Oxygen Bank:Oxygen on Wheel in Patiala

ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਆਕਸੀਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਈ ਰੱਖਣ ਲਈ ਅੱਜ ‘ਆਕਸੀਜਨ ਆਨ ਵੀਲ’ ਸੇਵਾ ਸ਼ੁਰੂ ਕਰਕੇ ਨਿਵੇਕਲੀ ਪਹਿਲ ਕਦਮੀ ਕੀਤੀ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੇਕਰ ਪ੍ਰਾਈਵੇਟ ਜਾ ਸਰਕਾਰੀ ਹਸਪਤਾਲ ਨੂੰ ਹੰਗਾਮੀ ਹਾਲਤ ‘ਚ ਆਕਸੀਜਨ ਦੀ ਜ਼ਰੂਰਤ ਪਵੇਗੀ ਤਾਂ ਉਥੇ ਤੁਰੰਤ ਆਕਸੀਜਨ ਪਹੁੰਚਾਉਣ ਲਈ ਇਹ 24 ਘੰਟੇ ਆਕਸੀਜਨ ਬੈਂਕ ਸੇਵਾ ਉਪਲਬਧ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਹਸਪਤਾਲਾਂ ‘ਚ ਭਾਵੇਂ ਆਕਸੀਜਨ ਦੀ ਕੋਈ ਕਮੀ ਨਹੀਂ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸ ਵੀ ਐਮਰਜੈਂਸੀ ਸਮੇਂ ਕਿਸੇ ਵੀ ਪ੍ਰਾਈਵੇਟ ਜਾ ਸਰਕਾਰੀ ਹਸਪਤਾਲ ‘ਚ ਆਕਸੀਜਨ ਪਹੁੰਚਾਉਣ ਲਈ ਜਿਥੇ ਰਿਜ਼ਰਵ ਆਕਸੀਜਨ ਸਿਲੰਡਰਾਂ ਦਾ ਪ੍ਰਬੰਧਾਂ ਰੱਖਿਆ ਹੋਇਆ ਹੈ, ਉਥੇ ਹੀ ਸਮੇਂ ਸਿਰ ਆਕਸੀਜਨ ਪਹੁੰਚਾਉਣ ਲਈ ਆਕਸੀਜਨ ਆਨ ਵੀਲ ਸੇਵਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਜ਼ਿਲ੍ਹੇ ‘ਚ ਆਕਸੀਜਨ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਅਸੀ ਇਸ ਮਹਾਂਮਾਰੀ ‘ਤੇ ਕਾਬੂ ਪਾ ਸਕੀਏ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਵਿਡ ਸਬੰਧੀ ਕੋਈ ਲੱਛਣ ਲੱਗਦਾ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ‘ਚ ਜਾਕੇ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾਵੇ ਤਾਂ ਕਿ ਇਸ ਬਿਮਾਰੀ ਦੇ ਵੱਧਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਹੋਮ ਆਇਸੋਲੇਸ਼ਨ ਵਾਲੇ ਕੋਵਿਡ ਮਰੀਜ਼ਾਂ ਨੂੰ ਆਪਣੀ ਆਕਸੀਜਨ ਦੀ ਮਾਤਰਾ 94 ਫ਼ੀਸਦੀ ਤੋਂ ਘੱਟ ਹੋਣ ‘ਤੇ, ਸਰੀਰਕ ਤਾਪਮਾਨ 100.5 ਤੋਂ ਵੱਧ, ਪਲਸ ਰੇਟ 120 ਪ੍ਰਤੀ ਮਿੰਟ ਤੋਂ ਵੱਧ, ਬਲੱਡ ਸ਼ੂਗਰ 200 ਤੋਂ ਵੱਧ ਜਾਂ 70 ਤੋਂ ਘੱਟ ਹੋਣ ‘ਤੇ ਅਤੇ ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ 130/90 ਤੋਂ ਵੱਧ ਜਾਂ 100/70 ਤੋਂ ਘੱਟ, ਸਾਹ ਲੈਣ ਵਿੱਚ ਤਕਲੀਫ, ਛਾਤੀ ਵਿਚ ਭਾਰੀਪਣ, ਬੁੱਲ ਨੀਲੇ ਪੈ ਜਾਣ ਜਾ ਫੇਰ ਕਿਸੇ ਵੀ ਪ੍ਰਕਾਰ ਦੀ ਬੇਚੈਨੀ ‘ਤੇ ਡਾਕਟਰ ਨਾਲ ਸਲਾਹ ਜਾਂ 104/112 ‘ਤੇ ਤੁਰੰਤ ਸੰਪਰਕ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਸਬੰਧੀ ਪੁੱਛ ਗਿੱਛ ਲਈ ਹੈਲਪ ਲਾਈਨ ਨੰਬਰ 0175-2350550 ਅਤੇ ਆਕਸੀਜਨ ਲਈ ਹੈਲਪ ਲਾਈਨ ਨੰਬਰ 62843-57500 ਸਥਾਪਤ ਕੀਤੇ ਹਨ।
I/176307/2021

Facebook Comments