Patiala: Awareness and public policy internship programs will be launched to expose students to government offices

Patiala: Awareness and public policy internship programs will be launched to expose students to government offices

ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਨਿਵੇਕਲੀ ਪਹਿਲ

 

-ਵਿਦਿਆਰਥੀਆਂ ਨੂੰ ਸਰਕਾਰੀ ਦਫ਼ਤਰਾਂ ਨਾਲ ਰੂਬਰੂ ਕਰਵਾਉਣ ਲਈ ਚੇਤਨਾ ਤੇ ਪਬਲਿਕ ਪਾਲਿਸੀ ਇੰਟਰਨਸ਼ਿਪ ਪ੍ਰੋਗਰਾਮ ਹੋਣਗੇ ਸ਼ੁਰੂ

 

-ਆਈ.ਟੀ.ਆਈਜ ਤੇ ਤਕਨੀਕੀ ਸੰਸਥਾਵਾਂ ਨੂੰ ਉਦਯੋਗਾਂ ਦੀ ਮੰਗ ਮੁਤਾਬਕ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਨਿਰਦੇਸ਼

 

-ਨਵਜਨਮੇ ਬੱਚਿਆਂ ਤੇ ਜਣੇਪੇ ਬਾਅਦ ਮਾਵਾਂ ਦੀ ਦੇਖਭਾਲ ਲਈ ਮਹਿਲਾ ਉਮੀਦਵਾਰਾਂ ਲਈ ਜਾਪਾ ਮੇਡ ਦੀ ਦਿੱਤੀ ਜਾਵੇਗੀ ਹੁਨਰ ਸਿਖਲਾਈ

 

ਪਟਿਆਲਾ, 12 ਮਈ:

 

ਪਟਿਆਲਾ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਕਾਰਗੁਜ਼ਾਰੀ ਤੋਂ ਜਾਣੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ‘ਚੇਤਨਾ’ ਤੇ ‘ਪਬਲਿਕ ਪਾਲਿਸੀ ਇੰਟਰਨਸ਼ਿਪ ਪ੍ਰੋਗਰਾਮ’ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਪ੍ਰੋਗਰਾਮਾਂ ਦਾ ਲਾਭ ਵੱਧ ਤੋਂ ਵੱਧ ਵਿਦਿਆਰਥਂਆਂ ਤੱਕ ਪੁੱਜਦਾ ਕਰਨ ਲਈ ਜ਼ਿਲ੍ਹੇ ਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਨਾਲ ਜੋੜਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਹੈ।

 

ਅੱਜ ਇੱਥੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਚੇਤਨਾ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੂਹਾਂ ਦੇ ਰੂਪ ‘ਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਦਫ਼ਤਰਾਂ ਦੇ ਰੂਬਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਲੋੜ ਪੈਣ ‘ਤੇ ਸਰਕਾਰੀ ਦਫ਼ਤਰਾਂ ਤੇ ਸੇਵਾ ਕੇਂਦਰਾਂ ਵਿੱਚੋਂ ਸੁਖਾਲੇ ਢੰਗ ਨਾਲ ਪ੍ਰਸ਼ਾਸਨਿਕ ਸੇਵਾਵਾਂ ਪ੍ਰਾਪਤ ਕਰਨ ਲਈ ਸਿੱਖਿਅਤ ਬਣਾਉਣਾ ਹੈ। ਇਸ ਤੋਂ ਇਲਾਵਾ ਤਹਿਸੀਲ ਤੇ ਆਰ.ਟੀ.ਓ ਦਫ਼ਤਰਾਂ ਸਮੇਤ ਪੁਲਿਸ ਥਾਣਿਆਂ ਆਦਿ ਵਿੱਚ ਵੀ ਇਨ੍ਹਾਂ ਦਾ ਸੰਪਰਕ ਟੂਰ ਕਰਵਾਏ ਜਾਣਗੇ।

 

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਬਲਿਕ ਪਾਲਿਸੀ ਇੰਟਰਨਸ਼ਿਪ ਪ੍ਰੋਗਰਾਮ ਤਹਿਤ ਸਕੂਲਾਂ ਦੇ ਕਾਲਜਾਂ ਦੇ ਵਿਦਿਆਰਥੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੁੜਕੇ 3 ਮਹੀਨਿਆਂ ਦੀ ਇੰਨਰਨਸ਼ਿਪ ਕਰਨਗੇ, ਜਿਸ ਤਹਿਤ ਉਹ ਜਿੱਥੇ ਕਿਸੇ ਵੀ ਆਪਣੇ ਮਨਪਸੰਦੀਦਾ ਵਿਭਾਗ ਦੀ ਕਾਰਗੁਜ਼ਾਰੀ ਤੋਂ ਜਾਣੂ ਹੋਣਗੇ, ਉਥੇ ਹੀ ਇਸ ਨੂੰ ਹੋਰ ਸੁਚਾਰੂ ਤੇ ਲੋਕ ਪੱਖੀ ਬਣਾਉਣ ਸਮੇਤ ਇਸ ਦੀ ਕਾਰਗੁਜ਼ਾਰੀ ਨੂੰ ਹੋਰ ਸੁਧਾਰਨ ਹਿੱਤ ਆਪਣੇ ਸੁਝਾਉ ਵੀ ਦੇ ਸਕਣਗੇ। ਉਨ੍ਹਾਂ ਕਿਹਾ ਕਿ ਅਜਿਹੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਸਤਖ਼ਤਾਂ ਹੇਠ ਸਰਟੀਫਿਕੇਟ ਜਾਰੀ ਕਰਨ ਸਮੇਤ ਉਹ ਖ਼ੁਦ ਇਨ੍ਹਾਂ ਨਾਲ ਨਿਜੀ ਮੁਲਾਕਾਤ ਵੀ ਕਰਨਗੇ।

 

ਡਾ. ਹਿਮਾਂਸ਼ੂ ਅਗਰਵਾਲ ਨੇ ਹੋਰ ਦੱਸਿਆ ਕਿ ਮੌਜੂਦਾ ਸਮੇਂ ਨਵਜਨਮੇ ਬੱਚਿਆਂ ਤੇ ਜਣੇਪੇ ਬਾਅਦ ਮਾਵਾਂ ਦੀ ਦੇਖਭਾਲ ਲਈ ਹੁਨਰਮੰਦ ਵਰਕਰਾਂ ਦੀ ਬਹੁਤ ਮੰਗ ਹੈ, ਜਿਸ ਲਈ ਜ਼ਿਲ੍ਹੇ ਵਿੱਚ ਮਹਿਲਾ ਉਮੀਦਵਾਰਾਂ ਲਈ ਜਾਪਾ ਮੇਡ ਦੀ ਹੁਨਰ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜੀ.ਐਮ ਨੂੰ ਹਦਾਇਤ ਕੀਤੀ ਕਿ ਪਟਿਆਲਾ ਸਮੇਤ ਹੋਰ ਨੇੜਲੇ ਜ਼ਿਲ੍ਹਿਆਂ ਵਿੱਚਲੇ ਉਦਯੋਗਾਂ ਵਿੱਚ ਮੰਗ ਮੁਤਾਬਕ ਜ਼ਿਲ੍ਹੇ ਅੰਦਰਲੀਆਂ ਆਈ.ਟੀ.ਆਈਜ ਤੇ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਸਿਖਿਆਰਥੀਆਂ ਨੂੰ ਹੁਨਰਮੰਦ ਸਿਖਲਾਈ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ।

 

ਡਿਪਟੀ ਕਮਿਸ਼ਨਰ ਨੇ ਸਕੂਲਾਂ, ਕਾਲਜਾਂ ‘ਚ ਪੜ੍ਹਦੀਆਂ ਲੜਕੀਆਂ ਨੂੰ ਸਵੈ ਰੱਖਿਆ ਦੇ ਢੰਗ ਤਰੀਕੇ ਸਿਖਾਉਣ ‘ਤੇ ਵੀ ਜ਼ੋਰ ਦਿੱਤਾ ਅਤੇ ਇਸ ਲਈ ਸਿਖਲਾਈ ਕੋਰਸ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜ਼ਿਲ੍ਹੇ ਦੇ ਨਸ਼ਾ ਮੁਕਤੀ ਕੇਂਦਰਾਂ ‘ਚ ਇਲਾਜ ਲਈ ਦਾਖਲ ਵਿਅਕਤੀਆਂ ਨੂੰ ਹੁਨਰਮੰਦ ਬਣਾ ਕੇ ਆਤਮ ਨਿਰਭਰ ਬਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਨਸ਼ਾ ਛੱਡਣ ਦੀ ਰਾਹ ‘ਤੇ ਚੱਲ ਰਹੇ ਵਿਅਕਤੀਆਂ ਦਾ ਨਿਰੰਤਰ ਫਾਲੋਅਪ ਲਿਆ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਤੇ ਕਾਲਜਾਂ ਦੇ ਗਰਾਊਂਡਾਂ ਵਿਖੇ ਵਿਦਿਆਰਥੀਆਂ ਨੂੰ ਫੌਜ, ਬੀ.ਐਸ.ਐਫ. ਤੇ ਪੁਲਿਸ ਦੀ ਭਰਤੀ ਲਈ ਲੋੜੀਂਦੇ ਮਾਪਦੰਡਾਂ ਬਾਰੇ ਜਾਗਰੂਕ ਕਰਨ ਲਈ ਫਲੈਕਸ ਬੋਰਡ ਲਗਾਉਣ ਦੇ ਵੀ ਨਿਰਦੇਸ਼ ਦਿੱਤੇ।

 

ਡੀ.ਬੀ.ਈ.ਈ. ਵੱਲੋਂ ਚਲਾਏ ਜਾ ਰਹੇ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਕੋਚਿੰਗ ਸੈਂਟਰ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕੋਚਿੰਗ ਸੈਂਟਰ ਦੀਆਂ ਕਲਾਸਾਂ ਨੂੰ ਨਿਯਮਤ ਕਰਕੇ ਲੰਬੇ ਸਮੇਂ ਦੇ ਚੰਗੇ ਨਤੀਜੇ ਪ੍ਰਾਪਤ ਕਰਨ ਵੱਲ ਧਿਆਨ ਕੇਂਦਰਤ ਕੀਤਾ ਜਾਵੇ। ਉਨ੍ਹਾਂ ਨੇ ਬਿਊਰੋ ਦੀਆਂ ਹੋਰ ਗਤੀਵਿਧੀਆਂ ਤੇ ਪ੍ਰਾਜੈਕਟਾਂ ਦਾ ਵੀ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀਆਂ ਸੇਵਾਵਾਂ ਦਾ ਲਾਭ ਜ਼ਿਲ੍ਹੇ ਦੇ ਹਰ ਨੌਜਵਾਨ ਵਿਦਿਆਰਥੀ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ।

 

ਇਸ ਦੌਰਾਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।