Cyber Cell Patiala working 24*7

August 6, 2022 - PatialaPolitics

Cyber Cell Patiala working 24*7

 

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪਟਿਆਲਾ ਪੁਲਿਸ ਦਾ ਸਾਇਬਰ ਕਰਾਇਮ ਸੈੱਲ ਹੁਣ 24 ਘੰਟੇ ਰਹੇਗਾ ਲੋਕਾਂ ਦੀ ਸੇਵਾ ‘ਚ ਹਾਜ਼ਿਰ
-ਸਾਇਬਰ ਕਰਾਇਮ ਸੈੱਲ ਦਾ ਨਵੀਨੀਕਰਨ, ਐਮ.ਐਲ.ਏਜ਼ ਅਜੀਤਪਾਲ ਕੋਹਲੀ ਤੇ ਡਾ. ਬਲਬੀਰ ਸਿੰਘ, ਆਈ.ਜੀ. ਤੇ ਐਸ.ਐਸ.ਪੀ. ਵੱਲੋਂ ਹੈਲਪ ਡੈਸਕ ਵਿੰਡੋ ਲੋਕਾਂ ਨੂੰ ਸਮਰਪਿਤ
ਪਟਿਆਲਾ, 6 ਅਗਸਤ:
ਪਟਿਆਲਾ ਪੁਲਿਸ ਦਾ ਸਾਇਬਰ ਕਰਾਇਮ ਸੈੱਲ ਹੁਣ ਲੋਕਾਂ ਦੀ ਸੇਵਾ ‘ਚ 24 ਘੰਟੇ ਹਾਜ਼ਿਰ ਰਹੇਗਾ, ਜਿੱਥੇ ਲੋਕ ਕਿਸੇ ਵੀ ਸਾਇਬਰ ਧੋਖਾਧੜੀ ਨਾਲ ਸਬੰਧਤ ਆਪਣੀ ਸ਼ਿਕਾਇਤ ਕਿਸੇ ਵੀ ਸਮੇਂ ਦੇ ਸਕਣਗੇ। ਅਪਗਰੇਡ ਕੀਤਾ ਸਾਇਬਰ ਕਰਾਇਮ ਸੈੱਲ (ਸੀ.ਆਈ.ਟੀ.ਐਸ.ਯੂ.) ਅਤੇ ਨਵਾਂ ਸ਼ੁਰੂ ਕੀਤਾ 24 ਘੰਟੇ 7 ਦਿਨ, ਸਾਈਬਰ ਹੈਲਪ ਡੈਸਕ ਵਿੰਡੋ ਨੂੰ ਅੱਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਪਟਿਆਲਾ ਦਿਹਾਤੀ ਡਾ. ਬਲਬੀਰ ਸਿੰਘ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਐਸ.ਐਸ.ਪੀ. ਦੀਪਕ ਪਾਰੀਕ ਵੱਲੋਂ ਸਾਂਝੇ ਤੌਰ ‘ਤੇ ਲੋਕਾਂ ਨੂੰ ਸਪਰਪਿਤ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਸਾਇਬਰ ਸੈੱਲ ਧਰਮਪਾਲ ਤੇ ਇੰਚਾਰਜ ਸਾਈਬਰ ਕਰਾਈਮ ਸੈੱਲ ਐਸ.ਆਈ ਪ੍ਰਿਤਪਾਲ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਦੋਵੇਂ ਵਿਧਾਇਕਾਂ ਡਾ. ਬਲਬੀਰ ਸਿੰਘ ਤੇ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਨੂੰ ਆਧੁਨਿਕ ਹਥਿਆਰਾਂ ਦੀ ਲੋੜ ਦੇ ਨਾਲ-ਨਾਲ ਨਵੀਨਤਮ ਤਕਨੀਕਾਂ ਦੀ ਵੀ ਲੋੜ ਹੈ ਅਤੇ ਪਟਿਆਲਾ ਪੁਲਿਸ ਨੇ ਹਮੇਸ਼ਾ ਹੀ ਇਸ ਪਾਸੇ ਅਹਿਮ ਕਦਮ ਚੁਕਦੇ ਹੋਏ ਜ਼ਿਲ੍ਹੇ ਨਿਵਾਸੀਆਂ ਦੀ ਸੇਵਾ ਕੀਤੀ ਹੈ। ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੇ ਗੈਂਗਸਟਰਾਂ ਵਿਰੁੱਧ ਵਿੱਢੀ ਜੰਗ ਦੇ ਹਵਾਲੇ ਨਾਲ ਇਸ ਗੱਲ ‘ਤੇ ਜ਼ੋਰ ਦਿਤਾ ਕਿ ਪੁਲਿਸ, ਜ਼ੁਰਮ ਕਰਨ ਵਾਲਿਆਂ ਤੋਂ ਇੱਕ ਕਦਮ ਅੱਗੇ ਚੱਲਕੇ ਹੀ ਨਸ਼ਿਆਂ ਤੇ ਗੈਂਗਸਟਰਾਂ ਨੂੰ ਨੱਥ ਪਾ ਸਕੇਗੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਪੁਲਿਸ ਆਪਣੇ ਕਰਤੱਬਾਂ ਦੀ ਪਾਲਣਾ ਪੂਰੀ ਨਿਸ਼ਠਾ ਨਾਲ ਕਰ ਰਹੀ ਹੈ।
ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਪਟਿਆਲਾ ਪੁਲਿਸ ਕਿਸੇ ਵੀ ਜ਼ੁਰਮ ਦੀ ਤੁਰੰਤ ਪੈੜ ਨੱਪਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਲੋਕ ਸੁਚੇਤ ਹੋ ਕੇ ਰਹਿਣ ਪਰੰਤੂ ਜੇਕਰ ਕਿਸੇ ਨਾਲ ਕੋਈ ਸਾਇਬਰ ਠੱਗੀ ਹੋ ਜਾਵੇ ਤਾਂ ਉਹ ਸਾਇਬਰ ਕਰਾਇਮ ਸੈੱਲ ਨਾਲ ਸੰਪਰਕ ਕਰੇ। ਸ. ਛੀਨਾ ਨੇ ਕਿਹਾ ਕਿ ਪਟਿਆਲਾ ਪੁਲਿਸ ਨਾਗਰਿਕਾਂ ਦੀ ਬਿਹਤਰ ਸੇਵਾ ਕਰਨ ਅਤੇ ਸਾਈਬਰ ਕਰਾਈਮ ਦੇ ਪੀੜਤਾਂ ਨੂੰ ਵਧੇਰੇ ਪੇਸ਼ੇਵਰ ਇੰਟਰਫੇਸ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਜਦਕਿ ਐਸ.ਐਸ.ਪੀ. ਦੀਪਕ ਪਾਰੀਕ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਅੱਜਕਲ੍ਹ ਔਨਲਾਈਨ ਧੋਖਾਧੜੀਆਂ ਜ਼ਿਆਦਾ ਹੋ ਰਹੀਆਂ ਹਨ, ਜ਼ਿਨ੍ਹਾਂ ‘ਚ ਓ.ਟੀ.ਪੀ. ਓ.ਐਲ.ਐਕਸ, ਪੇਟੀਐਮ, ਜੀਪੇਅ ਤੇ ਬੀਮਾ ਧੋਖਾਧੜੀ ਤੋਂ ਇਲਾਵਾ ਜਾਅਲੀ ਸੋਸ਼ਲ ਮੀਡੀਆ ਖਾਤੇ ਅਤੇ ਸਾਈਬਰ ਸਟਾਕਿੰਗ ਸ਼ਾਮਲ ਹਨ।ਐਸ.ਐਸ.ਪੀ. ਨੇ ਕਿਹਾ ਕਿ ਅਜਿਹੀਆਂ ਧੋਖਾਧੜੀਆਂ ‘ਚ ਤੁਰੰਤ ਰਿਪੋਰਟ ਕਰਨ ਨਾਲ ਨਾਗਰਿਕਾਂ ਦਾ ਠੱਗਿਆ ਪੈਸਾ ਵਾਪਸ ਕਰਵਾਉਣ ਦੀਆਂ ਸੰਭਾਵਨਾਵਾਂ ਬਹੁਤ ਵੱਧ ਜਾਂਦੀਆਂ ਹਨ ਕਿਉਂਕਿ ਪੁਲਿਸ ਤੇ ਬੈਂਕਾਂ ਨੂੰ ਸਾਈਬਰ ਅਪਰਾਧ ਦੀ ਤੁਰੰਤ ਰਿਪੋਰਟ ਕਰਨ ਨਾਲ ਸਾਈਬਰ ਅਪਰਾਧੀ ਦੇ ਲੈਣ-ਦੇਣ/ਖਾਤਿਆਂ ਨੂੰ ਬਲੌਕ ਕਰਕੇ ਪੈਸੇ ਵਾਪਸ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਸਾਇਬਰ ਕਰਾਇਮ ਸੈੱਲ ਨੇ 1 ਮਈ 2022 ਤੋਂ ਲੈਕੇ 1 ਅਗਸਤ 22 ਤੱਕ ਦੇ ਸਮੇਂ ਦੌਰਾਨ ਕੁਲ 1131 ਦਰਖਾਸਤਾਂ ‘ਚੋਂ 927 ਦਾ ਨਿਪਟਾਰਾ ਕੀਤਾ ਤੇ 15 ‘ਚ ਪੁਲਿਸ ਕੇਸ ਦਰਜ ਕੀਤੇ, 49 ‘ਚ ਮਾਮਲਿਆਂ ‘ਚ ਪੈਸੇ ਦੀ ਧੋਖਾਧੜੀ ਦੀਆਂ ਕੁਲ 32 ਲੱਖ 76 ਹਜ਼ਾਰ 426 ਰੁਪਏ ਵਾਪਸ ਕਰਵਾਏ ਗਏ ਹਨ। ਇਸ ਤੋਂ ਬਿਨ੍ਹਾਂ 112 ਮੋਬਾਇਲ ਬਰਾਮਦ ਕਰਕੇ ਦਰਖਾਸਤ ਕਰਤਾਵਾਂ ਦੇ ਵਾਪਸ ਕਰਵਾਏ ਗਏ ਹਨ।
ਦੀਪਕ ਪਾਰੀਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਸੁਚੇਤ ਰਹਿਣ ਪਰੰਤੂ ਜੇਕਰ ਕਿਸੇ ਨਾਲ ਕੋਈ ਆਨਲਾਈਨ ਜਾਂ ਸਾਇਬਰ ਕਰਾਇਮ ਦੀ ਘਟਨਾ ਵਾਪਰ ਜਾਵੇ ਤਾਂ ਉਹ ਐਸ.ਐਸ.ਪੀ. ਦਫ਼ਤਰ ਪਟਿਆਲਾ ਵਿਖੇ ਹਫ਼ਤੇ ਦੇ 7 ਦਿਨ 24 ਘੰਟੇ ‘ਚੋਂ ਕਿਸੇ ਵੀ ਸਮੇਂ ਆ ਕੇ ਆਪਣੀ ਦਰਖਾਸਤ ਦੇ ਸਕਦਾ ਹੈ। ਇਸ ਮੌਕੇ ਆਪ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਬਲਵਿੰਦਰ ਕੁਮਾਰ ਸੈਣੀ, ਐਸ.ਪੀਜ਼ ਵਜ਼ੀਰ ਸਿੰਘ ਖਹਿਰਾ ਤੇ ਰਾਕੇਸ਼ ਕੁਮਾਰ ਵੀ ਮੌਜੂਦ ਸਨ।