ ਵੱਲੋਂ ਸ਼ਹੀਦ ਨੂੰ ”ਭਾਰਤ ਮਾਤਾ ਕੀ ਜੈ ਤੇ ਸ਼ਹੀਦ ਫਲਾਇਟ ਲੈਫ਼ਟੀਨੈਂਟ ਮੋਹਿਤ ਗਰਗ ਅਮਰ ਰਹੇ” ਦੇ ਨਾਅਰੇ ਲਾਉਂਦਿਆਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।
ਇਸ ਦੌਰਾਨ ਸ਼ਹਿਰ ਸਮਾਣਾਂ ਦੇ ਬਾਜ਼ਾਰ ਬੰਦ ਰਹੇ ਅਤੇ ਸਥਾਨਕ ਵਸਨੀਕਾਂ ਨੇ ਸ਼ਹੀਦ ਦੇ ਅੰਤਿਮ ਸਸਕਾਰ ਦੀ ਰਸਮ ਮੌਕੇ ਸ਼ਹੀਦ ਦੀ ਦੇਹ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸ਼ਹੀਦ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ਼ਹੀਦ ਦੇ ਫੁੱਲ ਚੁਗਣ ਦੀ ਰਸਮ ਸਮਸ਼ਾਨ ਘਾਟ ਸਮਾਣਾ ਵਿਖੇ ਐਤਵਾਰ 23 ਜੂਨ ਨੂੰ ਸਵੇਰੇ 7 ਵਜੇ ਹੋਵੇਗੀ ਅਤੇ ਉਸ ਨਮਿਤ ਰਸਮ ਪਗੜੀ ਤੇ ਸ਼ਰਧਾਂਜਲੀ ਸਮਾਰੋਹ 3 ਜੁਲਾਈ ਦਿਨ ਬੁੱਧਵਾਰ ਨੂੰ ਸਮਰਾਟ ਪੈਲੇਸ, ਸਮਾਣਾ-ਪਟਿਆਲਾ ਰੋਡ ਵਿਖੇ ਦੁਪਹਿਰ 01.00 ਤੋਂ 02.00 ਵਜੇ ਤੱਕ ਹੋਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਦੇ ਨਾਲ ਖੜੀ ਹੈ। ਉਨ੍ਹਾਂ ਅਰਦਾਸ ਕੀਤੀ ਕਿ ਪਰਮਾਤਮਾ ਸ਼ਹੀਦ ਮੋਹਿਤ ਗਰਗ ਨੂੰ ਆਪਣੇ ਚਰਨਾ ‘ਚ ਨਿਵਾਸ ਦੇਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ।
ઠઠઠઠઠઠ ਇਸ ਦੌਰਾਨઠਸ਼ਹੀਦ ਦੇ ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਰਿਸ਼ੀਪਾਲ ਗਰਗ, ਸ੍ਰੀ ਕੇਵਲ ਗਰਗ, ਸ੍ਰੀ ਰਾਮੇਸ਼ਵਰ ਗਰਗ, ਡਾ. ਪ੍ਰੇਮ ਪਾਲ ਗਰਗ, ਸ੍ਰੀ ਪਵਨ ਸ਼ਾਸਤਰੀ, ਸ੍ਰੀ ਗੋਪਾਲ ਕ੍ਰਿਸ਼ਨ ਗਰਗ, ਸ੍ਰੀ ਵਿਜੈ ਅਗਰਵਾਲ, ਸ੍ਰੀ ਅਸ਼ੋਕ ਮੋਦਗਿਲ, ਸ੍ਰੀ ਸ਼ਿਵ ਕੁਮਾਰ ਘੱਗਾ, ਐਡਵੋਕੇਟ ਅਸ਼ਵਨੀ ਗੁਪਤਾ, ਡੀ.ਐਸ.ਪੀ. ਸਮਾਣਾ ਸ. ਜਸਵੰਤ ਸਿੰਘ ਮਾਂਗਟ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਸੇਵਾ ਮੁਕਤ ਬਲਜਿੰਦਰ ਸਿੰਘ ਵਿਰਕ ਅਤੇ ਸਥਾਨਕ ਵਸਨੀਕ ਤੇ ਹੋਰ ਪਤਵੰਤੇ ਵੀ ਵੱਡੀ ਗਿਣਤੀ ‘ਚ ਹਾਜ਼ਰ ਸਨ।