Capt Amarinder Singh hands over letters to new PSPCL recruits
June 4, 2018 - PatialaPolitics
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ’ ਦੀ ਸੋਚ ਨੂੰ ਹੋਰ ਅੱਗੇ ਵਧਾਉਂਦਿਆਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਭਰਤੀ ਕੀਤੇ ਵੱਖ-ਵੱਖ ਸ਼੍ਰੇਣੀਆਂ ਦੇ 3683 ਯੋਗ ਕਰਮਚਾਰੀਆਂ ਵਿੱਚੋਂ 35 ਜਣਿਆਂ ਨੂੰ ਨਿਯੁਕਤੀ ਪੱਤਰ ਸੌਂਪੇ। ਜਦੋਂਕਿ ਅੱਜ ਇਥੇ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਕਰਵਾਏ ਗਏ ਇੱਕ ਵਿਸ਼ਾਲ ਨਿਯੁਕਤੀ ਪੱਤਰ ਵੰਡ ਸਮਾਰੋਹ ਮੌਕੇ ਹੋਰ 1800 ਜਣਿਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਬਾਕੀਆਂ ਵੀ ਨੂੰ ਇਸੇ ਮਹੀਨੇ ਨਿਯੁਕਤੀ ਪੱਤਰ ਸੌਂਪ ਦਿੱਤੇ ਜਾਣਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਤਾ, ਰਾਜਮਾਤਾ ਮਹਿੰਦਰ ਕੌਰ ਦੀ ਅੱਜ ਪਹਿਲੀ ਬਰਸੀ ਮੌਕੇ ਸੰਯੋਗਵਸ ਰੱਖੇ ਗਏ ਇਸ ਸਮਾਗਮ ਮੌਕੇ ਐਲਾਨ ਕੀਤਾ ਕਿ ਆਉਂਦੇ ਮਹੀਨਿਆਂ ‘ਚ ਪੰਜਾਬ ਦੇ ਹੋਰਨਾਂ ਵਿਭਾਗਾਂ ‘ਚ ਵੀ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਵੱਲੋਂ ਰੈਗੂਲਰ ਕਰਮਚਾਰੀ ਭਰਤੀ ਕਰਨ ਦੀ ਅਰੰਭੀ ਗਈ ਇਸ ਇਤਿਹਾਸਕ ਪ੍ਰਕਿਰਿਆ ਨਾਲ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਮਿਲਦੀਆਂ ਸੇਵਾਵਾਂ ਵਿੱਚ ਹੋਰ ਵੀ ਸੁਧਾਰ ਹੋਵੇਗਾ।
ਪੰਜਾਬ ਦੀ ਕਿਰਸਾਨੀ, ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਖੇਤੀ ਸਮੇਤ ਪੰਜਾਬ ਦੇ ਹਾਲਾਤ ਬਾਬਤ ਰਾਜਮਾਤਾ ਮਹਿੰਦਰ ਕੌਰ ਨਾਲ ਬੀਤੇ ਸਮੇਂ ‘ਚ ਹੋਏ ਸੰਵਾਦ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ, ”ਉਨ੍ਹਾਂ ਨੇ ਰਾਜਮਾਤਾ ਨੂੰ ਭਰੋਸਾ ਦਿੱਤਾ ਸੀ ਕਿ ਜਦੋਂ ਪੰਜਾਬ ‘ਚ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਇਨ੍ਹਾਂ ਲਈ ਉਹ ਅਵੱਸ਼ ਕੁਝ ਕਰਨਗੇ ਅਤੇ ਅੱਜ ਜਦੋਂ ਉਨ੍ਹਾਂ ਦੀ ਪਹਿਲੀ ਬਰਸੀ ਹੈ ਤਾਂ ਇਸ ਸਮੇਂ ਜਿਥੇ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ, ਉਥੇ ਹੀ ਕਿਸਾਨਾਂ ਦੇ ਕਰਜੇ ਵੀ ਮੁਆਫ਼ ਕੀਤੇ ਗਏ ਹਨ, ਜਦੋਂਕਿ ਉਨ੍ਹਾਂ ਨੇ ਆਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਹੋਰ ਵੀ ਬਹੁਤ ਕਦਮ ਉਠਾਏ ਹਨ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਸੀ ਕਿ ਉਨ੍ਹਾਂ ਦੀ ਸਰਕਾਰ ਨੂੰ ਵਿਰਸੇ ‘ਚ ਵੱਡਾ ਕਰਜਾ ਅਤੇ ਮਾਲੀ ਘਾਟੇ ਸਮੇਤ ਹਰ ਪਾਸੇ ਬੁਰਾ ਹਾਲ ਹੀ ਮਿਲਿਆ ਪਰੰਤੂ ਉਨ੍ਹਾਂ ਨੇ ਫੇਰ ਵੀ ਇਸ ਨੂੰ ਸੁਧਾਰਨ ਦੇ ਯਤਨ ਅਰੰਭੇ ਪਰੰਤੂ ਇਸਨੂੰ ਕੁਝ ਸਮਾਂ ਜਰੂਰ ਲੱਗੇਗਾ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਉਹ ਆਪਣਾ ਵਾਅਦਾ ਪੂਰਾ ਕਰਦਿਆਂ ਨਵੰਬਰ ਮਹੀਨੇ ਤੱਕ 10 ਲੱਖ ਕਿਸਾਨਾਂ ਦੇ ਕਰਜੇ ਮੁਆਫ਼ ਕਰ ਦੇਣਗੇ।
ਮੁੱਖ ਮੰਤਰੀ ਨੇ ਰੋਜ਼ਗਾਰ ਬਾਬਤ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ 1.65 ਲੱਖ ਨੌਜਵਾਨਾਂ ਨੂੰ ਸਰਕਾਰੀ ਤੇ ਗ਼ੈਰਸਰਕਾਰੀ ਖੇਤਰ ‘ਚ ਨੌਕਰੀਆਂ ਦਿੱਤੀਆਂ ਹਨ ਅਤੇ ਭਵਿੱਖ ‘ਚ ਨੌਜਵਾਨਾਂ ਨੂੰ ਹੁਨਰ ਵਿਕਾਸ ਤੇ ਤਕਨੀਕੀ ਸਿੱਖਿਆ ਜਰੀਏ ਇਨ੍ਹਾਂ ਖੇਤਰਾਂ ‘ਚ ਹੋਰ ਵੀ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
ਸੂਬੇ ਦੀ ਖੁਸ਼ਹਾਲੀ ਅਤੇ ਤਰੱਕੀ ਵਿੱਚ ਪਾਏ ਯੋਗਦਾਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਨਿਗਮ ਸੂਬੇ ਅੰਦਰ ਰੋਜਗਾਰ ਦੇ ਸਾਧਨ ਮੁਹੱਈਆ ਕਰਵਾਉਣ ਵਿੱਚ ਵੀ ਬਹੁਤ ਹੀ ਜਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾ ਰਿਹਾ ਹੈ। ਨਵੇਂ ਚੁਣੇ ਕਰਮਚਾਰੀਆਂ, ਜਿਨ੍ਹਾਂ ‘ਚ ਸਹਾਇਕ ਲਾਇਨਮੈਨ, ਜੂਨੀਅਰ ਇੰਜੀਨੀਅਰਜ, ਸਬ ਸਟੇਸ਼ਨ ਸਹਾਇਕ ਅਤੇ ਐਲ.ਡੀ.ਸੀ. ਕਲਰਕ ਸ਼ਾਮਲ ਹਨ, ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਸੱਦਾ ਦਿੱਤਾ ਕਿ ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਦਿਆਨਤਾਰੀ ਨਾਲ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਬਾਕੀ ਰਹਿੰਦੇ ਨਿਯੁਕਤੀ ਪੱਤਰ ਇਕ ਮਹੀਨੇ ‘ਚ ਦੇ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਉਦਯੋਗ ਅਤੇ ਸੇਵਾ ਦੇ ਖੇਤਰ ‘ਚ ਨਿਵੇਸ਼ ਨੂੰ ਉਤਸ਼ਾਹਤ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਸੂਬੇ ‘ਚ ਘਟ ਰੇਟ ‘ਤੇ ਬਿਜਲੀ ਮੁਹੱਈਆ ਕਰਵਾ ਰਹੀ ਹੈ। ਜਦੋਂਕਿ ਪਿਛਲੇ ਸਮੇਂ ‘ਚ ਗੋਬਿੰਦਗੜ੍ਹ ਵਿਖੇ ਵੱਡੀਆਂ ਫਰਨਿਸ਼ਾਂ ਬੰਦ ਹੋ ਗਈਆਂ ਸਨ ਜੋਕਿ ਮੁੜ ਚਾਲੂ ਹੋ ਰਹੀਆਂ ਹਨ ਅਤੇ ਹੋਰ ਵੀ ਜਲਦ ਚਾਲੂ ਹੋਣਗੀਆਂ।
ਪੀ.ਐਸ.ਪੀ.ਸੀ.ਐਲ. ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2016-17 ਦਰਮਿਆਨ ਕਾਰਪੋਰੇਸ਼ਨ ਦਾ ਘਾਟਾ 3000 ਕਰੋੜ ਰੁਪਏ ਸੀ। ਕਾਰਪੋਰੇਸ਼ਨ ਵੱਲੋਂ ਲਏ ਗਏ ਠੋਸ ਯਤਨਾਂ ਸਦਕਾ ਸਾਲ 2017-18 ਦਰਮਿਆਨ ਇਹ ਘਾਟਾ 800 ਕਰੋੜ ਰੁਪਏ ਘਟਾਇਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਾਉਣ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਨੇ ਖੇਤੀਬਾੜੀ ਲਈ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਸਬੰਧੀ ਪ੍ਰਕਿਰਿਆ ਆਰੰਭੀ ਹੋਈ ਹੈ। ਜਦੋਂਕਿ ਰਾਜ ਵਿੱਚ ਸਨਅਤ ਅਤੇ ਰੁਜਗਾਰ ਦੇ ਸਾਧਨ ਮੁਹੱਈਆ ਕਰਵਾਉਣ ਲਈ ਸਨਅਤੀ ਖਪਤਕਾਰਾਂ ਵਿੱਚ ਐਮ.ਐਸ. ਅਤੇ ਐਲ.ਐਸ. ਸ਼੍ਰੇਣੀ ਦੇ ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਯੁਨਿਟ ਅਤੇ ਐਸ.ਪੀ. ਸ਼੍ਰੇਣੀ ਦੇ ਖਪਤਕਾਰਾਂ ਨੂੰ 4.99 ਪ੍ਰਤੀ ਯੁਨਿਟ ਸਸਤੇ ਰੇਟਾਂ ਤੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।
ਸੂਬੇ ‘ਚ ਨਿਰਵਿਘਨ ਬਿਜਲੀ ਸਪਲਾਈ ਲਈ ਪੀ.ਐਸ.ਪੀ.ਸੀ.ਐਲ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਹਾਲ ਹੀ ‘ਚ ਜੀਰਕਪੁਰ ਵਿਖੇ 36 ਘੰਟੇ ਬਿਜਲੀ ਬੰਦ ਰਹਿਣ ਦਾ ਜਿਕਰ ਕੀਤਾ ਕਿ ਜਦੋਂ ਬਿਜਲੀ ਸਪਲਾਈ ‘ਚ ਸੁਧਾਰ ਲਈ ਨਵੇਂ ਟ੍ਰਾਂਸਫ਼ਾਰਮਰ ਲੱਗਦੇ ਹਨ ਤਾਂ ਲੋਕਾਂ ਨੂੰ ਬਿਜਲੀ ਨਿਗਮ ਦਾ ਸਾਥ ਵੀ ਦੇਣਾਂ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਿਗਮ ਨੇ ਪਿਛਲੇ ਵਰੇ 4 ਲੱਖ ਨਵੇਂ ਕੁਨੈਕਸ਼ਨ ਜਾਰੀ ਕੀਤੇ ਅਤੇ ਭਵਿੱਖ ‘ਚ 72 ਘੰਟਿਆਂ ‘ਚ ਘਰੇਲੂ ਕੁਨੈਕਸ਼ਨ ਜਾਰੀ ਕਰ ਦਿੱਤੇ ਜਾਇਆ ਕਰਨਗੇ।
ਇਸ ਸਮੇਂ ਨਵੇਂ ਮੁਲਾਜਮਾਂ ਨੂੰ ਵਧਾਈ ਦਿੰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਜਿੱਥੇ ਨਵੇਂ ਭਰਤੀ ਹੋਏ ਮੁਲਾਜਮਾਂ ਸਿਰ ਵੱਡੀ ਜਿੰਮੇਵਾਰੀ ਪਈ ਹੈ, ਉਥੇ ਹੀ ਉਨ੍ਹਾਂ ਨੇ ਆਪਣੀ ਜਿੰਦਗੀ ਦੀ ਨਵੀਂ ਸ਼ੁਰੂਆਤ ਵੀ ਕਰਨੀ ਹੈ। ਉਨ੍ਹਾਂ ਨੇ ਨਾਲ ਹੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਮੁੜ ਤੋਂ ਨੰਬਰ ਇੱਕ ਸੂਬਾ ਬਣਾਉਣ ਲਈ ਉਹ ਪੰਜਾਬ ਸਰਕਾਰ ਦਾ ਸਾਥ ਦੇਣ ਕਿਉਂਕਿ ਕੈਪਟਨ ਸਰਕਾਰ ਹਰ ਵਾਅਦਾ ਪੂਰਾ ਕਰੇਗੀ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸੂਬੇ ਦੀ ਮਾੜੀ ਮਾਲੀ ਆਰਥਿਕ ਹਾਲਤ ਹੋਣ ਅਤੇ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਸਮੇਤ ਹੋਰ ਬਣਦਾ ਹਿੱਸਾ ਸਮੇਂ ਸਿਰ ਨਾ ਦੇਣ ਦੇ ਬਾਵਜੂਦ ਵੀ ਦੋ ਵੱਡੇ ਵਾਅਦੇ ਪੂਰੇ ਕਰਦਿਆਂ ਜਿੱਥੇ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਉਥੇ ਹੀ ਘਰ-ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਮੈਨੀਫੈਸਟੋ ‘ਚ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ ਪਰੰਤੂ ਪੰਜਾਬ ਦੇ ਲੋਕਾਂ ਨੂੰ ਕੁਝ ਸਮਾਂ ਹੋਰ ਸਬਰ ਕਰਦਿਆਂ ਸਰਕਾਰ ਦਾ ਸਾਥ ਦੇਣਾ ਪਵੇਗਾ।
ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਜਿਥੇ ਗੱਪਾਂ ਅਤੇ ਝੂਠੇ ਪ੍ਰਚਾਰ ਦਾ ਖੱਟਿਆ ਖਾਂਦੇ ਹਨ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ, ਪੰਜਾਬੀਅਤ ਅਤੇ ਰਾਜ ਦੇ ਹਰ ਵਰਗ ਦੇ ਆਗੂ ਬਣਕੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਭੇਜੇ ਕਿਸਾਨਾਂ ਦੇ ਸੋਕੇ ਦੇ 800 ਕਰੋੜ ਰੁਪਏ ਵਿੱਚੋਂ ਵੀ ਕਿਸਾਨਾਂ ਨੂੰ ਫੁੱਟੀ ਕੌਢੀ ਨਹੀਂ ਦੇ ਸਕੇ ਉਹੋ ਹੁਣ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀ ਦੋ-ਦੋ ਲੱਖ ਰੁਪਏ ਦੀ ਕਰਜਾ ਮੁਆਫ਼ੀ ਨੂੰ ਮਜਾਕ ਦੱਸਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ‘ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਕਿਉਂਕਿ ਭਾਜਪਾ ਤਾਂ ਆਪਣੇ ਆਖਰੀ ਸਾਂਹ ਗਿਣ ਰਹੀ ਹੈ।
ਇਸ ਮੌਕੇ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਪੰਜਾਬ ਦੇ ਬਿਜਲੀ ਤੇ ਨਵਿਉਣਯੋਗ ਊਰਜਾ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਹੈ ਅਤੇ ਅੱਜ ਬਿਜਲੀ ਨਿਗਮ ਵੱਲੋਂ ਦਿੱਤੀਆਂ ਜਾ ਰਹੀਆਂ ਇਹ ਨੌਕਰੀਆਂ ਵੀ ਇਸੇ ਸੋਚ ਦਾ ਹਿੱਸਾ ਹਨ। ਸ. ਕਾਂਗੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਭਰੋਸਾ ਕੈਪਟਨ ਅਮਰਿੰਦਰ ਸਿੰਘ ਉਪਰ ਪ੍ਰਗਟਾਇਆ ਹੈ, ਬਿਜਲੀ ਨਿਗਮ ਇਸ ਭਰੋਸੇ ਉਤੇ ਪੂਰਾ ਖਰ੍ਹਾ ਉਤਰੇਗਾ। ਉਨ੍ਹਾਂ ਨੇ ਨਵੇਂ ਮੁਲਾਜਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਿਜਲੀ ਨਿਗਮ ‘ਚ ਖਾਲੀ ਪਈਆਂ ਹੋਰ ਅਸਾਮੀਆਂ ਵੀ ਜਲਦ ਭਰੀਆਂ ਜਾਣਗੀਆਂ। ਸ. ਕਾਂਗੜ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਕਿਸਾਨਾਂ ਨੂੰ ਆਗਾਮੀ ਝੋਨੇ ਦੇ ਸੀਜਨ ‘ਚ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।
ਇਸ ਮੌਕੇ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਸ਼੍ਰੀ ਏ.ਵੇਨੂੰ ਪ੍ਰਸਾਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੀਆਂ ਸ਼ਖ਼ਸੀਅਤਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਮੁਲਾਜਮਾਂ ਨੂੰ ਵਧਾਈ ਦਿੱਤੀ। ਸ੍ਰੀ ਪ੍ਰਸਾਦ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ 4 ਯੂਨਿਟ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ 2 ਯੂਨਿਟ ਬੰਦ ਹੋਣ ਨਾਲ ਬਿਜਲੀ ਦੀ ਪੂਰਤੀ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਸਾਲ 2017-18 ਦੌਰਾਨ ਨਵੇਂ ਘੱਟ ਰੇਟਾਂ ਤੇ ਬਿਜਲੀ ਖਰੀਦ ਸਮਝੌਤੇ ਕੀਤੇ ਗਏ ਹਨ।
ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਆਰ.ਪੀ. ਪਾਂਡਵ ਨੇ ਧੰਨਵਾਦ ਕੀਤਾ। ਇਸ ਸਮੇਂ ਬਿਜਲੀ ਨਿਗਮ ਦੇ ਪ੍ਰਬੰਧਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ੍ਰੀਮਤੀ ਪਰਨੀਤ ਕੌਰ ਅਤੇ ਕੈਬਨਿਟ ਵਜੀਰਾਂ ਦਾ ਸਨਮਾਨ ਕੀਤਾ ਗਿਆ। ਜਦੋਂ ਕਿ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ ਵੱਲੋਂ ਮੁੱਖ ਮੰਤਰੀ ਨੂੰ ਡਾ. ਗੁਰਬਚਨ ਸਿੰਘ ਤਾਲਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜੀ ਵਿੱਚ ਕੀਤੇ ਗਏ ਅਨੁਵਾਦ ਦੀਆਂ 4 ਪੌਥੀਆਂ ਭੇਟ ਕੀਤੀਆਂ। ਜਦੋਂਕਿ ਕੈਬਨਿਟ ਵਜੀਰਾਂ ਨੂੰ ਵੀ ਪੁਸਤਕ ‘ਰਾਗ ਰਤਨ’ ਦੇ ਸੈਟ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਵਿਧਾਇਕ ਰਾਜਪੁਰਾ ਸ੍ਰੀ ਹਰਦਿਆਲ ਸਿੰਘ ਕੰਬੋਜ, ਵਿਧਾਇਕ ਘਨੌਰ ਸ੍ਰੀ ਮਦਨ ਲਾਲ ਜਲਾਲਪੁਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਐਮ.ਪੀ. ਸਿੰਘ ਤੇ ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ. ਹਰਿੰਦਰ ਪਾਲ ਸਿੰਘ ਹੈਰੀਮਾਨ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਪੀ.ਕੇ. ਪੁਰੀ, ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਰੀਤਇੰਦਰ ਸਿੰਘ ਰਿੱਕੀ ਮਾਨ, ਸੰਤੋਖ ਸਿੰਘ, ਅਨਿਲ ਮਹਿਤਾ, ਕੇ.ਕੇ. ਸਹਿਗਲ, ਦਰਸ਼ਨ ਸਿੰਘ ਘੁੰਮਣ, ਸੁਖਦੇਵ ਮਹਿਤਾ, ਕੇ.ਕੇ. ਮਲਹੋਤਰਾ, ਜਸਵਿੰਦਰ ਸਿੰਘ ਰੰਧਾਵਾ, ਗੁਰਸ਼ਰਨ ਕੌਰ ਰੰਧਾਵਾ, ਕੁਲਵਿੰਦਰ ਸਿੰਘ ਲਵਲੀ, ਬਿਜਲੀ ਨਿਗਮ ਦੇ ਡਾਇਰੈਕਟਰ ਵਿੱਤ ਸ੍ਰੀ ਜਤਿੰਦਰ ਗੋਇਲ, ਡਾਇਰੈਕਟਰ ਵੰਡ ਐਨ.ਕੇ. ਸ਼ਰਮਾ, ਡਾਇਰੈਕਟਰ ਵਣਜ ਓ.ਪੀ. ਗਰਗ, ਟੀ.ਆਰ. ਸਰੰਗਲ, ਮੁੱਖ ਇੰਜੀਨੀਅਰ ਐਚ.ਆਰ.ਡੀ. ਜਸਵਿੰਦਰ ਪਾਲ, ਮੰਡਲ ਕਮਿਸ਼ਨਰ ਸ੍ਰੀ ਵੀ.ਕੇ. ਮੀਨਾ, ਆਈ.ਜੀ. ਪਟਿਆਲਾ ਰੇਂਜ ਸ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ: ਐਸ. ਭੂਪਤੀ, ਐਸ.ਪੀ. ਸਥਾਨਕ ਸ੍ਰੀਮਤੀ ਕੰਵਰਦੀਪ ਕੌਰ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਪਟਿਆਲਾ ਦੇ ਕੌਂਸਲਰ ਹੋਰ ਪਤਵੰਤੇ ਅਤੇ ਬਿਜਲੀ ਨਿਗਮ ਤੇ ਅਧਿਕਾਰੀ ਤੇ ਕਰਮਚਾਰੀਆਂ ਸਮੇਤ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੇ ਮਾਪੇ ਆਦਿ ਵੀ ਹਾਜਰ ਸਨ।