Lok Sabha Elections 2024: Candidates With Criminal Cases Must Give Ads Thrice
March 19, 2024 - PatialaPolitics
Lok Sabha Elections 2024: Candidates With Criminal Cases Must Give Ads Thrice
ਉਮੀਦਵਾਰਾਂ ਨੂੰ ਆਪਣੇ ਵਿਰੁੱਧ ਦਰਜ ਮੁਕੱਦਮੇ ਬਾਰੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ‘ਚ ਤਿੰਨ ਵਾਰ ਦੇਣਾ ਪਵੇਗਾ ਇਸ਼ਤਿਹਾਰ
-ਜ਼ਿਲ੍ਹਾ ਚੋਣ ਅਫ਼ਸਰ ਤੇ ਐਸ.ਐਸ.ਪੀ ਵੱਲੋਂ ਸਿਆਸੀ ਪਾਰਟੀਆਂ ਨੂੰ ਚੋਣ ਜਾਬਤੇ ਦੀ ਪਾਲਣਾ ਸਖ਼ਤੀ ਨਾਲ ਕਰਨ ਦੀ ਅਪੀਲ
-ਚੋਣ ਜਾਬਤੇ ਦੀ ਪਾਲਣਾ ਸਬੰਧੀਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਪਟਿਆਲਾ, 19 ਮਾਰਚ:
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਲੋਕ ਸਭਾ ਚੋਣਾਂ ਸਬੰਧੀਂ ਲਾਗੂ ਹੋਏ ਚੋਣ ਜਾਬਤੇ ਤੋਂ ਜਾਣੂ ਕਰਵਾਉਣ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਚੋਣ ਜਾਬਤੇ ਦੀ ਸਖ਼ਤੀ ਪਾਲਣਾ ਨਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਿਆਸੀ ਪਾਰਟੀਆਂ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਪੂਰਾ ਸਹਿਯੋਗ ਦੇਵੇਗਾ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਦੀ ਵੋਟ ਪਟਿਆਲਾ ਲੋਕ ਸਭਾ ਹਲਕੇ ਵਿੱਚ ਨਹੀਂ ਬਣੀ ਹੋਈ ਤਾਂ ਉਹ ਆਪਣੀ ਵੋਟ ਨਾਮਜਦਗੀ ਦੇ ਆਖਰੀ ਦਿਨ ਤੋਂ 10 ਦਿਨ ਪਹਿਲਾਂ ਤੱਕ ਫਾਰਮ ਨੰਬਰ 6 ਭਰਕੇ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਆਪਣੀਆਂ ਸਾਰੀਆਂ ਗਤੀਵਿਧੀਆਂ ਨਿਰਧਾਰਤ ਨਿਯਮਾਂ ਅਤੇ ਆਦਰਸ਼ ਚੋਣ ਜਾਬਤੇ ਦੇ ਨਿਰਧਾਰਤ ਨੇਮਾਂ ਅੰਦਰ ਰਹਿ ਕੇ ਹੀ ਕਰਨ ਤਾਂ ਉਨ੍ਹਾਂ ਨੂੰ ਕੋਈ ਦਿਕਤ ਨਹੀਂ ਆਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਮੀਦਵਾਰ ਲਈ ਕਾਨੂੰਨੀ ਚੋਣ ਖ਼ਰਚੇ ਦੀ ਸੀਮਾ 95 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ, ਇਸ ਲਈ ਸਾਰੇ ਉਮੀਦਵਾਰ ਨਿਯਮਾਂ ਦਾ ਪਾਲਣ ਕਰਨ ਕਿਉਂਕਿ ਉਨ੍ਹਾਂ ਦੇ ਖਰਚੇ ‘ਤੇ ਨਜ਼ਰ ਰੱਖੀ ਜਾਵੇਗੀ। ਖ਼ਰਚੇ ਦਾ ਸਾਰਾ ਲੇਖਾ ਜੋਖਾ ਰੱਖਿਆ ਜਾਵੇ ਤੇ ਇਸ ਦੀ ਤਿੰਨ ਵਾਰ ਪੜਤਾਲ ਕੀਤੀ ਜਾਵੇਗੀ ਤੇ ਜੇਕਰ ਕੋਈ ਉਮੀਦਵਾਰ ਖਰਚੇ ਰਜਿਸਟਰ ਦੀ ਪੜਤਾਲ ਨਹੀਂ ਕਰਵਾਉਂਦਾ ਤਾਂ ਪ੍ਰਵਾਨਗੀਆਂ ਰੱਦ ਹੋਣ ਜਾਣਗੀਆਂ।
ਪ੍ਰਚਾਰ ਲਈ ਵਰਤੇ ਜਾਣ ਵਾਲੇ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਵੀ ਚੋਣ ਕਮਿਸ਼ਨ ਵੱਲੋਂ ਤਿੱਖੀ ਨਜ਼ਰ ਰੱਖੀ ਜਾਵੇਗੀ, ਜਿਸ ਲਈ ਹਰ ਤਰ੍ਹਾਂ ਦੇ ਪ੍ਰਚਾਰ ਲਈ ਉਮੀਦਵਾਰਾਂ ਵੱਲੋਂ ਅਗੇਤੀਆਂ ਪ੍ਰਵਾਨਗੀਆਂ ਲੈਣੀਆਂ ਲਾਜਮੀ ਹਨ। ਉਨ੍ਹਾਂ ਕਿਹਾ ਕਿ ਸਾਰੀ ਪ੍ਰਚਾਰ ਸਮੱਗਰੀ ਉਪਰ ਪ੍ਰਿੰਟਰ ਤੇ ਪਬਲਿਸ਼ਰ ਦਾ ਨਾਮ ਲਿਖਿਆ ਹੋਣਾ ਲਾਜਮੀ ਹੈ।
ਨਾਮਜਦਗੀ ਸਮੇਂ ਹਰ ਉਮੀਦਵਾਰ ਨੂੰ ਫਾਰਮ ਨੰਬਰ 26 ਭਰਨ ਸਮੇਂ ਹਲਫ਼ੀਆ ਬਿਆਨ ਦਾ ਹਰ ਕਾਲਮ ਭਰਨ ਸਮੇਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਵੀ ਜਾਣਕਾਰੀ ਦੇਵੇਗਾ। ਇਸ ਤੋਂ ਬਿਨ੍ਹਾਂ ਉਮੀਦਵਾਰ ਨਾਮਜਦਗੀ ਦਾਖਲ ਕਰਨ ਦੀ ਪ੍ਰਕ੍ਰਿਆ ਚੋਣ ਕਮਿਸ਼ਨ ਵੱਲੋਂ 7 ਮਈ 2024 ਨੂੰ ਜਾਰੀ ਹੋਣ ਵਾਲੇ ਨੋਟੀਫਿਕੇਸ਼ਨ ਦੇ ਨਾਲ ਸ਼ੁਰੂ ਹੋ ਜਾਵੇਗੀ। ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾ ਕੋਈ ਵੀ ਕਾਲਮ ਜਾਂ ਖਾਨਾ ਖਾਲੀ ਨਹੀਂ ਛੱਡੇਗਾ।
ਉਮੀਦਵਾਰ ਨਾਮਜ਼ਦਗੀ ਦਾਖਲ ਕਰਨ ਲਈ ਆਪਣੇ ਨੌਮੀਨੇਸ਼ਨ ਫਾਰਮ ਵਿੱਚ ਆਪਣੇ ਨਿਜੀ ਵੇਰਵੇ ਕਮਿਸ਼ਨ ਦੇ ਪੋਰਟਲ ਸੁਵਿਧਾ ਡਾਟ ਈਸੀਆਈ ਡਾਟ ਜੀਓਵੀ ਡਾਟ ਇਨ www.suvidha.eci.gov.in ‘ਤੇ ਆਨਲਾਈਨ ਵੀ ਭਰ ਸਕਣਗੇ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 14 ਮਈ ਹੈ ਤੇ 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਤੇ 17 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 1 ਮਈ ਨੂੰ ਵੋਟਾਂ ਪੈਣਗੀਆਂ ਤੇ 4 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਇਸ ਮੌਕੇ ਮੌਜੂਦ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨਿਰੰਤਰ ਕਾਰਜਸ਼ੀਲ ਹਨ ਅਤੇ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਵੀ ਚੌਕਸੀ ਵਰਤੀ ਜਾ ਰਹੀ ਹੈ, ਇਸ ਲਈ ਨਸ਼ਿਆਂ ਦੀ ਵੰਡ ਸਮੇਤ ਕੋਈ ਵੀ ਗ਼ੈਰਕਾਨੂੰਨੀ ਗਤੀਵਿਧੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗਰੀਬ ਤੋਂ ਗਰੀਬ ਵੋਟਰ ਵੀ ਆਪਣੀ ਵੋਟ ਨਿਰਪੱਖ ਤੇ ਬਿਨ੍ਹਾਂ ਡਰ ਭੈਅ ਤੋਂ ਵੋਟ ਦੀ ਵਰਤੋਂ ਕਰੇ।
ਐਸ.ਐਸ.ਪੀ. ਸ਼ਰਮਾ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਵੋਟਰਾਂ ਨੂੰ ਕਿਸੇ ਤਰ੍ਹਾਂ ਪ੍ਰਭਾਵਤ ਨਾ ਕਰੇ ਅਤੇ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਪੜਤਾਲ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ੇ, ਸ਼ਰਾਬ ਤੇ ਕੋਈ ਹੋਰ ਗ਼ੈਰਕਾਨੂੰਨੀ ਵਸਤੂ ਵੋਟਰਾਂ ਨੂੰ ਵੰਡੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਬਿਨ੍ਹਾਂ ਕਿਸੇ ਡਰ ਭੈਅ ਤੋਂ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹੈ, ਇਸ ਲਈ ਸਮੂਹ ਸਿਆਸੀ ਪਾਰਟੀਆਂ ਸਹਿਯੋਗ ਕਰਨ।
ਇਸ ਮੀਟਿੰਗ ਮੌਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਸਮੇਤ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਨੇ ਵਿਸ਼ਵਾਸ਼ ਦੁਆਇਆ ਕਿ ਉਹ ਚੋਣ ਜਾਬਤੇ ਦੀ ਪੂਰੀ ਤਰ੍ਹਾਂ ਪਾਲਣਾਂ ਕਰਨਗੇ। ਇਸ ਮੌਕੇ ਐਸ.ਪੀ ਮੁਹੰਮਦ ਸਰਫ਼ਰਾਜ ਆਲਮ, ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਵੀ ਮੌਜੂਦ ਸਨ।