IAS officer Dr. Akshita Gupta gets posting in Patiala
August 29, 2022 - PatialaPolitics
IAS officer Dr. Akshita Gupta gets posting in Patiala
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
2021 ਬੈਚ ਦੀ ਆਈ.ਏ.ਐਸ. ਡਾ. ਅਕਸ਼ਿਤਾ ਗੁਪਤਾ ਨੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਦਾ ਅਹੁਦਾ ਸੰਭਾਲਿਆ
ਪਟਿਆਲਾ, 29 ਅਗਸਤ:
2021 ਬੈਚ ਦੀ ਆਈ.ਏ.ਐਸ. ਅਧਿਕਾਰੀ ਡਾ. ਅਕਸ਼ਿਤਾ ਗੁਪਤਾ ਨੇ ਪਟਿਆਲਾ ਦੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਦਾ ਅਹੁਦਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਮੌਜੂਦਗੀ ‘ਚ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਦੇ ਮਾਪੇ ਪੰਚਕੂਲਾ ਵਿਖੇ ਲੈਕਚਰਾਰ ਸੇਵਾ ਨਿਭਾ ਰਹੇ ਮੀਨਾ ਗੁਪਤਾ ਤੇ ਪ੍ਰਿੰਸੀਪਲ ਡਾ. ਪਵਨ ਗੁਪਤਾ ਵੀ ਮੌਜੂਦ ਸਨ।
ਡਾ. ਅਕਸ਼ਿਤਾ ਨੇ ਸਰਕਾਰੀ ਮੈਡੀਕਲ ਕਾਲਜ, ਸੈਕਟਰ 32 ਚੰਡੀਗੜ੍ਹ ਤੋਂ 2021 ‘ਚ ਐਮ.ਬੀ.ਬੀ.ਐਸ. ਦੀ ਡਿਗਰੀ ਕਰਕੇ ਯੂ.ਪੀ.ਐਸ.ਸੀ. ਦੀ ਵਕਾਰੀ ਪ੍ਰੀਖਿਆ ਪਹਿਲੀ ਵਾਰ ‘ਚ ਹੀ ਪਾਸ ਕਰਕੇ 69ਵਾਂ ਰੈਂਕ ਹਾਸਲ ਕੀਤਾ ਹੈ।
ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਨਿਸ਼ਟ੍ਰੇਸ਼ਨ, ਮਸੂਰੀ ਤੋਂ ਆਈ.ਏ.ਐਸ. ਦੀ ਮੁਢਲੀ ਸਿਖਲਾਈ ਉਪਰੰਤ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪਟਿਆਲਾ ਵਿਖੇ ਬਤੌਰ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਵਜੋਂ ਤਾਇਨਾਤ ਕੀਤਾ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਡਾ. ਅਕਸ਼ਿਤਾ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਸਰਕਾਰੀ ਸੇਵਾ ‘ਚ ਪਹਿਲੇ ਸਥਾਨ ਦੀ ਯਾਦ ਜਿੰਦਗੀ ‘ਚ ਹਮੇਸ਼ਾ ਲਈ ਬਣੀ ਰਹਿੰਦੀ ਹੈ ਇਸ ਲਈ ਪਟਿਆਲਾ ਵਰਗੇ ਵੱਡੇ ਜ਼ਿਲ੍ਹੇ ‘ਚ ਸੇਵਾ ਦੀ ਸਿਖਲਾਈ ਹਾਸਲ ਕਰਦਿਆਂ ਡਾ. ਅਕਸ਼ਿਤਾ ਨੂੰ ਬਹੁਤ ਕੁਝ ਨਵਾਂ ਸਿਖਣ ਨੂੰ ਮਿਲੇਗਾ।
ਡਾ. ਅਕਸ਼ਿਤਾ ਗੁਪਤਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਜ਼ਿਲ੍ਹਾ ਬਹੁਤ ਅਹਿਮ ਜ਼ਿਲ੍ਹਾ ਹੈ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਦੀ ਪਹਿਲੀ ਤਾਇਨਾਤੀ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਰਗੇ ਦੂਰਅੰਦੇਸ਼ੀ ਅਧਿਕਾਰੀ ਦੀ ਗਤੀਸ਼ੀਲ ਅਗਵਾਈ ਹੇਠ ਸਿਖਲਾਈ ਲੈਣ ਦਾ ਮੌਕਾ ਮਿਲਿਆ, ਜਿਸ ਤੋਂ ਉਹ ਬਹੁਤ ਕੁਝ ਸਿੱਖਣਗੇ।
ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਕਸਬਾ ਬਰਾੜਾ ਦੇ ਪਿਛੋਕੜ ਵਾਲੀ ਅਧਿਆਪਕ ਜੋੜੀ ਡਾ. ਅਕਸ਼ਿਤਾ ਗੁਪਤਾ ਦੇ ਮਾਪਿਆਂ ਨੀਨਾ ਗੁਪਤਾ ਤੇ ਡਾ. ਪਵਨ ਗੁਪਤਾ ਨੇ ਕਿਹਾ ਕਿ ਉਹ ਬਹੁਤ ਭਾਗਸ਼ਾਲੀ ਹਨ, ਕਿ ਉਨ੍ਹਾਂ ਦੀ ਸਪੁੱਤਰੀ ਨੂੰ ਪਟਿਆਲਾ ਵਰਗੇ ਜ਼ਿਲ੍ਹੇ ਤੋਂ ਆਪਣੀ ਸੇਵਾ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਅਸ਼ਵਨੀ ਅਰੋੜਾ ਤੇ ਡੀ.ਡੀ.ਐਫ. ਪ੍ਰਿਆ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।