Awareness rally held on the occasion of International Mother Language Day

February 22, 2024 - PatialaPolitics

Awareness rally held on the occasion of International Mother Language Day

ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ
ਪਟਿਆਲਾ, 22 ਫਰਵਰੀ:
ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਅਤੇ ਹਰਪ੍ਰੀਤ ਕੌਰ ਡਾਇਰੈਕਟਰ,  ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਅਧੀਨ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਡਾ. ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਝੰਡੀ ਦੇ ਕੇ ਰਵਾਨਾ ਕੀਤਾ।
ਡਾ. ਮਨਜਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਨੇ ਇਸ ਚੇਤਨਾ ਰੈਲੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰੈਲੀ ਵਿੱਚ ਪਟਿਆਲਾ ਵਾਸੀਆਂ ਨੂੰ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪ੍ਰਫੁੱਲਤਾ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ ਗਿਆ। ਰੈਲੀ ਦੌਰਾਨ ਮਾਂ-ਬੋਲੀ ਦੀ ਮਹੱਤਤਾ ਨੂੰ ਦਰਸਾਉਂਦੇ ਵੱਖ-ਵੱਖ ਨਾਅਰਿਆਂ ਰਾਹੀਂ ਪਟਿਆਲਾ ਵਾਸੀਆਂ ਨੂੰ ਆਪਣੀਆਂ ਸੰਸਥਾਵਾਂ/ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਆਦਿ ਦੀਆਂ ਨਾਮ ਪੱਟੀਆਂ/ਬੋਰਡ  ਪੰਜਾਬੀ ਭਾਸ਼ਾ(ਗੁਰਮੁਖੀ ਲਿਪੀ) ਵਿਚ ਲਿਖਣ ਸਬੰਧੀ ਅਪੀਲ ਵੀ ਕੀਤੀ ਗਈ। ਇਹ ਰੈਲੀ ਭਾਸ਼ਾ ਭਵਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਮੁੱਖ ਦਫ਼ਤਰ ਵਿਖੇ ਖ਼ਤਮ ਹੋਈ। ਇਸ ਰੈਲੀ  ਵਿਚ ਭਾਸ਼ਾ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਤੋਂ ਬਿਨਾਂ ਆਈ.ਟੀ.ਆਈ (ਇਸਤਰੀਆਂ) ਦੇ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਰੈਲੀ ਦੀ ਸ਼ੁਰੂਆਤ ਮੌਕੇ ਸ੍ਰੀਮਤੀ ਹਰਪ੍ਰੀਤ ਕੌਰ ਡਾਇਰੈਕਟਰ,ਭਾਸ਼ਾ ਵਿਭਾਗ, ਹਰਭਜਨ ਕੌਰ, ਡਿਪਟੀ ਡਾਇਰੈਕਟਰ, ਅਮਰਿੰਦਰ ਸਿੰਘ, ਜਸਪ੍ਰੀਤ ਕੌਰ, ਸੁਰਿੰਦਰ ਕੌਰ ਸਹਾਇਕ ਡਾਇਰੈਕਟਰ, ਗੁਰਮੀਤ ਸਿੰਘ  ਹਰਪ੍ਰੀਤ ਸਿੰਘ,ਖੋਜ ਸਹਾਇਕ, ਭੁਪਿੰਦਰ ਸਿੰਘ ਸੀਨੀਅਰ ਸਹਾਇਕ ਆਦਿ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਗਮੇਲ ਸਿੰਘ ਦੁਆਰਾ ਮਾਂ-ਬੋਲੀ ਬਾਰੇ ਲਗਾਏ ਜਾ ਰਹੇ ਜ਼ੋਰਦਾਰ ਨਾਅਰਿਆਂ ਦਾ ਜਵਾਬ ਦਿੰਦੇ ਹੋਏ ਰੈਲੀ ਨੂੰ ਸ਼ਹਿਰ ਲਈ ਰਵਾਨਾ ਕੀਤਾ।
ਇਸ ਰੈਲੀ ਦੀ ਸਫਲਤਾਪੂਰਵਕ ਸਮਾਪਤੀ ਉਪਰੰਤ  ਬਾਅਦ ਦੁਪਹਿਰ ਦਫ਼ਤਰ ਵਿਖੇ ਚਲਦੀ ਉਰਦੂ ਆਮੋਜ਼ ਦੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਵੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਡਾ.ਮਨਜਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਅਤੇ ਡਾ. ਮੁਦੱਸਰ ਰਸ਼ੀਦ ਰਾਥਰ, ਉਰਦੂ ਅਧਿਆਪਕ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦਿਵਸ ਦੀ ਵਧਾਈ ਦਿੱਤੀ।ਇਸ ਦੌਰਾਨ ਹਾਜ਼ਰ ਸਮੁੱਚੇ ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਭਾਸ਼ਾ ਵਿਭਾਗ, ਪੰਜਾਬ ਵਿਖੇ ਇਹ ਪੂਰਾ ਦਿਨ ਮਾਤ ਭਾਸ਼ਾ ਪੰਜਾਬੀ ਦੇ ਰੰਗ ਵਿੱਚ ਰੰਗਿਆ ਰਿਹਾ।