Punjabi Prabodh exam on March 10
February 16, 2024 - PatialaPolitics
Punjabi Prabodh exam on March 10
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਪ੍ਰਬੋਧ ਪ੍ਰੀਖਿਆ 10 ਮਾਰਚ ਨੂੰ ਰੱਖੀ ਗਈ ਹੈ। ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੇ ਮੁੱਖ ਦਫ਼ਤਰ ਪਟਿਆਲਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਭਰੀਆਂ ਜਾਣ ਵਾਲੀਆਂ ਗਰੁੱਪ ਸੀ ਅਤੇ ਇਸ ਤੋਂ ਉੱਪਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਲਈ ਨਿਰਧਾਰਤ ਯੋਗਤਾਵਾਂ ਵਿੱਚੋਂ ਇੱਕ ਯੋਗਤਾ ਮੈਟ੍ਰਿਕ ਪੱਧਰ ਦੀ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ। ਜਿਨ੍ਹਾਂ ਉਮੀਦਵਾਰਾਂ ਕੋਲ ਮੈਟ੍ਰਿਕ ਪੱਧਰ ਦੀ ਪੰਜਾਬੀ ਦੀ ਯੋਗਤਾ ਨਹੀਂ ਹੈ, ਭਾਸ਼ਾ ਵਿਭਾਗ ਪੰਜਾਬ ਵੱਲੋਂ ਅਜਿਹੇ ਉਮੀਦਵਾਰਾਂ ਦੀ ਪੰਜਾਬੀ ਪ੍ਰਬੋਧ ਪ੍ਰੀਖਿਆ 10 ਮਾਰਚ, 2024 (ਦਿਨ ਐਤਵਾਰ) ਨੂੰ ਲਈ ਜਾਵੇਗੀ। ਇਸ ਸਬੰਧੀ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਕ 6 ਮਾਰਚ ਨਿਸਚਤ ਕੀਤੀ ਗਈ ਹੈ। ਪਹਿਲਾਂ ਦੀ ਤਰ੍ਹਾਂ ਇਹ ਪ੍ਰੀਖਿਆ ਵਿਭਾਗ ਦੇ ਮੁੱਖ ਦਫਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਹੋਵੇਗੀ। ਇਸ ਪ੍ਰੀਖਿਆ ਦੀ ਫੀਸ 2000/- ਰੁਪਏ ਹੈ ਜੋ ਕਿ ਨਕਦ ਵਸੂਲ ਕੀਤੀ ਜਾਵੇਗੀ। ਫਾਰਮ ਜਮ੍ਹਾਂ ਕਰਵਾਉਣ ਵਾਲੇ ਉਮੀਦਵਾਰ ਆਪਣੇ ਨਾਲ ਦਸਵੀਂ, ਬਾਰ੍ਹਵੀਂ ਅਤੇ ਗ੍ਰੈਜੁਏਸ਼ਨ ਦੇ ਅਸਲ ਸਰਟੀਫਿਕੇਟ ਅਤੇ ਇਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਇਕ 30 ਗੁਣਾ 25 ਸੈਂਟੀਮੀਟਰ ਸਾਈਜ਼ ਦਾ ਸਵੈ ਪਤੇ ਵਾਲਾ ਲਿਫਾਫਾ ਜਿਸ ਉਤੇ 40/- ਰੁਪਏ ਦੀਆਂ ਡਾਕ ਟਿਕਟਾਂ ਲੱਗੀਆਂ ਹੋਣ ਅਤੇ ਪੰਜ ਫੋਟੋਆਂ ਇੱਕੋ ਸਨੈਪ ਦੀਆਂ ਪਾਸਪੋਰਟ ਸਾਈਜ਼ (ਜਿਨ੍ਹਾਂ ਵਿੱਚੋਂ ਦੋ ਫੋਟੋਆਂ ਗਜ਼ਟਿਡ ਅਫਸਰ ਵੱਲੋਂ ਤਸਦੀਕ ਕੀਤੀਆਂ ਹੋਣ) ਜਿਨ੍ਹਾਂ ਦੀ ਬੈਕ ਗਰਾਊਂਡ ਅਤੇ ਕੱਪੜੇ ਹਲਕੇ ਰੰਗ ਦੇ ਹੋਣ, ਨਾਲ ਲਿਆਉਣੀਆਂ ਲਾਜ਼ਮੀ ਹਨ। ਪੰਜਾਬੀ ਪ੍ਰਬੋਧ ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਦੇ ਫੋਨ ਨੰਬਰ 0175-2214469 ਤੇ ਸੰਪਰਕ ਕੀਤਾ ਜਾ ਸਕਦਾ ਹੈ।