Patiala News: ਐਨ.ਜੀ.ਟੀ. ਦੇ ਮੈਂਬਰ ਡਾ. ਅਫ਼ਰੋਜ਼ ਅਹਿਮਦ ਵੱਲੋਂ ਪਟਿਆਲਾ ਨੂੰ ਸਾਫ਼ ਤੇ ਹਰਾ-ਭਰਾ ਬਣਾਉਣ ਲਈ ਠੋਸ ਵਾਤਾਵਰਨ ਕਦਮ ਚੁੱਕਣ ’ਤੇ ਜ਼ੋਰ
January 31, 2026 - PatialaPolitics
Patiala News: ਐਨ.ਜੀ.ਟੀ. ਦੇ ਮੈਂਬਰ ਡਾ. ਅਫ਼ਰੋਜ਼ ਅਹਿਮਦ ਵੱਲੋਂ ਪਟਿਆਲਾ ਨੂੰ ਸਾਫ਼ ਤੇ ਹਰਾ-ਭਰਾ ਬਣਾਉਣ ਲਈ ਠੋਸ ਵਾਤਾਵਰਨ ਕਦਮ ਚੁੱਕਣ ’ਤੇ ਜ਼ੋਰ

*-*ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਪ੍ਰਿੰਸੀਪਲ ਬੈਂਚ ਦੇ ਜੱਜ ਵੱਲੋਂ ਪਟਿਆਲਾ ਦੀ ਜ਼ਿਲ੍ਹਾ ਵਾਤਾਵਰਣ ਯੋਜਨਾ ਦੀ ਸਮੀਖਿਆ**
*ਵਾਤਾਵਰਣ ਸੁਧਾਰਾਂ ਲਈ ਸਾਰੇ ਵਿਭਾਗ ਇਕਜੁੱਟ ਹੋ ਕੇ ਕੰਮ ਕਰਨਗੇ – ਡਿਪਟੀ ਕਮਿਸ਼ਨਰ**
ਪਟਿਆਲਾ, 31 ਜਨਵਰੀ:
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰ ਅਤੇ ਪ੍ਰਿੰਸੀਪਲ ਬੈਂਚ ਦੇ ਜੱਜ ਡਾ. ਅਫ਼ਰੋਜ਼ ਅਹਿਮਦ ਨੇ ਅੱਜ ਪਟਿਆਲਾ ਵਿਖੇ ਜ਼ਿਲ੍ਹਾ ਵਾਤਾਵਰਣ ਯੋਜਨਾ ਦੀ ਸਮੀਖਿਆ ਕੀਤੀ। ਇਸ ਮੌਕੇ ਪਟਿਆਲਾ ਨੂੰ ਸਾਫ਼ ਤੇ ਹਰਾ-ਭਰਾ ਬਣਾਉਣ ਲਈ ਠੋਸ ਵਾਤਾਵਰਨ ਕਦਮ ਚੁੱਕਣ ’ਤੇ ਜ਼ੋਰ ਦਿੰਦਿਆਂ ਐਨ ਜੀ ਟੀ ਮੈਂਬਰ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਕੀਤੇ ਫ਼ੈਸਲਿਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ, ਐਸ ਐਸ ਪੀ ਵਰੁਣ ਸ਼ਰਮਾ, ਐਸ ਪੀ ਵੈਭਵ ਚੌਧਰੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਡਾ. ਲਵਨੀਤ ਦੂਬੇ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਸਮੀਖਿਆ ਮੀਟਿੰਗ ਕਰਦਿਆਂ ਡਾ. ਅਫ਼ਰੋਜ਼ ਅਹਿਮਦ ਨੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹਾ ਵਾਤਾਵਰਣ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਕੇ ਪਟਿਆਲਾ ਜ਼ਿਲ੍ਹੇ ਨੂੰ ਸਾਫ਼, ਹਰਾ-ਭਰਾ ਅਤੇ ਵਾਤਾਵਰਣ-ਮਿਤਰ ਬਣਾਇਆ ਜਾਵੇ। ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਐਨ ਜੀ ਟੀ ਦੇ ਹੁਕਮਾਂ ਦੀ ਪਾਲਣਾ ਵਿੱਚ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕੀਤੀ।
ਡਾ. ਅਫ਼ਰੋਜ਼ ਅਹਿਮਦ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਮੰਤਵ ਐਨ ਜੀ ਟੀ ਦੇ ਹੁਕਮਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਜਿਲ੍ਹਾ ਵਾਤਾਵਰਣ ਯੋਜਨਾ ਦੀ ਤਿਆਰੀ, ਉਸ ਦੀ ਕਾਰਗੁਜ਼ਾਰੀ ਅਤੇ ਵੱਖ-ਵੱਖ ਵਾਤਾਵਰਣੀ ਮਾਪਦੰਡਾਂ ਦੀ ਪਾਲਣਾ ਦੀ ਵਿਸਥਾਰਪੂਰਵਕ ਸਮੀਖਿਆ ਕਰਨਾ ਹੈ। ਇਸ ਦੌਰਾਨ ਵਾਤਾਵਰਣ ਸੁਰੱਖਿਆ ਨਾਲ ਸਬੰਧਿਤ ਸਾਰੇ ਕੀਤੇ ਜਾਣ ਵਾਲੇ ਕਾਰਜਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ।
ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਅਧਿਕਾਰੀਆਂ ਵੱਲੋਂ ਮੀਟਿੰਗ ਦੌਰਾਨ ਐਨ ਜੀ ਟੀ ਦੇ ਹੁਕਮਾਂ ਅਨੁਸਾਰ ਕੀਤੇ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਵਿੱਚ ਠੋਸ ਕਚਰਾ ਪ੍ਰਬੰਧਨ, ਨਿਰਮਾਣ ਅਤੇ ਤੋੜ-ਫੋੜ ਕਚਰਾ, ਈ-ਵੇਸਟ ਅਤੇ ਬਾਇਓ-ਮੈਡੀਕਲ ਕਚਰੇ ਦੇ ਪ੍ਰਬੰਧਨ ਸਬੰਧੀ ਕੀਤੀ ਗਈ ਪਾਲਣਾ ਦੀ ਸਥਿਤੀ ਦਰਸਾਈ ਗਈ ਅਤੇ ਨਾਲ ਹੀ ਜ਼ਿਲ੍ਹੇ ਵਿੱਚ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ, ਕਾਨੂੰਨੀ ਮਿਆਰਾਂ ਅਨੁਸਾਰ ਉਨ੍ਹਾਂ ਦੀ ਪਾਲਣਾ ਅਤੇ ਸਾਫ਼ ਪਾਣੀ ਦੀ ਨਿਕਾਸੀ ਬਾਰੇ ਵੀ ਸਮੀਖਿਆ ਕੀਤੀ ।
ਮੀਟਿੰਗ ਦੌਰਾਨ ਪਟਿਆਲਾ ਦੀ ਨਦੀ ਦੀ ਸਫ਼ਾਈ ਸਬੰਧੀ ਐਨ ਜੀ ਟੀ ਦੇ ਫ਼ੈਸਲਿਆਂ ਦੀ ਪਾਲਣਾ ’ਤੇ ਖ਼ਾਸ ਤੌਰ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਅਫ਼ਰੋਜ਼ ਅਹਿਮਦ ਨੇ ਨਦੀ ਵਿੱਚ ਬਿਨਾਂ ਸੋਧੇ ਪਾਏ ਜਾ ਰਹੇ ਗੰਧਲੇ ਪਾਣੀ ਦੀ ਨਿਕਾਸੀ ਰੋਕਣ, ਨਦੀ ਦੇ ਕੁਦਰਤੀ ਵਹਾਅ ਦੀ ਸੁਰੱਖਿਆ ਅਤੇ ਸੰਤੁਲਨ ਨੂੰ ਕਾਇਮ ਰੱਖਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਭਰੋਸਾ ਜਤਾਇਆ ਕਿ ਵਾਤਾਵਰਣ ਸੁਧਾਰਾਂ ਲਈ ਸਾਰੇ ਵਿਭਾਗ ਇਕਜੁਟ ਹੋ ਕੇ ਕੰਮ ਕਰਨਗੇ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਡਾ. ਐਲ.ਕੇ. ਦੂਬੇ ਨੇ ਬੋਰਡ ਵੱਲੋਂ ਵਾਤਾਵਰਣ ਸੁਧਾਰ ਲਈ ਕੀਤੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਵਾ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਲਈ ਜ਼ਿਲ੍ਹੇ ਵਿੱਚ ਰੀਅਲ-ਟਾਈਮ ਮਾਨੀਟਰਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਭਵਿੱਖ ਦੀ ਯੋਜਨਾ ਤਹਿਤ ਬਾਇਓਡਾਇਵਰਸਿਟੀ ਪਾਰਕ ਦੀ ਸਥਾਪਨਾ, ਫਲੱਡਪਲੇਨ ਜੋਨਿੰਗ ਅਤੇ ਵੇਸਟ-ਟੂ-ਐਨਰਜੀ ਪ੍ਰਾਜੈਕਟਾਂ ਨੂੰ ਭਵਿੱਖ ਲਈ ਮਹੱਤਵਪੂਰਨ ਕਦਮ ਦੱਸਿਆ।
ਇਸ ਦੌਰਾਨ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਇਸਮਤ ਵਿਜੈ ਸਿੰਘ, ਸਮੂਹ ਐਸ ਡੀ ਐਮਜ਼, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਵਾਟਰ ਸਪਲਾਈ, ਨਗਰ ਨਿਗਮ, ਡਰੇਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਪਟਿਆਲਾ ਪੁੱਜਣ ‘ਤੇ ਡਾ. ਅਫ਼ਰੋਜ਼ ਅਹਿਮਦ ਨੂੰ ਪੁਲਿਸ ਦੀ ਟੁਕੜੀ ਨੇ ਗਾਰਡ ਆਫ਼ ਆਨਰ ਦਿੱਤਾ।
