Man nabbed for sodomizing, killing 7-year-old boy in Patiala

December 14, 2019 - PatialaPolitics


ਪਟਿਆਲਾ ਪੁਲਿਸ ਨੇ ਮਿਤੀ 10 ਦਸੰਬਰ ਨੂੰ ਇਕ ਵਿਆਹ ਸਮਾਗਮ ਵਿਚੋਂ ਗੁੰਮ ਹੋਏ ਬੱਚੇ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਕਥਿਤ ਦੋਸ਼ੀ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੁਲਿਸ ਲਾਇਨ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਮਿਤੀ 10 ਦਸੰਬਰ ਨੂੰ ਇਕ ਵਿਆਹ ਸਮਾਗਮ ਦੌਰਾਨ ਇਕ ਸੱਤ ਸਾਲਾਂ ਬੱਚੇ ਦੀ ਗੁੰਮ ਹੋਣ ਦੀ ਰਿਪੋਰਟ ਬੱਚੇ ਦੇ ਪਿਤਾ ਨੇ ਦਿੱਤੀ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਉਸਦੇ ਤਿੰਨ ਲੜਕੇ ਹਨ ਅਤੇ ਤਿੰਨੋਂ ਲੜਕੇ 10 ਦਸੰਬਰ ਨੂੰ ਆਪਣੇ ਗੁਆਂਢ ਵਿੱਚ ਵਿਆਹ ਦੀ ਪਾਰਟੀ ਵਿੱਚ ਗਏ ਸਨ ਅਤੇ ਉਸ ਦਾ ਸਭ ਤੋਂ ਛੋਟਾ ਲੜਕਾ ਵਿਆਹ ਸਮਾਗਮ ‘ਚੋ ਘਰ ਵਾਪਸ ਨਹੀਂ ਆਇਆ ਅਤੇ ਜਿਸ ਦੇ ਬਿਆਨਾਂ ‘ਤੇ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 87 ਮਿਤੀ 11 ਦਸੰਬਰ 2019 ਅ/ਧ 365, 34 ਹਿੰ: ਦੰ: ਥਾਣਾ ਬਖਸ਼ੀਵਾਲਾ ਦਰਜ਼ ਕੀਤਾ ਗਿਆ ਸੀ।
ਐਸ.ਪੀ. ਸਿਟੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਗੁੰਮਸ਼ੁਦਾ ਬੱਚੇ ਨੂੰ ਲੱਭਣ ਲਈ ਤੁਰੰਤ ਹੀ ਦੋ ਟੀਮਾਂ ਤਿਆਰ ਕਰਕੇ ਗੁੰਮਸ਼ੁਦਾ ਬੱਚੇ ਦੀ ਭਾਲ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਬਣਾਈਆਂ ਟੀਮਾਂ ‘ਚ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਇੰਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ, ਇੰਚਾਰਜ ਸੀ.ਆਈ.ਏ ਸਟਾਫ, ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ, ਮੁੱਖ ਅਫਸਰ ਥਾਣਾ ਬਖਸ਼ੀਵਾਲਾ ਐਸ.ਆਈ ਪ੍ਰਦੀਪ ਬਾਜਵਾ, ਮੁੱਖ ਅਫਸਰ ਥਾਣਾ ਤ੍ਰਿਪੜੀ ਐਸ.ਆਈ ਹਰਜਿੰਦਰ ਸਿੰਘ ਅਤੇ ਇੰਚਾਰਜ ਚੌਂਕੀ ਸੈਂਚੁਰੀ ਇੰਨਕਲੇਵ ਐਸ.ਆਈ ਰਾਜਨਦੀਪ ਕੌਰ ਸ਼ਾਮਲ ਸਨ ਜਿਨ੍ਹਾਂ ਕਰੀਬ ਦੋ ਦਿਨ ਤੱਕ ਥਾਣਾ ਬਖਸ਼ੀਵਾਲਾ ਵਿਖੇ ਹਾਜ਼ਰ ਰਹਿ ਕੇ ਟੈਕਨੀਕਲ ਤਰੀਕੇ ਨਾਲ ਵੱਖ-ਵੱਖ ਪਹਿਲੂਆਂ ‘ਤੇ ਪੜਤਾਲ ਕੀਤੀ ਅਤੇ ਪੜਤਾਲ ਦੌਰਾਨ ਵਿਆਹ ਸਮਾਗਮ ਦੀ ਪੂਰੀ ਵੀਡੀਓ ਦੇਖਦਿਆਂ ਹੋੋਇਆਂ, ਵਿਆਹ ਸਮਾਗਮ ਵਿੱਚ ਸ਼ਾਮਿਲ ਮਹਿਮਾਨਾਂ, ਕੈਟਰਿੰਗ ਕਰਨ ਵਾਲੇ, ਡੀ.ਜੇ ਵਾਲੇ, ਵੀਡੀਓਗ੍ਰਾਫਰਾਂ ਸਮੇਤ ਹੋਰ ਵਿਅਕਤੀਆਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਨਾਲ ਹੀ ਭਾਖੜਾ ਨਹਿਰ ਦੇ ਆਸ-ਪਾਸ ਅਤੇ ਖਨੌਰੀ ਹੈਡ ਤੱਕ ਗੋਤਾਖੋਰ ਟੀਮਾਂ ਰਾਂਹੀ ਬੱਚੇ ਦੀ ਭਾਲ ਲਈ ਸਰਚ ਆਪ੍ਰੇਸਨ ਚਲਾਇਆ ਗਿਆ।
ਐਸ.ਪੀ. ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 13 ਦਸੰਬਰ ਨੂੰ ਮੁਦੱਈ ਮੁਕੱਦਮਾ ਦੇ ਵੱਡੇ ਲੜਕੇ ਨੇ ਦੱਸਿਆ ਕਿ ਮਿਤੀ 10 ਤੇ 11 ਦਸੰਬਰ ਦੀ ਦਰਮਿਆਨੀ ਰਾਤ ਨੂੰ ਵਿਆਹ ਦੀ ਪਾਰਟੀ ਵਿੱਚ ਲਖਵਿੰਦਰ ਸਿੰਘ (ਡੀ.ਜੇ ਵਾਲੇ ਅੰਕਲ) ਨੇ ਉਸ ਨੂੰ ਅਤੇ ਉਸ ਦੇ ਛੋਟੇ ਭਰਾ ਨੂੰ ਵਿਆਹ ਵਿੱਚੋ ਪੈਸੇ ਚੁੱਕਣ ਤੋ ਮੰਨ੍ਹਾਂ ਕਰਦਿਆਂ ਉਨ੍ਹਾਂ ਨੂੰ ਸਾਈਡ ‘ਤੇ ਬੈਠਣ ਲਈ ਕਿਹਾ। ਲਖਵਿੰਦਰ ਸਿੰਘ ਡੀ.ਜੇ ਵਾਲੇ ਨੇ ਵੱਡੇ ਲੜਕੇ ਨੂੰ ਉਸ ਪਾਸ ਮੌਜੂਦ ਮੋਬਾਇਲ ਨੂੰ ਘਰ ਰੱਖਕੇ ਆਉਣ ਲਈ ਕਿਹਾ ਤੇ ਜਦੋ ਉਹ ਮੋਬਾਇਲ ਰੱਖਕੇ ਦੁਬਾਰਾ ਰਾਤ ਨੂੰ ਵਿਆਹ ਸਮਾਗਮ ਵਿੱਚ ਗਿਆ ਤਾਂ ਦੇਖਿਆ ਕਿ ਉਸ ਦਾ ਛੋਟਾ ਭਰਾ ਉੱਥੇ ਨਹੀ ਸੀ।
ਐਸ.ਪੀ. ਨੇ ਅੱਗੇ ਦੱਸਿਆ ਕਿ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਬੱਚੇ ਨੂੰ 100/-ਰੁਪਏ ਦਾ ਲਾਲਚ ਦੇ ਕੇ ਆਪਣੇ ਨਾਲ ਮੋੋਟਰਸਾਈਕਲ ‘ਤੇ ਲੈ ਗਿਆ ਅਤੇ ਉਸੇ ਰਾਤ ਭਾਖੜਾ ਨਹਿਰ ਨੇੜੇ ਬੱਚੇ ਨੂੰ ਲਿਜਾ ਕੇ ਪਹਿਲਾਂ ਉਸ ਨਾਲ ਬਦਫੈਲੀ ਕੀਤੀ ਅਤੇ ਫਿਰ ਉਸ ਨੂੰ ਲਗਿਆ ਕਿ ਬੱਚਾ ਵਾਪਸ ਘਰ ਜਾ ਕੇ ਇਸ ਬਾਰੇ ਕਿਸੇ ਨੂੰ ਦੱਸ ਨਾ ਦੇਵੇ ਤਾਂ ਉਸ ਨੇ ਫੜੇ ਜਾਣ ਦੇ ਡਰ ਤੋ ਬੱਚੇ ਦਾ ਗਲਾ ਘੁੱਟ ਕੇ, ਉਸ ਦੀ ਲਾਸ਼ ਨੂੰ ਨਾਲ ਹੀ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਐਸ.ਪੀ. ਨੇ ਦੱਸਿਆ ਕਿ ਜਿਸ ਤੇ ਉਕਤ ਮੁਕੱਦਮੇ ਵਿੱਚ ਅ/ਧ 302, 377, 506 ਹਿੰ:ਦੰ: 6 ਪਾਕਸੋ ਐਕਟ ਦਾ ਵਾਧਾ ਕੀਤਾ ਗਿਆ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ, ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਦੀ ਭਾਲ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਭਾਖੜਾ ਨਹਿਰ ਅਤੇ ਹੋਰ ਹੈਡਾਂ ‘ਤੇ ਭੇਜੀਆਂ ਗਈਆ ਹਨ।