Get ready for New Bus stand Patiala

August 30, 2022 - PatialaPolitics

Get ready for New Bus stand Patiala

Get ready for New Bus stand Patiala

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਟੀਅਰਿੰਗ ਕਮੇਟੀ ਵੱਲੋਂ ਪਟਿਆਲਾ ਦੇ ਅਤਿ-ਆਧੁਨਿਕ ਨਵੇਂ ਬੱਸ ਅੱਡੇ ਦੀ ਉਸਾਰੀ ਕਾਰਜਾਂ ਦੀ ਸਮੀਖਿਆ
-ਪੀ.ਆਰ.ਟੀ.ਸੀ. ਦੇ ਐਮ.ਡੀ. ਤੇ ਲੋਕ ਨਿਰਮਾਣ ਸਮੇਤ ਹੋਰ ਵਿਭਾਗਾਂ ਦੀ ਸਾਂਝੀ ਬੈਠਕ ‘ਚ ਚਰਚਾ
-ਉਸਾਰੀ ਕਾਰਜ ਤੇਜ ਕਰਕੇ ਨਵੇਂ ਬੱਸ ਅੱਡੇ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ-ਸਾਕਸ਼ੀ ਸਾਹਨੀ
ਪਟਿਆਲਾ, 30 ਅਗਸਤ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਸਟੀਅਰਿੰਗ ਕਮੇਟੀ ਨੇ ਰਾਜਪੁਰਾ ਬਾਈਪਾਸ ਨੇੜੇ ਉਸਾਰੀ-ਅਧੀਨ ਪਟਿਆਲਾ ਦੇ ਨਵੇਂ ਅਤਿ-ਆਧੁਨਿਕ ਬੱਸ ਅੱਡੇ ਦੀ ਉਸਾਰੀ ਕਾਰਜਾਂ ਦੀ ਸਮੀਖਿਆ ਕੀਤੀ। ਬੈਠਕ ‘ਚ ਪੀ.ਆਰ.ਟੀ.ਸੀ. ਦੇ ਐਮ.ਡੀ. ਪੂਨਮਦੀਪ ਕੌਰ, ਬੱਸ ਅੱਡੇ ਦੀ ਉਸਾਰੀ ਕਰਵਾ ਰਹੇ ਲੋਕ ਨਿਰਮਾਣ ਵਿਭਾਗ, ਪੀ.ਆਰ.ਟੀ.ਸੀ. ਦੇ ਇੰਜੀਨੀਅਰਿੰਗ ਵਿੰਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਨੂੰ ਹਦਾਇਤ ਕੀਤੀ ਕਿ 60.97 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਬੱਸ ਅੱਡੇ ਦੇ ਨਿਰਮਾਣ ਕਾਰਜਾਂ ਨੂੰ ਜਲਦ ਮੁਕੰਮਲ ਕਰਨ ਲਈ ਲੋੜੀਂਦੇ ਹੋਰ ਫੰਡ ਪ੍ਰਾਪਤ ਕਰਨ ਲਈ ਸੋਧੀ ਤਜਵੀਜ਼ ਅਤੇ ਤੁਲਨਾਤਮਕ ਰੀਪੋਰਟ ਪੀ.ਆਰ.ਟੀ.ਸੀ. ਨੂੰ ਤੁਰੰਤ ਭੇਜੀ ਜਾਵੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਚੱਲ ਰਹੇ ਕੰਮ ‘ਚ ਤੇਜੀ ਲਿਆਉਣ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਬੱਸ ਅੱਡੇ ਦੀ ਉਸਾਰੀ ਦੇ ਵੱਖ-ਵੱਖ ਪੜਾਵਾਂ ‘ਤੇ ਚੱਲ ਰਹੇ ਕੰਮ ਨੂੰ ਤੁਰੰਤ ਪੂਰਾ ਕੀਤਾ ਜਾਵੇ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਅੱਡੇ ਦੇ ਅਗਲੇ ਮੁੱਖ ਹਿੱਸੇ ਸਮੇਤ ਵਰਕਸ਼ਾਪ ਦਾ ਕੁਝ ਕੰਮ ਅਧੂਰਾ ਹੈ, ਜਿਸ ਨੂੰ ਜਲਦ ਮੁਕੰਮਲ ਕਰਨ ਲਈ ਕੰਮ ‘ਚ ਹੋਰ ਤੇਜੀ ਲਿਆਂਦੀ ਗਈ ਹੈ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਐਮ.ਡੀ. ਪੂਨਮਦੀਪ ਕੌਰ ਨੇ ਦੱਸਿਆ ਕਿ ਨਵੇਂ ਅਤਿ-ਆਧੁਨਿਕ ਬੱਸ ਅੱਡੇ ਨੂੰ ਮੁਕੰਮਲ ਕਰਨ ਲਈ ਪੀ.ਆਰ.ਟੀ.ਸੀ. ਵੱਲੋਂ ਲੋਕ ਨਿਰਮਾਣ ਵਿਭਾਗ ਨੂੰ ਲੋੜੀਂਦੇ ਫੰਡ ਜਾਰੀ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 8.51 ਏਕੜ ਰਕਬੇ ‘ਚ ਬਣ ਰਹੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਨਮੂਨੇ ਦੇ ਬੱਸ ਅੱਡੇ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ‘ਤੇ ਪਟਿਆਲਾ ਸ਼ਹਿਰ ਵਾਸੀਆਂ ਅਤੇ ਹੋਰ ਸਵਾਰੀਆਂ ਨੂੰ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਹੋਣਗੀਆਂ।
ਮੀਟਿੰਗ ‘ਚ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਅਸ਼ਵਨੀ ਅਰੋੜਾ, ਪੀ.ਆਰ.ਟੀ.ਸੀ. ਦੇ ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ ਤੋਂ ਇਲਾਵਾ ਪੀ.ਡੀ.ਏ., ਪੰਜਾਬ ਰਾਜ ਬਿਜਲੀ ਨਿਗਮ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।