Patiala Politics

Patiala News Politics

Latest updates on Patiala floods 2019


ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਜਲ ਨਿਕਾਸ ਮਹਿਕਮੇ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਪਟਿਆਲਾ ਦੀ ਗੋਪਾਲ ਕਲੋਨੀ ਵੱਡਾ ਅਰਾਈ ਮਾਜਰਾ, ਨੇੜੇ ਗਊਸ਼ਾਲਾ ਸਨੌਰ ਰੋਡ ਦਾ ਦੌਰਾ ਕੀਤਾ। ਵੱਡੀ ਨਦੀ ਦਾ ਪਾਣੀ ਉਛਲਣ ਕਰਕੇ ਇਸ ਕਲੋਨੀ ‘ਚ ਦਾਖਲ ਹੋ ਗਿਆ ਸੀ, ਜਿਸ ਕਰਕੇ ਇੱਥੇ ਦੇ ਕਰੀਬ 250 ਘਰ ਪ੍ਰਭਾਵਤ ਹੋਏ ਹਨ, ਜਿਥੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਚੱਲ ਰਹੇ ਬਚਾਅ ਕਾਰਜਾਂ ਦੀ ਖ਼ੁਦ ਨਿਗਰਾਨੀ ਕੀਤੀ ਅਤੇ ਪਟਿਆਲਾ ਦੇ ਐਸ.ਡੀ.ਐਮ. ਸ. ਰਵਿੰਦਰ ਸਿੰਘ, ਜੋਕਿ ਪ੍ਰਭਾਵਤ ਇਲਾਕੇ ‘ਚ ਮੌਜੂਦ ਸਨ, ਨੂੰ ਹਦਾਇਤ ਕੀਤੀ ਕਿ ਸਾਰੇ ਨਾਗਰਿਕਾਂ ਖਾਸ ਕਰਕੇ ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾਵੇ ਅਤੇ ਇਨ੍ਹਾਂ ਦੇ ਖਾਣ ਪੀਣ ਸਮੇਤ ਦਵਾਈਆਂ ਆਦਿ ਦੇ ਲੋੜੀਂਦੇ ਪ੍ਰਬੰਧਾਂ ‘ਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਦੇ ਨਾਲ ਡੀ.ਐਸ.ਪੀ. ਯੋਗੇਸ਼ ਕੁਮਾਰ ਵੀ ਮੌਜੂਦ ਸਨ।
ਉਨ੍ਹਾਂ ਨੇ ਜਲ ਨਿਕਾਸ ਦੇ ਨਿਗਰਾਨ ਇੰਜੀਨੀਅਰ ਸ. ਦਵਿੰਦਰ ਸਿੰਘ ਨੂੰ ਆਦੇਸ਼ ਦਿੱਤੇ ਕਿ ਪਾਣੀ ਦੀ ਨਿਕਾਸੀ ਲਈ ਪ੍ਰਬੰਧਾਂ ‘ਚ ਕੋਈ ਢਿੱਲ ਨਹੀਂ ਆਉਣੀ ਚਾਹੀਦੀ ਅਤੇ ਇਸ ‘ਚ ਕਿਸੇ ਕਿਸਮ ਦੀ ਰੁਕਾਵਟ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਜੇਕਰ ਕੋਈ ਇਸ ‘ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਮੁੱਚੇ ਜ਼ਿਲ੍ਹੇ ਅੰਦਰਲੀਆਂ ਨਦੀਆਂ-ਨਾਲਿਆਂ ‘ਚ ਪਾਣੀ ਦੇ ਪੱਧਰ ‘ਤੇ ਨਜ਼ਰ ਰੱਖ ਰਹੇ ਹਨ ਅਤੇ ਪੂਰੀ ਸਥਿਤੀ ਨਿਯੰਤਰਣ ਹੇਠਾਂ ਹੈ। ਜਦੋਂਕਿ ਪਟਿਆਲਾ ਦੀ ਵੱਡੀ ਨਦੀ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਡੇਢ ਫੁੱਟ ਹੇਠਾਂ ਵਗਦਾ ਰਿਹਾ ਹੈ। ਇਸ ਲਈ ਲੋਕਾਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਡਰਨ ਦੀ ਲੋੜ ਨਹੀਂ ਪਰੰਤੂ ਫਿਰ ਵੀ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸੰਭਾਵਤ ਖ਼ਤਰੇ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ‘ਤੇ ਪਾਣੀ ਆਉਣ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਤੇ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲ ਨਿਕਾਸ ਵਿਭਾਗ ਅਤੇ ਪਟਿਆਲਾ ਪੁਲਿਸ ਨੂੰ ਸੁਚੇਤ ਰਹਿਣ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਨੀਂਵੇ ਇਲਾਕਿਆਂ ਜਿੱਥੇ ਪਾਣੀ ਭਰਨ ਦਾ ਖਦਸ਼ਾ ਹੈ, ਉਥੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਮੈਰਿਜ ਪੈਲੇਸਾਂ, ਗੁਰਦੁਆਰਿਆਂ ਅਤੇ ਹੋਰ ਸੁਰੱਖਿਅਤ ਥਾਵਾਂ ਵਿਖੇ ਪਾਣੀ ਵਾਲੇ ਖੇਤਰ ਵਿੱਚੋਂ ਬਾਹਰ ਕੱਢੇ ਨਾਗਰਿਕਾਂ ਦੇ ਰਹਿਣ, ਖਾਣ-ਪੀਣ ਤੇ ਦਵਾਈਆਂ ਆਦਿ ਦਾ ਸਮੁੱਚਾ ਪ੍ਰਬੰਧ ਕੀਤਾ ਹੋਇਆ ਹੈ ਜਦੋਂਕਿ ਕਿਸੇ ਨਾਗਰਿਕ ਦੇ ਪਾਣੀ ‘ਚ ਘਿਰਨ ਦੀ ਸੂਰਤ ‘ਚ ਉਸਨੂੰ ਸੁਰੱਖਿਅਤ ਬਾਹਰ ਕੱਢਣ ਲਈ ਗੋਤਾਖੋਰਾਂ ਸਮੇਤ ਹੋਰ ਲੋਂੜੀਦੇ ਵੀ ਪ੍ਰਬੰਧ ਕੀਤੇ ਹੋਏ ਹਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਵੀ ਕੀਤੀ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਲਗਾਤਾਰ ਬਰਸਾਤ ਪੈਣ ਕਰਕੇ ਅਤੇ ਪਿੱਛੋਂ ਪਾਣੀ ਆਉਣ ਕਰਕੇ ਵੱਡੀ ਨਦੀ ‘ਚ ਪਾਣੀ ਆਇਆ ਹੈ ਪਰ ਸਥਿਤੀ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਇਸ ਮੌਕੇ ਜਲ ਨਿਕਾਸ ਵਿਭਾਗ ਦੇ ਨਿਗਰਾਨ ਇੰਜੀਨੀਅਰ ਸ. ਦਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਬਰਸਾਤੀ ਨਦੀਆਂ ਤੇ ਨਾਲਿਆਂ ਸਮੇਤ ਦਰਿਆਵਾਂ ‘ਚ ਪਾਣੀ ਦੇ ਵਹਾਓ ‘ਤੇ ਉਨ੍ਹਾਂ ਦੇ ਵਿਭਾਗ ਵੱਲੋਂ ਪੂਰੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਕੋਈ ਢਿੱਲ ਨਹੀ ਵਰਤੀ ਜਾ ਰਹੀ।
ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਬਰਸਾਤ ਦੇ ਮੌਸਮ ਕਾਰਨ ਜ਼ਿਲ੍ਹੇ ਦੇ ਕਈ ਖੇਤਰਾਂ ਵਿਚ ਪਾਣੀ ਇਕੱਠਾ ਹੋਣ ਕਰਕੇ ਹੜ੍ਹਾਂ ਵਰਗੀ ਬਣੀ ਸਥਿਤੀ ਨਾਲ ਨਜਿੱਠਣ ਲਈ ਸਿਵਲ, ਪੁਲਿਸ ਤੇ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਕੇ ਪੂਰੀ ਸਥਿਤੀ ਦਾ ਜਾਇਜਾ ਲਿਆ ਅਤੇ ਹਦਾਇਤ ਕੀਤੀ ਕਿ ਕੋਈ ਵੀ ਸਰਕਾਰੀ ਅਧਿਕਾਰੀ/ਕਰਮਚਾਰੀ ਆਪਣਾ ਸਟੇਸ਼ਨ ਨਹੀਂ ਛੱਡੇਗਾ ਅਤੇ ਉਨ੍ਹਾਂ ਅਗਲੇ ਹੁਕਮਾਂ ਤੱਕ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆ ਰੱਦ ਕਰਨ ਦੀ ਵੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਵਾਲਿਆਂ ਖਿਲਾਫ ਐਫ.ਆਈ.ਆਰ. ਦਰਜ ਕੀਤੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੌਕਤ ਅਹਿਮਦ ਪਰੈ ਅਤੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ।
ਸ੍ਰੀ ਕੁਮਾਰ ਅਮਿਤ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੂਰੀ ਸਮਰੱਥਾ ਨਾਲ ਆਪਣਾ ਕੰਮ ਕਰਨ ਦੀ ਹਦਾਇਤ ਕਰਦਿਆ ਕਿਹਾ ਕਿ ਹਰੇਕ ਵਿਭਾਗ ਆਪਣੀ ਜਿੰਮੇਵਾਰੀ ਸਮੇਂ ਸਿਰ ਪੂਰੀ ਕਰੇ। ਉਨ੍ਹਾਂ ਕਿਹਾ ਕਿ ਸਥਿਤੀ ਨਾਲ ਨਜਿੱਠਣ ਲਈ ਡਰੇਨੇਜ ਵਿਭਾਗ ਨੋਡਲ ਵਿਭਾਗ ਵਜੋਂ ਕੰਮ ਕਰੇਗਾ ਅਤੇ ਸਬ-ਡਵੀਜ਼ਨ ਪੱਧਰ ‘ਤੇ ਐਸ.ਡੀ.ਐਮਜ਼ ਨੋਡਲ ਅਫ਼ਸਰ ਹੋਣਗੇ ਅਤੇ ਸਮੂਹ ਵਿਭਾਗ ਆਪਣੇ ਨੋਡਲ ਅਫ਼ਸਰ ਦੇ ਸੰਪਰਕ ਵਿਚ ਰਹਿਣਗੇ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ‘ਤੇ ਵੀ ਕਮੇਟੀਆਂ ਬਣਾਈਆਂ ਜਾਣ ਜਿਸ ਵਿਚ ਪਟਵਾਰੀ, ਪੰਚਾਇਤ ਸਕੱਤਰ, ਸਿਵਲ ਸਰਜਨ ਦਾ ਨੁਮਾਇੰਦਾ, ਪਸ਼ੂ ਪਾਲਣ ਵਿਭਾਗ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦਾ ਨੁਮਾਇੰਦਾ ਇਸ ਟੀਮ ਵਿਚ ਸ਼ਾਮਲ ਹੋਵੇਗਾ। ਉਨ੍ਹਾਂ ਹਦਾਇਤ ਕੀਤੀ ਕਿ ਪਾਣੀ ਨਾਲ ਪ੍ਰਭਾਵਿਤ ਹੋਏ ਖੇਤਰਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾਵੇ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਪੂਰਾ ਪ੍ਰਬੰਧ ਰੱਖਿਆ ਜਾਵੇ ਅਤੇ ਪਟਵਾਰੀਆਂ ਵੱਲੋਂ ਗਰਦਾਵਰੀ ਕਰਕੇ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਹਾਜ਼ਰ ਫੌਜ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋੜ ਪੈਣ ‘ਤੇ ਫੌਜ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।
ਇਸ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਵੱਲੋਂ ਹਰੇਕ ਸਥਿਤੀ ਨਾਲ ਨਜਿੱਠਣ ਲਈ ਲੋੜੀਦੇ ਪ੍ਰਬੰਧ ਕੀਤੇ ਗਏ ਹਨ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਵਾਲਿਆ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਪੱਧਰ ‘ਤੇ ਡੀ.ਐਸ.ਪੀ. ਐਸ.ਡੀ.ਐਮਜ਼ ਦੇ ਸੰਪਰਕ ਵਿਚ ਹਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਦਵਾਈਆਂ ਦਾ ਅਤੇ ਡਾਕਟਰੀ ਟੀਮਾਂ ਦਾ ਪ੍ਰਬੰਧ ਰੱਖਣ ਦੀ ਹਦਾਇਤ ਕੀਤੀ ਅਤੇ ਡੀ.ਐਫ.ਐਸ.ਸੀ. ਨੂੰ ਖਾਣ-ਪੀਣ ਦਾ ਸਮਾਨ, ਪਸ਼ੂ ਪਾਲਣ ਵਿਭਾਗ ਨੂੰ ਹਰੇ-ਚਾਰੇ ਤੇ ਪਸ਼ੂਆਂ ਦੀ ਦਵਾਈਆਂ, ਮੰਡੀ ਬੋਰਡ ਨੂੰ ਪਾਣੀ ਦੇ ਟੈਂਕਰ ਸਮੇਤ ਹੋਰਨਾ ਵਿਭਾਗਾਂ ਨੂੰ ਆਪਣੇ-ਆਪਣੇ ਵਿਭਾਗ ਅਧੀਨ ਆਉਂਦੀਆਂ ਜਿੰਮੇਵਾਰੀਆਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆ ਕਿਹਾ ਕਿ ਕਿਸੇ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਈ ਜਾਵੇ ਤੇ ਇਸ ‘ਤੇ ਬਿਨ੍ਹਾਂ ਪੁਸ਼ਟੀ ਕੀਤਿਆਂ ਵਿਸ਼ਵਾਸ਼ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਮੌਸਮ ਕਾਰਨ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਜ਼ਿਲ੍ਹਾ ਪੱਧਰ ਦਾ ਕੰਟਰੋਲ ਰੂਮ ਕਮਰਾ ਨੰਬਰ 122, ਬਲਾਕ ਏ, ਮਿੰਨੀ ਸਕੱਤਰੇਤ ਪਟਿਆਲਾ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿਸ ਦਾ ਟੈਲੀਫੋਨ ਨੰਬਰ 0175-2350550 ਅਤੇ ਈ.ਮੇਲ. ਆਈ.ਡੀ. [email protected] ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲ ਪੱਧਰ ‘ਤੇ ਵੀ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਜਿਹਨਾਂ ਵਿੱਚ ਤਹਿਸੀਲ ਪਟਿਆਲਾ ਵਿਖੇ ਸਥਾਪਤ ਕੀਤੇ ਹੜ੍ਹ ਕੰਟਰੋਲ ਰੂਮ ਦਾ ਟੈਲਫੋਨ ਨੰਬਰ 0175-2311321 ਅਤੇ ਈ.ਮੇਲ ਆਈ.ਡੀ. [email protected], ਸਬ ਡਵੀਜ਼ਨ ਦੂਧਨਸਾਧਾਂ ਵਿਖੇ ਸਥਾਪਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2632615 ਅਤੇ ਈ.ਮੇਲ. ਆਈ.ਡੀ. [email protected], ਸਬ ਡਵੀਜ਼ਨ ਰਾਜਪੁਰਾ ਵਿਖੇ ਸਥਾਪਤ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01762-224132 ਅਤੇ ਈ.ਮੇਲ.ਆਈ.ਡੀ. [email protected], ਨਾਭਾ ਸਬ ਡਵੀਜ਼ਨ ਵਿਖੇ ਸਥਾਪਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01765-220654 ਅਤੇ ਈ.ਮੇਲ. ਆਈ.ਡੀ. [email protected], ਸਬ ਡਵੀਜ਼ਨ ਸਮਾਣਾ ਵਿਖੇ ਸਥਾਪਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-221190 ਅਤੇ ਈ.ਮੇਲ. ਆਈ.ਡੀ [email protected]ਅਤੇ ਸਬ ਡਵੀਜ਼ਨ ਪਾਤੜਾਂ ਵਿਖੇ ਸਥਾਪਿਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-243403 ਅਤੇ ਈ.ਮੇਲ. ਆਈ.ਡੀ. [email protected] ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਜ਼ਿਲ੍ਹੇ ਵਿੱਚ ਹੜ੍ਹਾਂ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਸਥਾਪਤ ਕੀਤੇ ਗਏ ਇਹਨਾਂ ਕੰਟਰੋਲ ਰੂਮਾਂ ‘ਤੇ ਤੁਰੰਤ ਦਿੱਤੀ ਜਾਵੇ ਅਤੇ ਜੇਕਰ ਹੜ੍ਹਾਂ ਸਬੰਧੀ ਕੋਈ ਸੂਚਨਾ ਲੈਣੀ ਹੈ ਤਾਂ ਵੀ ਉਕਤ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਐਸ.ਪੀ ਸਿਟੀ ਹਰਮਨ ਹਾਂਸ, ਮੇਜਰ ਵਿਜੈਦਰ ਸਿੰਘ, ਐਸ.ਡੀ.ਐਮ. ਦੁਧਨਸਾਧਾਂ ਸ੍ਰੀ ਅਜੈ ਅਰੋੜਾ, ਐਸ.ਡੀ.ਐਮ. ਪਟਿਆਲਾ ਸ੍ਰੀ ਰਵਿੰਦਰ ਸਿੰਘ ਅਰੋੜਾ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀ ਪਰਮਜੀਤ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ ਗੁਪਤਾ ਸਮੇਤ ਸਮੂਹ ਵਿਭਗਾਂ ਦੇ ਮੁੱਖੀ ਮੌਜੂਦ ਸਨ।

Facebook Comments
%d bloggers like this: