Patiala DC,Mayor visits Chotti Nadi

September 5, 2019 - PatialaPolitics


ਸਵੇਰੇ ਪਏ ਭਾਰੀ ਮੀਂਹ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਤੇ ਮੇਅਰ ਨਗਰ ਨਿਗਮ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੱਲੋਂ ਵੱਡੀ ਤੇ ਛੋਟੀ ਨਦੀ ਦਾ ਦੌਰਾ ਕਰਕੇ ਮੀਂਹ ਦੇ ਪਾਣੀ ਦੇ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਡੀ ਨਦੀ ਵਿਚ ਪਾਣੀ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਿਹਾ ਹੈ ਅਤੇ ਕਿਸੇ ਵੀ ਕਿਸਮ ਦੀ ਦਿੱਕਤ ਦੀ ਕੋਈ ਸੰਭਾਵਨਾ ਨਹੀਂ। ਉਨ੍ਹਾਂ ਛੋਟੀ ਨਦੀ ‘ਤੇ ਬਣ ਰਹੇ ਪੁਲ ਦਾ ਜਾਇਜ਼ਾ ਲੈਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੁਲ ਦੇ ਕੰਮ ਨੂੰ ਮੌਸਮ ਦੇ ਹਿਸਾਬ ਨਾਲ ਕੀਤਾ ਜਾਵੇ ਜੇਕਰ ਜ਼ਿਆਦਾ ਬਰਸਾਤ ਪੈਂਦੀ ਹੈ ਤਾਂ ਕੰਮ ਕਰਦੇ ਮਜ਼ਦੂਰਾ ਅਤੇ ਆਮ ਲੋਕਾਂ ਦਾ ਪਹਿਲਾਂ ਧਿਆਨ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀਂ ਵੱਡੀ ਨਦੀ ਵਿਚ ਆਏ ਜ਼ਿਆਦਾ ਪਾਣੀ ਕਾਰਨ ਕੁਝ ਨੀਵੇਂ ਇਲਾਕਿਆ ਵਿਚ ਪਾਣੀ ਆ ਗਿਆ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਇਸ ਵਾਰ ਇਹਿਤਿਹਾਤੀ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਪਰ ਵੱਡੀ ਨਦੀ ਵਿਚ ਪਾਣੀ ਸਹੀ ਤਰੀਕੇ ਨਾਲ ਚੱਲ ਰਿਹਾ ਹੋਣ ਕਾਰਨ ਕਿਸੇ ਕਿਸਮ ਦੀ ਖਤਰੇ ਦੀ ਕੋਈ ਗੱਲ ਨਹੀਂ ਹੈ।
ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਇਸ ਮੌਕੇ ਦੱਸਿਆ ਕਿ ਸਵੇਰ ਵੇਲੇ ਪਏ ਭਾਰੀ ਮੀਂਹ ਤੋਂ ਬਾਅਦ ਪਟਿਆਲਾ ਸ਼ਹਿਰ ਦੇ ਕੁਝ ਨੀਵੇਂ ਇਲਾਕਿਆ ਵਿਚ ਪਾਣੀ ਖੜਾ ਹੋ ਗਿਆ ਸੀ ਪਰ ਦੋ ਘੰਟੇ ਵਿਚ ਪਾਣੀ ਕਾਫ਼ੀ ਹੱਦ ਤੱਕ ਘੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਸਬੰਧੀ ਢੁਕਵੇਂ ਕਦਮ ਉਠਾਏ ਜਾ ਰਹੇ ਹਨ ਅਤੇ ਇਸ ਦਾ ਸਥਾਈ ਹੱਲ ਕੀਤਾ ਜਾਵੇਗਾ। ਇਸ ਮੌਕੇ ਐਕਸੀਅਨ ਡਰੈਨੇਏਜ਼ ਸ੍ਰੀ ਰਮਨ ਬੈਂਸ, ਐਕਸੀਅਨ ਬੀ.ਐਡ.ਆਰ ਸ੍ਰੀ ਦੀਪਕ ਗੋਇਲ, ਨਗਰ ਨਿਗਮ ਦੇ ਐਕਸੀਅਨ ਸ੍ਰੀ ਸੁਰੇਸ਼ ਕੁਮਾਰ ਵੀ ਮੌਜੂਦ ਸਨ।