ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਯਤਨਾਂ ਸਦਕਾ ਗੁਰੂਆਂ ਵੱਲੋਂ ਵਰੋਸਾਈ ਖੇਡ ਗੱਤਕਾ ਨੈਸ਼ਨਲ ਖੇਡਾਂ 'ਚ ਹੋਈ ਸ਼ਾਮਲ - Patiala News | Patiala Politics - Latest Patiala News

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਯਤਨਾਂ ਸਦਕਾ ਗੁਰੂਆਂ ਵੱਲੋਂ ਵਰੋਸਾਈ ਖੇਡ ਗੱਤਕਾ ਨੈਸ਼ਨਲ ਖੇਡਾਂ ‘ਚ ਹੋਈ ਸ਼ਾਮਲ

May 18, 2023 - PatialaPolitics

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਯਤਨਾਂ ਸਦਕਾ ਗੁਰੂਆਂ ਵੱਲੋਂ ਵਰੋਸਾਈ ਖੇਡ ਗੱਤਕਾ ਨੈਸ਼ਨਲ ਖੇਡਾਂ ‘ਚ ਹੋਈ ਸ਼ਾਮਲ

 

ਵਿਸ਼ਵ ਗੱਤਕਾ ਫੈਡਰੇਸ਼ਨ ਦਾ ਅਗਲਾ ਟੀਚਾ ਗੱਤਕੇ ਨੂੰ ਏਸ਼ੀਆ ਤੇ ਓਲੰਪਿਕ ‘ਚ ਸ਼ਾਮਲ ਕਰਾਉਣਾ : ਰਘਬੀਰ ਚੰਦ

 

ਚੰਡੀਗੜ੍ਹ, 18 ਮਈ:

ਸਹਾਇਕ ਲੋਕ ਸੰਪਰਕ ਅਧਿਕਾਰੀ ਰਘਬੀਰ ਚੰਦ, ਸੀਨੀਅਰ ਮੀਤ ਪ੍ਰਧਾਨ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਨੇ ਗੱਤਕਾ ਖੇਡ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਕਰਾਉਣ ‘ਤੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਇਸ ਇਤਿਹਾਸਕ ਕਲਾ ਨੂੰ ਬਤੌਰ ਖੇਡ ਨੈਸ਼ਨਲ ਪੱਧਰ ‘ਤੇ ਲੈ ਜਾਣ ਲਈ ਸ. ਗਰੇਵਾਲ ਵਧਾਈ ਦੇ ਪਾਤਰ ਹਨ।

ਕਈ ਸਾਲਾਂ ਤੋਂ ਗਰੇਵਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਗੱਤਕੇ ਨੂੰ ਪ੍ਰਮੋਟ ਕਰਨ ਲਈ ਅਣਥੱਕ ਯਤਨ ਕਰ ਰਹੇ ਰਘਬੀਰ ਚੰਦ ਨੇ ਕਿਹਾ ਕਿ ਗੱਤਕਾ ਪ੍ਰਮੋਟਰ ਹਰਜੀਤ ਗਰੇਵਾਲ ਆਪਣੀ ਨੌਕਰੀ ਦੌਰਾਨ ਸਮਾਂ ਕੱਢ ਕੇ ਅਲੱਗ-ਅਲੱਗ ਸੂਬਿਆਂ, ਜ਼ਿਲ੍ਹਿਆਂ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਜਾ ਕੇ ਗੱਤਕੇ ਨੂੰ ਪ੍ਰਮੋਟ ਕਰਨ ਦੇ ਵੱਡੇ ਉਪਰਾਲੇ ਕਰਦੇ ਆ ਰਹੇ ਹਨ ਅਤੇ ਗੱਤਕੇ ਨੂੰ ਬਤੌਰ ਖੇਡ ਨੈਸ਼ਨਲ ਖੇਡਾਂ ਅਤੇ ਖੇਲੋ ਇੰਡੀਆ ਯੂਥ ਗੇਮਜ ਵਿੱਚ ਸ਼ਾਮਲ ਕਰਾਉਣ ਲਈ ਭਾਰਤ ਸਰਕਾਰ ਕੋਲ ਲਗਾਤਾਰ ਚਾਰਾਜੋਈ ਕਰਦੇ ਆ ਰਹੇ ਹਨ ਤਾਂ ਜੋ ਸਤਿਕਾਰਯੋਗ ਗਰੂਆਂ ਵੱਲੋਂ ਸਾਜੀ ਗੱਤਕਾ ਖੇਡ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਜਾ ਸਕੇ। ਇਸ ਖੇਡ ਨੂੰ ਪ੍ਰਮੋਟ ਕਰਨ ਲਈ ਕਿਸੇ ਪਾਸਿਓਂ ਵੀ ਕੋਈ ਵਿੱਤੀ ਸਹਾਇਤਾ ਪ੍ਰਾਪਤ ਨਾ ਹੋਣ ਦੇ ਬਾਵਜੂਦ ਵੀ ਸ. ਗਰੇਵਾਲ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇਸ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਸ ਦੀਆਂ ਗਤੀਵਿਧੀਆਂ ਨੂੰ ਚਲਾਇਆ ਹੈ। ਇਥੋਂ ਤੱਕ ਕਿ ਕਈ ਵਾਰ ਉਹਨਾਂ ਨੂੰ ਸਧਾਰਨ ਬੱਸਾਂ ਵਿੱਚ ਸਫ਼ਰ ਕਰਕੇ ਗੱਤਕਾ ਟੂਰਨਾਮੈਂਟਾਂ ‘ਤੇ ਜਾਣਾ ਪੈਂਦਾ ਸੀ।

ਰਘਬੀਰ ਚੰਦ ਨੇ ਕਿਹਾ ਕਿ ਸਿੱਖ ਅਫਸਰ ਗਰੇਵਾਲ ਨੇ ਇਸ ਵੱਡਮੁੱਲੀ ਖੇਡ ਗੱਤਕਾ, ਜੋ ਸਿੱਖਾਂ ਦੀ ਸ਼ਾਨ ਤੇ ਸਤਿਕਾਰ ਨੂੰ ਵਧਾਉਂਦੀ ਹੈ ਅਤੇ ਜਿਸ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖਾਂ ਦੀ ਪਛਾਣ ਕਰਵਾਈ ਹੈ, ਨੂੰ ਪ੍ਰਮੋਟ ਕਰਨ ਅਤੇ ਨੈਸ਼ਨਲ ਖੇਡਾਂ ਤੇ ਖੇਲੋ ਇੰਡੀਆ ਵਿੱਚ ਸ਼ਾਮਲ ਕਰਵਾਉਣ ਵਿੱਚ ਸ. ਗਰੇਵਾਲ ਦੇ ਅਣਥੱਕ ਯਤਨਾਂ ਤੇ ਮਿਹਨਤ ਅਤੇ ਉਪਰਾਲਿਆਂ ਲਈ ਸਮੂਹ ਖਿਡਾਰੀਆ ਨੇ ਵੀ ਧੰਨਵਾਦ ਕੀਤਾ ਹੈ ਜਿਹਨਾਂ ਬਿਨ੍ਹਾਂ ਇਹ ਕਾਰਜ ਔਖਾ ਹੀ ਨਹੀਂ ਅਸੰਭਵ ਸੀ। ਉਹਨਾਂ ਕਿਹਾ ਕਿ ਅਸੰਭਵ ਨੂੰ ਸੰਭਵ ਬਣਾਉਣ ਦੇ ਯਤਨ ਪ੍ਰਧਾਨ ਗਰੇਵਾਲ ਦੀ ਕਾਰਜਸ਼ੈਲੀ ਦਾ ਹਿੱਸਾ ਹੈ ਅਤੇ ਪੰਜਾਬੀਆਂ ਲਈ ਬਹੁਤ ਵੱਡਾ ਤੋਹਫ਼ਾ ਹੈ। ਉਹਨਾਂ ਕਿਹਾ ਕਿ ਇਸ ਖੇਡ ਦੇ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਹੋਣ ਨਾਲ ਗੱਤਕਾ ਖੇਡਣ ਵਾਲੇ ਬੱਚੇ ਹੁਣ ਨੈਸ਼ਨਲ ਖੇਡਾਂ ਵਿੱਚ ਭਾਗ ਲੈ ਕੇ ਨੌਕਰੀਆਂ ਵਿੱਚ ਵੀ ਅੱਛੇ ਅਤੇ ਸੁਰੱਖਿਅਤ ਸਥਾਨ ਹਾਸਲ ਕਰ ਸਕਣਗੇ ਜੋ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੋਵੇਗੀ।

ਉਹਨਾਂ ਕਿਹਾ ਕਿ ਇੰਨਾਂ ਯਤਨਾਂ ਲਈ ਪ੍ਰਧਾਨ ਸ. ਗਰੇਵਾਲ, ਗੱਤਕਾ ਸੰਸਥਾ ਅਤੇ ਮੈਂਬਰਾਂ ਸਮੇਤ ਸਮੂਹ ਪੰਜਾਬੀਆਂ ਅਤੇ ਜਿਹਨਾਂ ਨੇ ਸਮੇਂ ਸਮੇਂ ਸਿਰ ਗੱਤਕਾ ਖੇਡ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ ਉਨਾਂ ਦਾ ਧੰਨਵਾਦੀ ਹਾਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਕਾਰਜ ਲਈ ਸਦੀਆਂ ਤੱਕ ਧੰਨਵਾਦੀ ਰਹਿਣਗੀਆਂ। ਉਨਾਂ ਕਿਹਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਸਾਡਾ ਅਗਲਾ ਟੀਚਾ ਇਸ ਖੇਡ ਨੂੰ ਏਸ਼ੀਆ ਅਤੇ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਾਉਣਾ ਹੈ ਤਾਂ ਜੋ ਇਸ ਖੇਡ ਦੀ ਮਹੱਤਤਾ ਬਾਰੇ ਪੂਰੀ ਦੁਨੀਆਂ ਨੂੰ ਜਾਣੂ ਕਰਵਾਇਆ ਜਾ ਸਕੇ।

ਸ੍ਰੀ ਰਘਬੀਰ ਚੰਦ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਅਪੀਲ ਕੀਤੀ ਹੈ ਕਿ ਉਹ ਨੈਸ਼ਨਲ ਗੱਤਕਾ ਐਸੋਸੀਏਸ਼ ਆਫ਼ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇਸ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਇਸ ਵੱਡਮੁੱਲੀ ਖੇਡ ਗੱਤਕਾ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਜਾ ਸਕੇ।