Patiala Politics

Latest Patiala News

Details of what Captain Govt done in 4 years by Sadhu Singh Dharamsot

March 19, 2021 - PatialaPolitics

ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ‘ਚ ਕੀਤੇ ਵਿਕਾਸ ਕਾਰਜਾਂ ਨੂੰ ਲਾਮਿਸਾਲ ਦੱਸਦਿਆਂ ਕਿਹਾ ਕਿ ਪਿਛਲੇ ਸਾਰੇ ਚੋਣ ਵਾਅਦੇ ਪੂਰੇ ਕਰਕੇ ਹੀ ਉਨ੍ਹਾਂ ਦੀ ਪਾਰਟੀ ਅਗਾਮੀ ਚੋਣਾਂ ‘ਚ ਮੁੜ ਵੋਟਾਂ ਮੰਗਣ ਲੋਕਾਂ ਕੋਲ ਜਾਵੇਗੀ। ਸ. ਸਾਧੂ ਸਿੰਘ ਧਰਮਸੋਤ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਦੱਸਣ ਬਾਰੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਧਰਮਸੋਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਦੀ ਪ੍ਰਵਾਹ ਨਾ ਕਰਦਿਆਂ ਕੇਂਦਰ ਸਰਕਾਰ ਦੇ ਕਾਲੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਇਤਿਹਾਸਕ ਕਦਮ ਚੁੱਕਦਿਆਂ ਪੰਜਾਬ ਵਿਧਾਨ ਸਭਾ ‘ਚ ਇਨ੍ਹਾਂ ਨੂੰ ਰੱਦ ਕੀਤਾ। ਜਦੋਂਕਿ ਕਿਸਾਨਾਂ ਦੇ ਹਮਦਰਦ ਬਣਨ ਦਾ ਦਿਖਾਵਾ ਕਰਨ ਵਾਲੇ ਅਕਾਲੀ ਦਲ ਨੇ ਆਪਣੀ ਭਾਈਵਾਲ ਭਾਜਪਾ ਦਾ ਸਾਥ ਦਿੰਦਿਆਂ ਇਨ੍ਹਾਂ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਸੰਸਦ ‘ਚ ਪਾਸ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਚਾਰ ਵਰ੍ਹਿਆਂ ‘ਚ ਨਵਾਂ ਨਰੋਆ ਪੰਜਾਬ ਸਿਰਜਿਆ ਹੈ ਅਤੇ ਉਹ ਹੀ ਅਸਲ ‘ਚ ਗਰੀਬਾਂ, ਕਿਸਾਨਾਂ ਅਤੇ ਪੰਜਾਬੀਆਂ ਦੇ ਹੱਕਾਂ ਦੇ ਰਾਖੇ ਬਣਕੇ ਸਾਹਮਣੇ ਆਏ ਹਨ।
ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੀ ਤੁਲਨਾ ਅਬਦਾਲੀ ਦੇ ਰਾਜ ਨਾਲ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਆਪਣੀ ਸਰਕਾਰ ‘ਚ ਕਿਸਾਨਾਂ ਨੂੰ ਫੁੱਟੀ ਕੌਡੀ ਵੀ ਨਾ ਦੇ ਸਕਣ ਵਾਲੇ ਬਾਦਲਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ 4700 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਨਜ਼ਰ ਨਹੀਂ ਆ ਰਹੀ। ਇਸ ਤੋਂ ਵੀ ਅੱਗੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਕਿਰਤੀਆਂ ਦੇ ਮੁਆਫ਼ ਕੀਤੇ 500 ਕਰੋੜ ਰੁਪਏ ਦੇ ਕਰਜੇ ਵੀ ਇਨ੍ਹਾਂ ਨੂੰ ਨਜ਼ਰ ਨਹੀਂ ਆ ਰਹੇ। ਜਦੋਂਕਿ 2002 ‘ਚ ਕੈਪਟਨ ਅਮਰਿੰਦਰ ਸਿੰਘ ਨੇ ਹੀ ਲੜਕੀਆਂ ਨੂੰ ਸ਼ਗਨ ਦੇ ਰੂਪ ‘ਚ 8000 ਰੁਪਏ ਅਸ਼ੀਰਵਾਦ ਦਿੱਤਾ ਸੀ, ਜਿਸਨੂੰ ਵਧਾਕੇ 51 ਹਜ਼ਾਰ ਰੁਪਏ ਵੀ ਹੁਣ ਉਨ੍ਹਾਂ ਦੀ ਸਰਕਾਰ ਨੇ ਹੀ ਕੀਤਾ ਹੈ। ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਵੀ ਕੈਪਟਨ ਸਰਕਾਰ ਨੇ ਹੀ 250 ਰੁਪਏ ਤੋਂ ਵਧਾ ਕੇ ਹੁਣ 1500 ਰੁਪਏ ਤੱਕ ਕਰ ਦਿੱਤੀ ਹੈ।
ਸ. ਸਾਧੂ ਸਿੰਘ ਧਰਮਸੋਤ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਦੱਸਿਆ ਕਿ ਸੂਬੇ ‘ਚ ਪੇਂਡੂ ਸੜਕਾਂ ਦੀ 10 ਸਾਲਾਂ ‘ਚ ਮੁਰੰਮਤ ਵੀ ਨਹੀਂ ਸੀ ਕਰਵਾਈ ਗਈ ਜਦੋਂਕਿ ਉਨ੍ਹਾਂ ਨੇ 400 ਕਰੋੜ ਰੁਪਏ ਇਸ ਕੰਮ ਲਈ ਖ਼ਰਚੇ। ਮੰਡੀ ਗੋਬਿੰਦਗੜ੍ਹ ‘ਚ 10 ਸਾਲਾਂ ਤੋਂ ਬੰਦ ਪਈ ਇੰਡਸਟਰੀ ਦੀਆਂ ਚਿਮਨੀਆਂ ‘ਚੋਂ ਧੂੰਆਂ ਵੀ ਪਿਛਲੇ 4 ਸਾਲਾਂ ‘ਚ ਹੀ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤੇ ਵਿਦਿਆਰਥੀਆਂ ਨੂੰ ਮੁਬਾਇਲ ਫੋਨ ਦੇਣ ਸਮੇਤ ਨਸ਼ਿਆਂ ਦਾ ਲੱਕ ਤੋੜਨ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਹਰ ਇੱਕ ਵਾਅਦਾ ਪੂਰਾ ਕਰਨ ਲਈ ਲਾਮਿਸਾਲ ਕਦਮ ਪੁੱਟੇ ਹਨ। ਉਨ੍ਹਾਂ ਕਿਹਾ ਕਿ ਰਾਜ ਅੰਦਰ ਚੱਲ ਰਹੇ ਸਾਰੇ ਵਿਕਾਸ ਪ੍ਰਾਜੈਕਟ ਮਿੱਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਹੋਣਗੇ ਅਤੇ ਕਿਸੇ ਵੀ ਪ੍ਰਾਜੈਕਟ ਲਈ ਫੰਡਾਂ ਦੀ ਕੋਈ ਤੋਟ ਨਹੀਂ ਹੈ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਪਿਛਲੇ 4 ਸਾਲਾਂ ‘ਚ ਜੰਗਲਾਤ ਵਿਭਾਗ ਦੀ 25 ਹਜ਼ਾਰ ਏਕੜ ਜਮੀਨ ਤੋਂ ਨਾਜਾਇਜ਼ ਕਬਜੇ ਛੁਡਵਾ ਕੇ ਜੰਗਲਾਂ ਹੇਠਾਂ ਰਕਬਾ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਮੁਕਾਬਲੇ ਕੇਵਲ 4 ਸਾਲਾਂ ‘ਚ ਹੀ ਲਾਮਿਸਾਲ ਵਿਕਾਸ ਕਾਰਜ ਕਰਵਾਏ ਹਨ। ਸ. ਧਰਮਸੋਤ ਨੇ ਪਟਿਆਲਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਪਟਿਆਲਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣਾ ਬੀੜਾ ਉਠਾਇਆ ਹੈ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਪੀਣ ਵਾਲੇ ਨਹਿਰੀ ਪਾਣੀ, ਰਾਜਿੰਦਰਾ ਝੀਲ, ਨਵਾਂ ਬੱਸ ਅੱਡਾ, ਵਿਰਾਸਤੀ ਸਟਰੀਟ, ਦੋ ਯੂਨੀਵਰਸਿਟੀਆਂ ਬਣਾਉਣ ਤੋਂ ਇਲਾਵਾ ਹੋਰ ਘਨੌਰ ਹਲਕੇ ‘ਚ ਆਈ.ਟੀ. ਪਾਰਕ ਬਣਾਏ ਜਾਣ ਦਾ ਵਿਸ਼ੇਸ਼ ਜਿਕਰ ਕੀਤਾ।
ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਹਰਿੰਦਰਪਾਲ ਸਿੰਘ ਹੈਰੀਮਾਨ, ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਨਿਰਭੈ ਸਿੰਘ ਮਿਲਟੀ ਕੰਬੋਜ, ਨਗਰ ਸੁਧਾਰ ਟਰਸਟ ਚੇਅਰਮੈਨ ਸੰਤ ਬਾਂਗਾ, ਪੰਜਾਬ ਲਾਰਜ ਸਕੇਲ ਇੰਡਸਟਰੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਕੇ.ਕੇ. ਸਹਿਗਲ, ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ, ਪਲਗ੍ਰੇਨ ਦੇ ਡਾਇਰੈਕਟਰ ਰਜਨੀਸ਼ ਸ਼ੋਰੀ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਚੇਅਰਮੈਨ ਜਸਵੀਰ ਇੰਦਰ ਸਿੰਘ ਢੀਂਡਸਾ, ਪੰਜਾਬ ਰਾਮਗੜ੍ਹੀਆ ਭਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਸੱਗੂ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਅਨੁਜ ਖੋਸਲਾ, ਗੁਰਮੀਤ ਸਿੰਘ ਮੋਹਣੀ ਜੱਸੋਵਾਲ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਇਸਮਤ ਵਿਜੇ ਸਿੰਘ, ਮੰਤਰੀ ਦੇ ਓ.ਐਸ.ਡੀ. ਚਮਕੌਰ ਸਿੰਘ ਵੀ ਮੌਜੂਦ ਸਨ।