Naib Subedar Mandeep Singh of Patiala martyred in India China faceoff

June 17, 2020 - PatialaPolitics


ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੀਲ ਦਾ ਮਾਹੌਲ ਉਸ ਵੇਲੇ ਗ਼ਮਗੀਨ ਹੋ ਗਿਆ ਜਦੋਂ ਭਾਰਤੀ ਫ਼ੌਜ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਤਾਬੂਤ ਪਟਿਆਲਾ ਦੇ ਮਿਲਟਰੀ ਏਰੀਆ ਤੋਂ ਪੂਰੇ ਫ਼ੌਜੀ ਸਨਮਾਨਾਂ ਸਹਿਤ ‘ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਇੱਕ ਕਾਫ਼ਲੇ ਦੇ ਰੂਪ ‘ਚ ਪਿੰਡ ਸੀਲ ਵਿਖੇ ਲਿਆਂਦਾ ਗਿਆ। ਸ਼ਹੀਦ ਮਨਦੀਪ ਸਿੰਘ ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ ‘ਤੇ ਸਥਿਤ ਗਲਵਾਨ ਘਾਟੀ ਵਿਖੇ ਚੀਨ ਦੀਆਂ ਫ਼ੌਜਾਂ ਨਾਲ ਮੁੱਠਭੇੜ ‘ਚ ਹੋਰ ਭਾਰਤੀ ਫ਼ੌਜੀਆਂ ਸਮੇਤ ਸ਼ਹਾਦਤ ਦਾ ਜਾਮ ਪੀ ਗਏ ਸਨ।
ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਪਿੰਡ ਸੀਲ ਦੇ ਸਮਸ਼ਾਨਘਾਟ ਵਿਖੇ ਮਾਹੌਲ ਉਸ ਵੇਲੇ ਭਾਵੁਕਤਾ ਨਾਲ ਭਰ ਗਿਆ ਜਦੋਂ ਭਾਰਤੀ ਫ਼ੌਜ ਦੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 11 ਸਾਲਾ ਪੁੱਤਰ ਜੋਬਨਪ੍ਰੀਤ ਸਿੰਘ ਨੇ ਦਿਖਾਈ।
ਸ਼ਹੀਦ ਆਪਣੀ ਬਿਰਧ ਮਾਤਾ ਮਾਤਾ ਸ੍ਰੀਮਤੀ ਸ਼ਕੁੰਤਲਾ ਕੌਰ, ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ, ਪੁੱਤਰ ਜੋਬਨਪ੍ਰੀਤ ਸਿੰਘ ਅਤੇ ਪੁੱਤਰੀ ਮਹਿਕਪ੍ਰੀਤ ਕੌਰ, ਤਿੰਨ ਭੈਣਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੰਤਿਮ ਸਸਕਾਰ ਤੋਂ ਪਹਿਲਾਂ ਸ਼ਹੀਦ ਦੀ ਮਾਤਾ, ਧਰਮਪਤਨੀ ਅਤੇ ਬੱਚਿਆਂ ਨੇ ਸ਼ਹੀਦ ਨੂੰ ਸਲਿਊਟ ਨਾਲ ਸਲਾਮੀ ਦੇ ਕੇ ਦੇਸ਼ ਦੇ ਬਹਾਦਰ ਸ਼ਹੀਦ ਦੀ ਕੁਰਬਾਨੀ ਨੂੰ ਸ਼ਜਦਾ ਕੀਤਾ।
ਇਸ ਤੋਂ ਪਹਿਲਾਂ ਮ੍ਰਿਤਕ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਵਿਖੇ ਲਿਜਾਇਆ ਗਿਆ, ਜਿੱਥੇ ਉਸਦੇ ਦਸਤਾਰ ਬੰਨ੍ਹੀ ਗਈ। ਇਸ ਤੋਂ ਬਾਅਦ ਪਿੰਡ ਦੀ ਧਰਮਸ਼ਾਲਾ ਵਿਖੇ ਪਿੰਡ ਅਤੇ ਇਲਾਕੇ ਦੇ ਵੱਡੀ ਗਿਣਤੀ ਵਸਨੀਕਾਂ ਵੱਲੋਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਸ਼ਹੀਦ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ਼ਹੀਦ ਦੇ ਫੁੱਲ ਚੁਗਣ ਦੀ ਰਸਮ ਪਿੰਡ ਸੀਲ ਦੇ ਸਮਸ਼ਾਨ ਘਾਟ ਵਿਖੇ 19 ਜੂਨ ਨੂੰ ਸਵੇਰੇ 9 ਵਜੇ ਹੋਵੇਗੀ।
ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਅੰਤਿਮ ਸਸਕਾਰ ਮੌਕੇ ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਦੌਰਾਨ ਭਾਰਤੀ ਸੈਨਾ, 3 ਮੀਡੀਅਮ ਆਰਟਲਰੀ, ਜਿਸ ‘ਚ ਕਿ ਸ਼ਹੀਦ ਸੇਵਾ ਨਿਭਾ ਰਿਹਾ ਸੀ, ਦੇ ਸੂਬੇਦਾਰ ਲਖਵਿੰਦਰ ਸਿੰਘ ਅਤੇ ਹੋਰ ਫ਼ੌਜੀ ਅਧਿਕਾਰੀਆਂ ਨੇ ਭਾਵੁਕਤਾ ਭਰੇ ਮਾਹੌਲ ‘ਚ ਸ਼ਹੀਦ ਦੀ ਦੇਹ ਦੇ ਤਾਬੂਤ ਦੁਆਲੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੀ ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ ਅਤੇ ਬੱਚਿਆਂ ਨੂੰ ਸੌਂਪਕੇ ਸਲਾਮੀ ਦਿੱਤੀ।
ਇਸ ਤੋਂ ਪਹਿਲਾਂ ਸ਼ਹੀਦ ਦੀ ਮ੍ਰਿਤਕ ਦੇਹ ‘ਤੇ ਭਾਰਤੀ ਫ਼ੌਜ ਦੇ ਮੁਖੀ ਦੀ ਤਰਫ਼ੋਂ ਪਟਿਆਲਾ ਬ੍ਰਿਗੇਡ ਦੇ ਬ੍ਰਿਗੇਡੀਅਰ ਸ੍ਰੀ ਅਤੁਲ ਭੱਟ ਨੇ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਾਰਮੋਸਤ ਨੇ ਸ਼ਹੀਦ ਦੀ ਦੇਹ ‘ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਲੋਕ ਸਭਾ ਮੈਂਬਰ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਰਾਜ ਕੁਮਾਰ ਅਤੇ ਸ੍ਰੀ ਬਲਵਿੰਦਰ ਸਿੰਘ ਨੇ ਰੀਥ ਰੱਖੀ। ਇਸ ਤੋਂ ਇਲਾਵਾ ਟੂ ਕੋਰ ਕਮਾਂਡਰ ਅੰਬਾਲਾ ਦੀ ਤਰਫ਼ੋਂ ਕਰਨਲ ਉਠੱਈਆ, ਵਨ ਆਰਮਡ ਡਵੀਜਨ ਪਟਿਆਲਾ ਦੇ ਜੀਓਸੀ ਦੀ ਤਰਫ਼ੋਂ ਕਰਨਲ ਮੋਹਿਤ ਚੋਪੜਾ, ਸਟੇਸ਼ਨ ਕਮਾਂਡਰ ਪਟਿਆਲਾ ਦੀ ਤਰਫ਼ੋਂ ਸੂਬੇਦਾਾਰ ਮੈਨਪਾਲ ਸਿੰਘ ਨੇ ਰੀਥਾਂ ਰੱਖੀਆਂ।