New Way of Fraud,Punjab people getting calls

May 10, 2022 - PatialaPolitics

New Way of Fraud,Punjab people getting calls

ਅੱਜ-ਕੱਲ੍ਹ ਇੱਕ ਫਰਾਡ ਚੱਲ ਰਿਹਾ ਹੈ. ਕੋਈ ਫਰਾਡ ਬੰਦਾ NRI ਪੰਜਾਬੀ ਬਣ ਕੇ ਤੁਹਾਨੂੰ ਕਾਲ ਕਰੇਗਾ. ਤੁਹਾਡਾ ਤੇ ਪਰਿਵਾਰ ਦਾ ਹਾਲ-ਚਾਲ ਪੁੱਛੇਗਾ. ਤੁਸੀਂ ਸੋਚਣ ਲੱਗ ਜਾਉਗੇ ਕਿ ਇੰਗਲੈਂਡ ਤੋਂ ਕਿਹੜਾ ਦੋਸਤ ਬੋਲ ਰਿਹਾ ਹੈ ( ਜੇਕਰ ਕੋਡ +44 ਜਾਂ +1 ਹੋਵੇ. ਉਂਜ ਕੋਡ ਕੋਈ ਹੋਰ ਵੀ ਹੋ ਸਕਦਾ ਹੈ)

ਤੁਸੀਂ ਕਹੋਗੇ ਬਾਈ ਜੀ, ਮੈਂ ਪਛਾਣਿਆ ਨਹੀਂ. ਉਹ ਕਹੇਗਾ ਹੱਦ ਹੋ ਗਈ ਮਹਾਰਾਜ, ਮੈਂ ਵਿਦੇਸ਼ ਬੈਠਾ ਵੀ ਤੁਹਾਨੂੰ ਯਾਦ ਕਰ ਰਿਹਾਂ ਤੇ ਤੁਸੀਂ ਮੈਨੂੰ ਭੁੱਲੇ ਬੈਠੇ ਹੋ. ਫਿਰ ਤੁਸੀਂ ਅੰਦਾਜ਼ਾ ਜਿਹਾ ਲਗਾ ਕੇ ਕਹੋਗੇ, ਕਿਤੇ ….. ਤਾਂ ਨਹੀਂ ਬੋਲਦਾ, ਉਹ ਹੱਸ ਕੇ ਕਹੇਗਾ ਕਿ ਸ਼ੁਕਰ ਹੈ ਯਾਰ ਤੁਸੀਂ ਪਛਾਣ ਲਿਆ, ਮੇਰਾ ਤਾਂ ਦਿਲ ਹੀ ਟੁੱਟ ਚੱਲਿਆ ਸੀ.

ਫਿਰ ਉਹ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਕਹੇਗਾ ਕਿ ਯਾਰ ਮੈਂ ਆਉਣਾ ਇੰਡੀਆ ਤੇ ਮੇਰੇ ਕੋਲ ਕੋਈ 12-15 ਲੱਖ ਜੁੜਿਆ ਪਿਆ ਹੈ. ਪਰ ਕੈਸ਼ ਤਾਂ ਲਿਆ ਨਹੀਂ ਸਕਦਾ ਤੇ ਸਾਡੇ ਘਰਦਿਆਂ ਨੂੰ ਵੀ ਨਹੀਂ ਦੱਸਣਾ, ਪਤੰਦਰ ਹਰ ਵਾਰੀ ਉਹੀ ਜੇਬਾਂ ਖਾਲੀ ਕਰ ਦਿੰਦੇ ਹਨ ਤੇ ਸੱਜਣਾਂ ਮਿੱਤਰਾਂ ਵਾਸਤੇ ਬਚਦਾ ਈ ਕੁਝ ਨਹੀਂ. ਇਸ ਕਰਕੇ ਮੈਂ ਉਹ ਪੈਸੇ ਵੈਸਟਰਨ ਯੂਨੀਅਨ ਰਾਹੀਂ ਤੁਹਾਡੇ ਖ਼ਾਤੇ ਵਿੱਚ ਭੇਜਣੇ ਚਾਹੁੰਦਾ ਹਾਂ. ਜਦੋਂ ਮੈਂ ਇੰਡੀਆ ਆਇਆ ਤਾਂ ਆਪਾਂ ਕਰ ਲਵਾਂਗੇ ਵਾਧਾ ਘਾਟਾ.

ਤੁਸੀਂ ਪਸੀਜ ਜਾਂਦੇ ਹੋ ਕਿ ਵਾਹ, ਮੇਰੇ ਉੱਤੇ ਐਨਾ ਵਿਸ਼ਵਾਸ! ਤੁਸੀਂ ਉਸੇ ਵੇਲੇ ਉਸ ਨੂੰ ਆਪਣਾ ਬੈਂਕ ਖ਼ਾਤਾ ਅਤੇ ਬਾਕੀ ਜਾਣਕਾਰੀ ਦੇ ਦਿੰਦੇ ਹੋ. ਉਹ ਵਾਅਦਾ ਕਰਦਾ ਹੈ ਕਿ ਘੰਟੇ ਕੁ ਤੱਕ ਉਹ ਪੈਸੇ ਜਮਾ ਕਰਵਾ ਦੇਵੇਗਾ. ਥੋੜੀ ਦੇਰ ਬਾਅਦ ਉਹ ਵੈਸਟਰਨ ਯੂਨੀਅਨ ਦੀ ਇੱਕ ਨਕਲੀ ਰਸੀਦ ਤੁਹਾਡੇ ਫੋਨ ਉੱਤੇ ਭੇਜ ਦਿੰਦਾ ਹੈ. ਕੁਝ ਘੰਟੇ ਬਾਅਦ ਤੁਹਾਨੂੰ ਕਿਸੇ ਹੋਰ ਦਾ ਫੋਨ ਆਉਂਦਾ ਹੈ ਜੋ ਆਪਣੇ ਆਪ ਨੂੰ ਬੈਂਕ ਕਰਮਚਾਰੀ ਦੱਸਦਾ ਹੈ. ਉਹ ਤੁਹਾਨੂੰ ਪੁੱਛਦਾ ਹੈ ਕਿ ਬਾਹਰੋਂ ਤੁਹਾਡੇ ਕੋਈ 15 ਲੱਖ ਰੁਪਏ ਤਾਂ ਨਹੀਂ ਆਉਣੇ ਸੀ ? ਤੁਸੀਂ ਚੌਂਕ ਕੇ ਕਹਿੰਦੇ ਹੋ ਕਿ ਹਾਂ ਜੀ ਅੱਜ ਆਉਣੇ ਸੀ. ਉਹ ਕਹਿੰਦਾ ਹੈ ਕਿ ਸਾਡੇ ਕੋਲ ਵੈਸਟਰਨ ਯੂਨੀਅਨ ਦੀ ਟਰਾਂਸਫਰ ਆਈ ਹੈ, ਇੱਕ ਦੋ ਦਿਨਾਂ ਵਿੱਚ ਤੁਹਾਡੇ ਪੈਸੇ ਖ਼ਾਤੇ ਵਿੱਚ ਪਾ ਦਿਆਂਗੇ. ਹੁਣ ਤੱਕ ਤੁਸੀਂ ਜਾਲ ਵਿੱਚ ਫਸ ਚੁੱਕੇ ਹੁੰਦੇ ਹੋ ਕਿਉਂਕਿ ਤੁਸੀਂ ਬੈਂਕ ਵੱਲੋਂ ਤਸਦੀਕ ਹੋਇਆ ਸਮਝ ਲੈਂਦੇ ਹੋ.

ਫਿਰ ਕੁਝ ਸਮੇਂ ਬਾਅਦ ਤੁਹਾਨੂੰ ਉਸੇ ਹੀ ਪਹਿਲੇ ਬੰਦੇ ਦਾ ਫੋਨ ਆਉਂਦਾ ਹੈ ਕਿ ਬਾਈ ਇੱਕ ਗ਼ਲਤੀ ਹੋ ਗਈ. ਮੈਂ ਤੁਹਾਨੂੰ ਸਾਰੇ ਹੀ ਪੈਸੇ ਭੇਜ ਬੈਠਾ, ਟਿਕਟ ਜੋਗੇ ਤਾਂ ਬਚਾਏ ਹੀ ਨਹੀਂ. ਤੁਸੀਂ ਮੈਨੂੰ ਪਲੀਜ਼ ਲੱਖ ਕੁ ਰੁਪਏ ਟਰਾਂਸਫਰ ਕਰ ਦਿਉ. ਤੁਸੀਂ ਕਹਿੰਦੇ ਹੋ ਕਿ ਕੋਈ ਗੱਲ ਨਹੀਂ ਬਾਈ, ਤੁਹਾਡੇ ਪੈਸੇ ਆ ਹੀ ਜਾਣੇ ਹਨ, ਮੈਂ ਹੁਣੇ ਭੇਜ ਦਿੰਨਾ. ਤੁਸੀਂ ਉਸਦੇ ਦੱਸਣ ਮੁਤਾਬਕ ਉਸ ਨੂੰ ਉਨੇ ਰੁਪਏ ਆਪਣੇ ਖ਼ਾਤੇ ਵਿੱਚੋਂ ਟਰਾਂਸਫਰ ਕਰ ਦਿੰਦੇ ਹੋ. ਫਿਰ ਕੁਝ ਸਮੇਂ ਬਾਅਦ ਉਹ ਤੁਹਾਨੂੰ ਵਾਰੀ ਵਾਰੀ ਫੋਨ ਕਰਦਾ ਹੈ ਕਿ ਉਸਨੂੰ ਫਲਾਨਾ ਕਾਰਡ ਵੀ ਬਣਾਉਣਾ ਪੈਣਾ ਹੈ, ਇੱਕ ਬੀਮਾ ਵੀ ਕਰਾਉਣਾ ਹੈ, ਇੱਕ ਕਿਸ਼ਤ ਵੀ ਭਰਨੀ ਭੁੱਲ ਗਿਆ ਸੀ ਵਗੈਰਾ ਵਗੈਰਾ. ਕੁੱਲ ਮਿਲਾ ਕੇ ਉਹ ਉਦੋਂ ਤੱਕ ਤੁਹਾਡੇ ਤੋਂ ਪੈਸੇ ਮੰਗੀ ਜਾਏਗਾ ਜਦੋਂ ਤੱਕ ਤੁਸੀਂ ਉਸ ਬਾਰੇ ਸ਼ੱਕੀ ਨਾ ਹੋ ਜਾਉ. ਪਰ ਜਦੋਂ ਤੱਕ ਤੁਸੀਂ ਸਾਰੀ ਕਹਾਣੀ ਸਮਝਦੇ ਹੋ, ਤੁਹਾਡੇ ਸਾਰੇ ਖ਼ਾਤੇ ਖ਼ਾਲੀ ਹੋ ਚੁੱਕੇ ਹੁੰਦੇ ਹਨ.

ਸਾਡੇ ਫ਼ਾਜ਼ਿਲਕਾ ਇਲਾਕੇ ਵਿੱਚ ਪਿਛਲੇ 10 ਦਿਨਾਂ ਵਿੱਚ ਇੰਜ ਹੀ ਲਗਭਗ 30 ਕੁ ਲੱਖ ਦਾ ਕੁੱਲ ਫਰਾਡ ਹੋਣ ਦੀ ਤਾਂ ਰਿਪੋਰਟ ਹੀ ਦਰਜ ਹੋ ਚੁੱਕੀ ਹੈ, ਅਸਲ ਲੁੱਟ ਇਸ ਤੋਂ ਕਿਤੇ ਵੱਧ ਹੋਏਗੀ. ਹੋਰ ਤਾਂ ਹੋਰ ਅੱਜ ਮੈਨੂੰ ਵੀ ਅਜਿਹਾ ਫੋਨ ਆਇਆ. ਮੈਨੂੰ ਭਾਵੇਂ ਉਦੋਂ ਇੰਨਾ ਕੁਝ ਨਹੀਂ ਪਤਾ ਸੀ ਪਰ ਮੈਂ ਜਲਦੀ ਹੀ ਉਸ ਬਾਰੇ ਸ਼ੱਕੀ ਹੋ ਗਿਆ ਕਿਉਂਕਿ ਉਹ ਆਪਣਾ ਨਾਮ ਨਹੀਂ ਦੱਸ ਰਿਹਾ ਸੀ ਪਰ ਮੇਰੇ ਮੂੰਹੋਂ ਕੋਈ ਨਾਮ ਕਢਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ. ਬਾਅਦ ਵਿੱਚ ਮੈਨੂੰ ਜਾਣਕਾਰੀ ਮਿਲੀ ਕਿ ਬਹੁਤ ਸਾਰੇ ਲੋਕ ਠੱਗੇ ਜਾ ਚੁੱਕੇ ਹਨ.

ਮੇਰੀ ਸਾਰੇ ਦੋਸਤਾਂ ਨੂੰ ਸਲਾਹ ਹੈ ਕਿ ਜੇਕਰ ਤੁਹਾਨੂੰ ਵੀ ਕਿਸੇ ਅਜਿਹੇ ਫਰਾਡ ਦਾ ਫੋਨ ਆਵੇ ਤਾਂ ਆਪਣੀ ਜੇਬ ਵੀ ਬਚਾ ਲਿਉ ਅਤੇ ਹੋਰਾਂ ਨੂੰ ਬਚਾਉਣ ਲਈ ਇਹ ਪੋਸਟ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਉ…ਕਾਪੀ