Patiala News: ਭਾਸ਼ਾ ਵਿਭਾਗ ਪੰਜਾਬ ਵੱਲੋਂ ਤ੍ਰੈ-ਭਾਸ਼ੀ ਕਵੀ ਦਰਬਾਰ ਦਾ ਆਯੋਜਨ
January 31, 2026 - PatialaPolitics
Patiala News: ਭਾਸ਼ਾ ਵਿਭਾਗ ਪੰਜਾਬ ਵੱਲੋਂ ਤ੍ਰੈ-ਭਾਸ਼ੀ ਕਵੀ ਦਰਬਾਰ ਦਾ ਆਯੋਜਨ

ਪੰਜਾਬੀ, ਹਿੰਦੀ ਤੇ ਉਰਦੂ ਦੇ ਕਵੀਆਂ ਨੇ ਲਗਾਈ ਕਾਵਿ ਛਹਿਬਰ
ਪਟਿਆਲਾ 31 ਜਨਵਰੀ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ, ਹਿੰਦੀ ਤੇ ਉਰਦੂ ਦੇ ਨਾਮਵਰ ਸ਼ਾਇਰਾਂ ਨੇ ਕਾਵਿ ਛਹਿਬਰ ਲਗਾਈ। ਸਵਾਗਤੀ ਭਾਸ਼ਣ ’ਚ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਜਿੰਨਾ ਸਮਾਂ ਇਸ ਧਰਤੀ ’ਤੇ ਕਵਿਤਾ ਰਚੀ ਜਾਵੇਗੀ ਉਨ੍ਹਾਂ ਚਿਰ ਪੰਜਾਬੀ ਭਾਸ਼ਾ ਜਿਉਂਦੀ ਰਹੇਗੀ। ਮੁਸ਼ਾਇਰੇ ਦੀ ਸਫ਼ਲਤਾ ਲਈ ਜਿੱਥੇ ਉੱਚ ਪੱਧਰੀ ਕਵਿਤਾ ਅਹਿਮੀਅਤ ਰੱਖਦੀ ਹੈ ਉੱਥੇ ਸਰੋਤਿਆਂ ਦੀ ਸੰਜੀਦਗੀ ਵੀ ਓਨੀ ਹੀ ਜ਼ਰੂਰੀ ਹੈ। ਉਨ੍ਹਾਂ ਆਪਣੀਆਂ ਤਿੰਨ ਕਵਿਤਾਵਾਂ ‘ਦੂਜਾ ਪਾਸਾ’ ਰਾਹੀਂ ਦੂਸਰਿਆਂ ਨੂੰ ਸਮਝਣ, ‘ਖ਼ੂਨ ਪਸੀਨਾ ਤੇ ਸਿਆਹੀ’ ਜ਼ਰੀਏ ਮਿਹਨਤ ਦੀ ਕਮਾਈ ਦੀ ਅਹਿਮੀਅਤ ਤੇ ‘ਰੋਣਾ ਨਹੀਂ’ ਰਾਹੀਂ ਪਿਉਂ-ਧੀ ਦੇ ਰਿਸ਼ਤੇ ਦਾ ਖ਼ੂਬਸੂਰਤ ਵਿਖਿਆਨ ਕਰਕੇ ਮੁਸ਼ਾਇਰੇ ਨੂੰ ਸੰਜੀਦਗੀ ਪ੍ਰਦਾਨ ਕੀਤੀ। ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਲੰਬੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਤੁਰੰਨਮ ’ਚ ਪੇਸ਼ ਕੀਤੀ ਨਜ਼ਮ ‘ਸੁਫ਼ਨਾ’ ਤੇ ਸਾਹਿਤਕ ਗੀਤ ‘ਦਿਲ ਨੂੰ ਤੂੰ ਦਿਲ ਰੱਖੀਂ’ ਰਾਹੀਂ ਸਭ ਦਾ ਮਨ ਮੋਹ ਲਿਆ। ਸ਼ਾਇਰ ਹਰਮੀਤ ਵਿਦਿਆਰਥੀ ਨੇ ਆਪਣੇ ਸ਼ਾਇਰਾਨਾ ਤੇ ਮਜ਼ਾਕੀਆ ਅੰਦਾਜ਼ ਰਾਹੀਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਅੰਜਾਮ ਦਿੱਤਾ।
ਉਰਦੂ ਦੇ ਸ਼ਾਇਰ ਮੁਸੱਵਰ ਫ਼ਿਰੋਜ਼ਪੁਰੀ ਨੇ ‘ਖੁਦਾ ਦੀ ਇਬਾਦਤ ਕਰਦਿਆਂ ‘ਜਾਨੇ ਕਿਆ ਸੁਣਤੇ ਹੋ ਆਪ ਸੰਜੀਦਗੀ ਕੇ ਸਾਥ, ਪੱਥਰ ਕੋ ਖੁਦਾ ਬਣਾ ਦਿਆ ਬੰਦਗੀ ਕੇ ਸਾਥ’ ਸਮੇਤ ਤਿੰਨ ਗਜ਼ਲਾਂ ਰਾਹੀਂ ਮੁਸ਼ਾਇਰੇ ਨੂੰ ਸ਼ਾਨਦਾਰ ਸ਼ੁਰਆਤ ਦਿੱਤੀ। ਜਸਪ੍ਰੀਤ ਫਲਕ ਨੇ ਆਪਣੀਆਂ ਗਜ਼ਲਾਂ ‘ਜ਼ਿੰਦਗੀ ਮੁਸਕਰਾ ਰਹੀ ਹੈ..,’ ਤੇ ‘ਮੈਂ ਵੀ ਧੋਖਾ ਕਰ ਸਕਦੀ ਸੀ’ ਰਾਹੀਂ ਮੁਹੱਬਤ ਤੇ ਵਫ਼ਾਦਾਰੀ ਦਾ ਇਜ਼ਹਾਰ ਕੀਤਾ। ਜੋਗਿੰਦਰ ਨੂਰ ਮੀਤ ਨੇ ਆਪਣੀਆਂ ਨਜ਼ਮਾਂ ‘ਕਮਾਲ ਹੋਵੇ’, ‘ਇੱਕ ਹੰੰਝੂ ਤੋਂ ਭਾਰਾ ਕੁਝ ਨਹੀਂ ਹੁੰਦਾ’ ਰਾਹੀਂ ਸਰੋਤਿਆਂ ਨੂੰ ਸੁਪਨਿਆਂ ਦੇ ਸੰਸਾਰ ਵਿੱਚ ਪਹੁੰਚਾ ਦਿੱਤਾ। ਜਗਜੀਤ ਕਾਫ਼ਰ ਨੇ ਆਪਣੀਆਂ ਰਚਨਾਵਾਂ ਰਾਹੀਂ ਧੀਆਂ ਪ੍ਰਤੀ ਸਨੇਹ ਤੇ ਪਾਕ ਮੁਹੱਬਤ ਦੀ ਗੱਲ ਕੀਤੀ। ਜਤਿੰਦਰ ਪਰਵਾਜ਼ ਨੇ ਸਰੋਤਿਆਂ ਦੀ ਨਬਜ਼ ਨੂੰ ਫੜਦਿਆਂ ਨੌਜਵਾਨ ਪੀੜ੍ਹੀ ਦੇ ਮਨਭਾਉਂਦੇ ਸ਼ੇਅਰਾਂ ਰਾਹੀਂ ਵਾਹ-ਵਾਹ ਖੱਟੀ। ਰਮਨ ਸੰਧੂ ਨੇ ਆਪਣੇ ਕਟਾਕਸ਼ ਭਰੇ ਸ਼ੇਅਰਾਂ ਰਾਹੀਂ ਰੰਗ ਬੰਨ੍ਹਿਆ। ਉਰਦੂ ਦੇ ਸ਼ਾਇਰ ਪਰਵਿੰਦਰ ਸ਼ੋਖ ਨੇ ਆਪਣੀਆਂ ਛੋਟੀਆਂ-ਛੋਟੀਆਂ ਨਜ਼ਮਾਂ ਰਾਹੀਂ ਵੱਡੇ ਵਿਅੰਗ ਕਸੇ। ਸ਼ਾਇਰਾ ਦੀਪ ਇੰਦਰ ਨੇ ਆਪਣੀਆਂ ਰਚਨਾਵਾਂ ‘ਝਰੀਟ’, ‘ਮੁਰਗੀ’, ‘ਕੁੱਤੀ ਤੀਵੀਂ’ ਤੇ ‘ਡਰ’ ਰਾਹੀਂ ਔਰਤਾਂ ਨਾਲ ਹੁੰਦੇ ਵਿਤਕਰੇ ਤੇ ਧੱਕੇਸ਼ਾਹੀਆਂ ’ਤੇ ਗੰਭੀਰ ਵਿਅੰਗ ਕਸੇ। ਪ੍ਰੋ. ਰੂਬੀਨਾ ਸ਼ਬਨਮ ਨੇ ਆਪਣੀਆਂ ਨਜ਼ਮਾਂ ਰਾਹੀਂ ਮਾਂ ਬੋਲੀ ਪ੍ਰਤੀ ਲਗਾਓ ਅਤੇ ਔਰਤਾਂ ਦੇ ਇੱਕ ਜੂਨ ’ਚ ਕਈ ਕਈ ਜੂਨਾਂ ਹੰਢਾਅ ਲੈਣ ਵਾਲੀ ਤਸਵੀਰ ਪੇਸ਼ ਕੀਤੀ। ਉਰਦੂ ਦੇ ਸ਼ਾਇਰ ਅਮਰਜੀਤ ਸ਼ੈਦਾ ਨੇ ‘ਸਰ ਦੀ ਦਸਤਾਰ ਕੇ ਤੁਰਰੇ ਕੀ ਖੁਦਾਰੀ ਦੇਖ, ਨਸਲ ਦਰ ਨਸਲ ਕੱਫਣ ਸਿਰ ਪੇ ਥਾ ਮੌਤ ਸੇ ਕੈਸੇ ਨਿਭਾਈ ਯਾਰੀ ਦੇਖ’ ਵਰਗੇ ਸ਼ੇਅਰਾਂ ਨਾਲ ਮੁਸ਼ਾਇਰੇ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਅਮਰਦੀਪ ਅਮਰ ਨੇ ਆਪਣੀ ਗਜ਼ਲਾਂ ਰਾਹੀਂ ਖੂਬਸੂਰਤੀ ਅਤੇ ਵਫ਼ਾਦਾਰੀ ਦੀ ਬਾਤ ਪਾਈ। ਗੁਰਤੇਜ ਕੋਹਰਾਵਾਲਾ ਨੇ ਆਪਣੀਆਂ ਗਜ਼ਲਾਂ ਰਾਹੀਂ ਅਜੋਕੇ ਸਮਾਜਿਕ ਤਾਣੇ-ਬਾਣੇ ’ਤੇ ਵਿਅੰਗ ਕਸੇ। ਇਸ ਮੌਕੇ ਭਾਸ਼ਾ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਡਾ. ਸੁਰਜੀਤ ਸਿੰਘ, ਡਾ. ਬਲਦੇਵ ਧਾਲੀਵਾਲ, ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਖੋਜ ਸਹਾਇਕ ਹਰਪ੍ਰੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।
