Polo Ground Patiala to get new look

August 17, 2022 - PatialaPolitics

Polo Ground Patiala to get new look

Polo Ground Patiala to get new look

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਪਟਿਆਲਾ
ਪੋਲੋ ਗਰਾਊਂਡ ਦੀ ਅਪਗ੍ਰੇਡੇਸ਼ਨ ਲਈ 30 ਲੱਖ ਰੁਪਏ ਦਾ ਟੈਂਡਰ ਜਾਰੀ-ਮੀਤ ਹੇਅਰ
-ਪੰਜਾਬ ਖੇਡ ਮੇਲਾ ਸੂਬੇ ‘ਚ ਖੇਡਾਂ ਨੂੰ ਨਵੀਂ ਦਿਸ਼ਾ ਦੇਵੇਗਾ-ਮੀਤ ਹੇਅਰ
-ਪੰਜਾਬ ਖੇਡ ਮੇਲੇ ਦੀਆਂ ਤਿਆਰੀਆਂ ਬਾਰੇ ਖੇਡ ਮੰਤਰੀ ਵੱਲੋਂ ਵਿਧਾਇਕਾਂ ਤੇ ਅਧਿਕਾਰੀਆਂ ਨਾਲ ਮੀਟਿੰਗ
-ਮੀਤ ਹੇਅਰ ਵੱਲੋਂ ਖੇਡ ਮੇਲੇ ਦੀਆਂ ਤਿਆਰੀਆਂ ਪੁਖ਼ਤਾ ਢੰਗ ਨਾਲ ਕਰਨ ਦੀਆਂ ਹਦਾਇਤਾਂ
ਪਟਿਆਲਾ, 17 ਅਗਸਤ :
ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਖੇਡਾਂ ਨੂੰ ਨਵੀਂ ਦਿਸ਼ਾ ਦੇਣ ਲਈ 29 ਅਗਸਤ ਤੋਂ ਕਰਵਾਇਆ ਜਾਣ ਵਾਲਾ ਇਤਿਹਾਸਕ ‘ਪੰਜਾਬ ਖੇਡ ਮੇਲਾ’ ਰਾਜ ਅੰਦਰ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰੇਗਾ।
ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਥੀਮ ਤਹਿਤ ਕਰਵਾਏ ਜਾਣ ਵਾਲੇ ‘ਪੰਜਾਬ ਖੇਡ ਮੇਲੇ’ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਪਟਿਆਲਾ ਜ਼ਿਲ੍ਹੇ ਦੇ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਬੈਠਕ ਕਰਨ ਪੁੱਜੇ ਹੋਏ ਸਨ। ਇਸ ਮੌਕੇ ਖੇਡ ਮੰਤਰੀ ਨੇ ਪਟਿਆਲਵੀਆਂ ਨਾਲ ਇੱਕ ਖੁਸ਼ਖ਼ਬਰੀ ਸਾਂਝੀ ਕਰਦਿਆਂ ਦੱਸਿਆ ਕਿ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਦੇ ਨਵੀਨੀਕਰਨ ਲਈ 30 ਲੱਖ ਰੁਪਏ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।
ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ‘ਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ ਤੇ ਗੁਰਲਾਲ ਘਨੌਰ, ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਵੱਡੀ ਗਿਣਤੀ ਮੌਜੂਦਾ ਤੇ ਵੈਟਰਨ ਖਿਡਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਸਮੂਹ ਵਿਧਾਇਕਾਂ ਨੇ ਇਸ ਖੇਡ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਫ਼ੈਸਲਾ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਚੰਗੇ ਨਾਗਰਿਕ ਬਣਾਉਣ ‘ਚ ਸਹਾਈ ਹੋਵੇਗਾ।
ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਰਾਜ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਖੇਡ ਨੀਤੀ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਲੰਘੇ ਕਈ ਸਾਲਾਂ ਬਾਅਦ ਪਹਿਲੀ ਵਾਰ ਖਿਡਾਰੀਆਂ ਦੇ ਸਾਜੋ-ਸਾਮਾਨ ਲਈ ਫੰਡ ਜਾਰੀ ਕੀਤੇ ਹਨ ਜਦਕਿ ਖੇਡ ਬਜਟ ‘ਚ 56 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।
ਖੇਡ ਮੰਤਰੀ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਦੇ ਚਾਹਵਾਨ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ‘ਚ ਭਾਗ ਲੈਣ ਲਈ ਉਤਸ਼ਾਹਤ ਕਰਨ ਸਮੇਤ ਪੰਜਾਬ ਖੇਡ ਮੇਲੇ ਦੇ ਸਾਰੇ ਪ੍ਰਬੰਧ ਅਗੇਤੇ ਮੁਕੰਮਲ ਕਰਨ। ਉਨ੍ਹਾਂ ਨੇ ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਨੂੰ ਆਦੇਸ਼ ਦਿੱਤੇ ਕਿ ਉਹ ਬਾਕੀ ਵਿਭਾਗਾਂ ਨਾਲ ਸੁਚੱਜਾ ਤਾਲਮੇਲ ਕਰਕੇ ਇਸ ਖੇਡ ਮੇਲੇ ਦੀ ਸਫ਼ਲਤਾ ਲਈ ਪੂਰੀ ਤਨਦੇਹੀ ਨਾਲ ਜੁਟ ਜਾਣ।
ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਸੁਪਨਮਈ ਖੇਡ ਮੇਲੇ ਦੀ ਰੂਪ ਰੇਖਾ ਦਸਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਸ਼ੁਰੂ ਹੋਣ ਵਾਲਾ ਬਲਾਕ ਤੋਂ ਸੂਬਾ ਪੱਧਰ ਤੱਕ ਦੇ ਇਸ ਮੇਲੇ ‘ਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ www.punjabkhedmelaB@BB.in ਪੋਰਟਲ ਉਤੇ ਜਾ ਕੇ 25 ਅਗਸਤ ਤੱਕ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਖੇਡ ਮੇਲੇ ਦੀ ਆਨ ਲਾਈਨ ਰਜਿਸਟ੍ਰੇਸ਼ਨ ਨਾਲ ਖਿਡਾਰੀਆਂ ਦਾ ਉਮਰ ਵਰਗ ਤੇ ਖੇਡ ਅਨੁਸਾਰ ਡਾਟਾਬੇਸ ਤਿਆਰ ਹੋਵੇਗਾ।
ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਐਨ.ਆਈ.ਐਸ. ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਕਰਨਲ ਆਰ.ਐਸ. ਬਿਸ਼ਨੋਈ, ਐਸ.ਪੀ. ਵਜ਼ੀਰ ਸਿੰਘ ਖਹਿਰਾ, ਸਮੂਹ ਐਸ.ਡੀ.ਐਮਜ਼, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਐਨ.ਐਸ. ਸੰਧੂ, ਪੰਜਾਬੀ ਯੂਨਵਰਸਿਟੀ ਦੇ ਖੇਡ ਡਾਇਰੈਕਟਰ ਗੁਰਦੀਪ ਕੌਰ ਰੰਧਾਵਾ ਸਮੇਤ ਦੇਸ਼ ਦਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਉੱਘੇ ਖਿਡਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।