All set for Patiala MC Elections 2017

December 16, 2017 - PatialaPolitics


ਜ਼ਿਲ੍ਹਾ ਪੁਲਿਸ ਮੁਖੀ ਡਾ. ਐਸ. ਭੂਪਥੀ ਨੇ ਦਸਿਆ ਹੈ ਕਿ ਨਗਰ ਨਿਗਮ ਪਟਿਆਲਾ, ਨਗਰ ਪੰਚਾਇਤ ਘੱਗਾ ਅਤੇ ਘਨੌਰ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਸ਼ਾਤੀ ਪੂਰਵਕ, ਨਿਰਪੱਖ ਅਤੇ ਅਮਨ ਅਮਾਨ ਨਾਲ ਨੇਪਰੇ ਚਾੜਨ ਲਈ ਚੋਣ ਖੇਤਰ ਨੂੰ ਕੁੱਲ 8 ਜੋਨਾ ਵਿੱਚ ਵੰਡਕੇ ਸੁਰੱਖਿਆ ਪ੍ਰਬੰਧ ਮੁਕਮੰਲ ਕਰ ਲਏ ਗਏ ਹਨ। ਐਸ.ਐਸ.ਪੀ. ਨੇ ਅੱਜ ਸ਼ਾਮ ਇਥੇ ਦੱਸਿਆ ਕਿ ਹਰ ਜੋਨ ਦੀ ਦੇਖ ਰੇਖ ਅਤੇ ਨਿਗਰਾਨੀ ਗਜਟਿਡ ਪੱਧਰ ਦੇ ਅਧਿਕਾਰੀ ਕਰ ਰਹੇ ਹਨ। ਇਸਤੋ ਇਲਾਵਾ ਜੋਨਾ ਵਿੱਚ ਸੁਰੱਖਿਆ ਲਈ ਲਗਭਗ 3000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਐਸ.ਐਸ.ਪੀ. ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ 60 ਵਾਰਡ ਹਨ ਜਿਨ੍ਹਾ ਵਿੱਚ 60 ਪੋਲਿੰਗ ਸਟੇਸ਼ਨ ਅਤੇ 230 ਪੋਲਿੰਗ ਬੂਥ ਹਨ, ਨਗਰ ਪੰਚਾਇਤ ਘੱਗਾ ਦੇ 13 ਵਾਰਡ ਜਿਨ੍ਹਾ ਵਿੱਚ 6 ਪੋਲਿੰਗ ਸਟੇਸ਼ਨ ਅਤੇ 13 ਪੋਲਿੰਗ ਬੂਥ ਹਨ ਅਤੇ ਨਗਰ ਪੰਚਾਇਤ ਘਨੋਰ ਦੇ 11 ਵਾਰਡ ਜਿਨ੍ਹਾਂ ਵਿੱਚ 4 ਪੋਲਿੰਗ ਸਟੇਸ਼ਨਾ ਅਤੇ 11 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਟਿਆਲਾ ਨੂੰ ਸੀਲ ਕਰਨ ਲਈ ਕੁੱਲ 64 ਨਾਕੇ ਲਗਾਏ ਗਏ ਹਨ, ਜਿਨ੍ਹਾ ਵਿੱਚੋ 22 ਅੰਤਰ ਰਾਜੀ ਨਾਕੇ, 20 ਇੰਨਰ ਸਿਟੀ ਸੀਲਿੰਗ ਨਾਕੇ ਅਤੇ 22 ਆਊਟਰ ਸਿਟੀ ਨਾਕੇ ਹਨ। 

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾ ਨੂੰ ਕਵਰ ਕਰਨ ਲਈ ਪਟਿਆਲਾ ਸ਼ਹਿਰ ਵਿੱਚ 12 ਪੈਟਰੋਲਿੰਗ ਪਾਰਟੀਆਂ, ਘੱਗਾ ਵਿੱਚ 2 ਪੈਟਰੋਲਿੰਗ ਪਾਰਟੀਆਂ ਅਤੇ ਘਨੋਰ ਵਿੱਚ 2 ਪੈਟਰੋਲਿੰਗ ਪਾਰਟੀਆਂ ਲਗਾਈਆ ਗਈਆਂ ਹਨ। ਇਸਤੋ ਇਲਾਵਾ ਸਮੂਹ ਪੋਲਿੰਗ ਸਟੇਸ਼ਨਾ ਨੂੰ ਕਵਰ ਕਰਨ ਲਈ ਵੱਖ ਵੱਖ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਦੀਆ 16 ਰਿਜਰਵ ਪਾਰਟੀਆਂ ਬਣਾਈਆਂ ਗਈਆਂ ਹਨ। ਡਾ. ਭੂਪਥੀ ਨੇ ਦੱਸਿਆ ਕਿ ਚੋਣਾਂ ਨੂੰ ਸ਼ਾਤੀਪੂਰਵਕ, ਨਿਰਪੱਖ ਅਤੇ ਅਮਨ ਅਮਾਨ ਨਾਲ ਕਰਵਾਉਣ ਲਈ ਪੁਲਿਸ ਕਰਮਚਾਰੀਆਂ ਨੂੰ ਬਰੀਫ ਕਰਕੇ ਸਖਤ ਹਦਾਇਤਾ ਜਾਰੀ ਕੀਤੀਆਂ ਜਾ ਚੁਕੀਆ ਹਨ। ਭੈੜੈ ਅਨਸਰਾਂ ਪਰ ਤਿੱਖੀ ਨਿਗ੍ਹਾ ਰੱਖੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਅਮਨ ਕਾਨੂੰਨ ਤੇ ਵਿਵਸਥਾ ਬਣਾਈ ਰੱਖੀ ਜਾਵੇਗੀ ਅਤੇ ਆਵਾਜਾਈ ਨਿਰਵਿਘਨ ਚਾਲੂ ਰੱਖੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਣਾਂ ਨੂੰ ਅਮਨ ਅਮਾਨ ਅਤੇ ਨਿਰਪੱਖਤਾ ਨਾਲ ਨੇਪਰੇ ਚਾੜਨ ਲਈ ਪਟਿਆਲਾ ਪੁਲਿਸ ਦਾ ਸਹਿਯੋਗ ਦਿਤਾ ਜਾਵੇ।