All set for Navratri 2022 at Shri Kali Mata Mandir Patiala

September 21, 2022 - PatialaPolitics

All set for Navratri 2022 at Shri Kali Mata Mandir Patiala

ਡੀ.ਸੀ. ਤੇ ਐਸ.ਐਸ.ਪੀ. ਵੱਲੋਂ 26 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਨਵਰਾਤਰਿਆਂ ਸਬੰਧੀ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਤਿਆਰੀਆਂ ਦਾ ਜਾਇਜ਼ਾ
-ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾਣਗੇ ਪੁਖ਼ਤਾ ਪ੍ਰਬੰਧ : ਸਾਕਸ਼ੀ ਸਾਹਨੀ
-ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਵੀਲ ਚੇਅਰ ਸਮੇਤ ਸ਼ਰਧਾਲੂਆਂ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ
-ਐਸ.ਐਸ.ਪੀ ਵੱਲੋਂ ਸੁਰੱਖਿਆ ਪ੍ਰਬੰਧ ਲਈ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼
ਪਟਿਆਲਾ, 21 ਸਤੰਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰੀਕ ਨੇ ਸਥਾਨਕ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ 26 ਸਤੰਬਰ ਨੂੰ ਨਵਰਾਤਰਿਆਂ ਦੀ ਸ਼ੁਭ-ਆਰੰਭਤਾ ਮੌਕੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਨੂੰ ਲੈਕੇ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ 26 ਸਤੰਬਰ ਤੋਂ 5 ਅਕਤੂਬਰ ਤੱਕ ਨਵਰਾਤਰਿਆਂ ਦੇ ਦਿਨਾਂ ਦੌਰਾਨ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਇਸ ਲਈ ਪਵਿੱਤਰ ਮੰਦਿਰ ਅਤੇ ਇਸਦੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਉਨ੍ਹਾਂ ਨਵਰਾਤਰਿਆਂ ਮੌਕੇ ਆਉਣ ਵਾਲੇ ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਵੀਲ੍ਹ ਚੇਅਰ ਦਾ ਪ੍ਰਬੰਧ ਕਰਨ ਸਮੇਤ ਸ਼ਰਧਾਲੂਆ ਨੂੰ ਪੀਣ ਵਾਲੇ ਪਾਣੀ, ਸ਼ਰਧਾਲੂਆਂ ਦੀ ਸੁਖਾਵੀਂ ਆਵਾਜਾਈ ਲਈ ਇਲੈਕਟਰਿਕ ਰਿਕਸ਼ਾ ਲਈ ਰੂਟ ਆਦਿ ਤਿਆਰ ਕਰਨ ਲਈ ਕਿਹਾ।
ਐਸ.ਐਸ.ਪੀ. ਦੀਪਕ ਪਾਰੀਕ ਨੇ ਕਿਹਾ ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਆਮਦ ਨੂੰ ਲੈਕੇ ਜ਼ਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਪੁੱਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਾਹਨਾਂ ਦੀ ਪਾਰਕਿੰਗ ਸਮੇਤ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਪਲਾਨ ਵੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਸੁਚਾਰੂ ਟ੍ਰੈਫ਼ਿਕ ਵਿਵਸਥਾ ਯਕੀਨੀ ਬਣਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਏ.ਡੀ.ਸੀ. ਈਸ਼ਾ ਸਿੰਘਲ, ਐਸ.ਪੀ ਵਜੀਰ ਸਿੰਘ ਖਹਿਰਾ ਅਤੇ ਐਸ.ਡੀ.ਐਮ ਇਸਮਿਤ ਵਿਜੈ ਸਿੰਘ ਅਤੇ ਹੋਰ ਪ੍ਰਬੰਧਕ ਮੌਜੂਦ ਸਨ।