Free mobiles to youth from this year:Captain

March 1, 2018 - PatialaPolitics

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੁਢਾਪਾ ਪੈਨਸ਼ਨ ਵੰਡਣ ਲਈ ਹਰੇਕ ਮਹੀਨੇ 128 ਕਰੋੜ ਰੁਪਏ ਜਾਰੀ ਕਰਨ ਦੇ ਫੈਸਲੇ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਏਸੇ ਸਾਲ ਨੌਜਵਾਨਾਂ ਨੂੰ ਮੁਫ਼ਤ ਮੋਬਾਈਲ ਫੋਨ ਵੰਡਣ ਦੀ ਸ਼ੁਰੂਆਤ ਕਰਨ ਦਾ ਵੀ ਭਰੋਸਾ ਦਿੱਤਾ। ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਇਕ-ਇਕ ਵਾਅਦਾ ਅਮਲ ਵਿੱਚ ਲਿਆਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਸਾਲ ’ਚ ਹੀ ਲਗਪਗ 150 ਵਾਅਦੇ ਪੁਗਾ ਦਿੱਤੇ ਗਏ ਹਨ ਜਦਕਿ ਬਾਕੀ ਵਾਅਦਿਆਂ ਨੂੰ ਵੀ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਇੱਥੇ ਬਜਟ ਬਾਰੇ ਅਗਾਊਂ ਵਿਚਾਰ-ਚਰਚਾ ਲਈ ਆਪਣੀ ਕਿਸਮ ਦੀ ਇਸ ਪਹਿਲੀ ਮੀਟਿੰਗ ਦੌਰਾਨ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਮੁਖ਼ਾਤਿਬ ਹੋਏ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਤੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਪਤਨੀ ਦੀ ਯਾਦਵਿੱਚ ਦੋ ਮਿੰਟ ਦਾ ਮੌਨ ਰੱਖਿਆ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ17.5 ਲੱਖ ਕਿਸਾਨਾਂ ਵਿੱਚੋਂ 10.25 ਲੱਖ ਕਿਸਾਨਾਂ ਲਈ ਕਰਜ਼ੇ ਦਾ ਨਿਪਟਾਰਾ ਇਸ ਸਾਲ ਦੇ ਨਵੰਬਰ ਮਹੀਨੇ ਤੱਕ ਕਰ ਦਿੱਤਾ ਜਾਵੇਗਾ ਅਤੇ ਇਸੇ ਮਹੀਨੇ ਹੀ ਸੂਬਾ ਪੱਧਰੀ ਸਮਾਗਮ ਕਰਕੇ ਇਕ ਲੱਖ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂਇਹ ਵੀ ਦੱਸਿਆ ਕਿ 11 ਮਾਰਚ ਦੇ ਰੁਜ਼ਗਾਰ ਮੇਲੇ ਦੌਰਾਨ 40 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਬਾਰੇ ਸਰਕਾਰ ਵੱਲੋਂ ਉਲੀਕੀ ਯੋਜਨਾ ਦੀ ਕੁਝ ਜਾਣਕਾਰੀ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨਾਲ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਦਿਹਾੜੇ ਲਈ ਸਮਾਗਮਾਂ ਵਾਸਤੇ ਗਰਾਂਟ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਤੇ ਪ੍ਰੋਗਰਾਮਾਂ ਲਈ ਪ੍ਰਬੰਧਕੀ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲਣ ਦੀ ਅਪੀਲ ਕੀਤੀ ਗਈ ਹੈ।ਬਜਟ ਬਾਰੇ ਅਗਾਊਂ ਵਿਚਾਰ-ਚਰਚਾ ਦਾ ਦੌਰ ਦਿਨ ਭਰ ਚੱਲਿਆ ਜਿਸ ਵਿੱਚ ਸੂਬੇ ਦੀ ਆਰਥਿਕ ਮੰਦਹਾਲੀ ਦੀ ਬਹਾਲੀ ਲਈ ਕਈਮਹੱਤਵਪੂਰਨ ਵਿਚਾਰ ਉੱਭਰ ਕੇ ਸਾਹਮਣੇ ਆਏ। ਇਹ ਆਰਥਿਕ ਸੰਕਟ ਮੌਜੂਦਾ ਸਰਕਾਰ ਨੂੰ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਪਾਸੋਂ ਵਿਰਸੇ ਵਿੱਚ ਹਾਸਲ ਹੋਇਆ ਹੈ। ਚੰਡੀਗੜ੍ਹ ਵਿੱਚ ਬੇਅੰਤ ਸਿੰਘ ਯਾਦਗਾਰ ਨੂੰ ਮੁਕੰਮਲ ਕਰਨ ਲਈ ਪੰਜ ਕਰੋੜ ਦੀ ਰਾਸ਼ੀ ਨੂੰ ਪ੍ਰਵਾਨਗੀ ਦੇਣ ਬਾਰੇ ਕੀਤੀ ਅਪੀਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਯੂ.ਟੀ. ਵਿੱਚ ਸਥਿਤ ਹੋਣ ਕਰਕੇ ਉਹ ਇਸ ਮਾਮਲੇ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਕੋਲ ਉਠਾਉਣਗੇ।ਇਸ ਤੋਂ ਪਹਿਲਾਂ ਵਿਚਾਰ-ਚਰਚਾ ਦਾ ਆਰੰਭ ਕਰਦਿਆਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀਆਂ ਪਹਿਲਕਦਮੀਆਂ ਦਾ ਸਵਾਗਤ ਕੀਤਾ। ਸੰਗਤ ਦਰਸ਼ਨ ਪ੍ਰੋਗਰਾਮਾਂ ’ਤੇ 4500 ਕਰੋੜ ਰੁਪਏ ਬਰਬਾਦ ਕਰ ਦੇਣ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਪੰਜਾਬ ਦੇ ਲੋਕਾਂ ਦੇਖੂਨ-ਪਸੀਨੇ ਦੀ ਕਮਾਈ ਦੀ ਇਸ ਅਪਰਾਧਿਕਲੁੱਟ ਲਈ ਅਕਾਲੀਆਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਅੱਜ ਦੀ ਇਹ ਮੀਟਿੰਗ ਸੱਦਣਾ ਜਮਹੂਰੀਅਤ ਵਾਲਾ ਕਦਮ ਜੋ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਨੂੰ ਬਾਕੀ ਮੈਂਬਰਾਂ ਨੇ ਵੀ ਸਮਰਥਨ ਦਿੱਤਾ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਦੀ ਤਰਸਯੋਗ ਵਿੱਤੀ ਸਥਿਤੀ ਹੈ ਅਤੇ ਸਰਕਾਰ ਮਾਲੀ ਵਸੀਲੇ ਜੁਟਾਉਣ ਦੇ ਵੱਖ-ਵੱਖ ਕਦਮਾਂ ਰਾਹੀਂ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸਹਿਮਤੀ ਨਾਲ ਪੰਜਾਬ ਸਿਰ ਚੜ੍ਹੇ 31 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਬਾਰੇ ਸੂਬਾ ਸਰਕਾਰ ਦੀ ਭਾਰਤ ਸਰਕਾਰ ਨਾਲ ਗੱਲਬਾਤ ਜਾਰੀ ਹੈ ਕਿਉਂ ਜੋ ਇਹ ਕਰਜ਼ਾ ਸੂਬੇ ਲਈ ਬਹੁਤ ਨੁਕਸਾਨਦੇਹ ਸਾਬਤ ਹੋਵੇਗਾ।ਵਿੱਤ ਮੰਤਰੀ ਨੇ ਦੱਸਿਆ ਕਿ ਪੀ.ਆਈ.ਡੀ.ਬੀ. ਨੇ ਚੱਲ ਰਹੇ ਵਿਕਾਸ ਕਾਰਜਾਂ ਲਈ 550 ਕਰੋੜ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਇਸ ਬਜਟ ਵਿੱਚ ਪਿੰਡਾਂ ਤੇ ਸ਼ਹਿਰਾਂ ਵਿੱਚ ਸਾਰੇ ਬਕਾਇਆ ਕੰਮਾਂ ਨੂੰ ਮੁਕੰਮਲ ਕਰਨ ਲਈ ਪੈਸਾ ਜਾਰੀ ਕਰ ਦਿੱਤਾ ਜਾਵੇਗਾ।ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਬਜਟ ਘੱਟ ਨਿਵੇਸ਼ ਪਰ ਵੱਧ ਪ੍ਰਭਾਵ ਵਾਲਾ ਹੋਣਾ ਚਾਹੀਦਾ ਹੈ। ਇਹ ਸਰਕਾਰ ਦੇ ਏਜੰਡਾ ਨੂੰ ਪੇਸ਼ ਕਰਦਾ ਅਤੇ ਚੋਣ ਮਨੋਰਥ ਪੱਤਰਵਿਚਲੇ ਵਾਅਦਿਆਂ ਨੂੰ ਅਮਲੀਜਾਮਾ ਪਹਿਨਾਉਣ ਲਈ ਇਕ ਖਾਕਾ ਹੋਣਾ ਚਾਹੀਦਾ ਹੈ। ਆਪੋ-ਆਪਣੇ ਹਲਕਿਆਂ ਦੇ ਵਿਕਾਸ ਲਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਵੱਖ-ਵੱਖ ਸੁਝਾਵਾਂ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੀ ਸਰਕਾਰ ਦੇ ਕਾਰਿਆਂ ਨੂੰ ਉਜਾਗਰ ਕਰਨ ਲਈ ਸਾਰੇ ਵਿਭਾਗਾਂ ਦੇ ਵ੍ਹਾਈਟ ਪੇਪਰ ਜਾਰੀ ਕਰਾਏ ਜਾਣ ਦਾ ਸੱਦਾ ਦਿੱਤਾ। ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਸਰਕਾਰ ਤੇ ਲੋਕਾਂ ਦਰਮਿਆਨ ਹੋਰ ਨੇੜਤਾ ਬਣਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਤੇ ਅਫ਼ਸਰਾਂ ਵਿਚਾਲੇ ਬਿਹਤਰ ਤਾਲਮੇਲ ਦੇ ਹੱਕ ਵਿੱਚ ਸਹਿਮਤੀ ਜਤਾਈ। ਚੁਣੇ ਹੋਏ ਨੁਮਾਇੰਦਿਆਂ ਵੱਲੋਂ ਮੁਫਤ ਆਟਾ ਦਾਲ ਦੀ ਸਪਲਾਈ ਬਹਾਲ ਕਰਨ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਦੇ ਕਰਜ਼ੇ ਮੁਆਫ਼ ਕਰਨ ਅਤੇ ਸ਼ਗਨ ਸਕੀਮ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੇ ਸੁਝਾਅ ਦਿੱਤੇ ਗਏ। ਇਸ ਦੌਰਾਨ ਐਮ.ਐਲ.ਏ. ਲੋਕਲ ਏਰੀਆ ਡਿਵੈਲਪਮੈਂਟ ਫੰਡ ਕਾਇਮ ਕਰਨ ਦਾ ਵਿਚਾਰ ਪੇਸ਼ ਕੀਤਾ ਗਿਆ ਅਤੇ ਕੁਝ ਮੈਂਬਰਾਂ ਨੇ ਉਨ੍ਹ੍ਹਾਂ ਦੇ ਸਬੰਧਤ ਡੀ.ਸੀ. ਤੇ ਐਸ.ਐਸ.ਪੀ. ਨਾਲ ਨਿਰੰਤਰ ਵਿਚਾਰ-ਚਰਚਾ ਦੀ ਮੰਗ ਕੀਤੀ। ਮੈਂਬਰਾਂ ਨੇ ਸਿੱਖਿਆ ਤੇ ਸਿਹਤ ਸੈਕਟਰਾਂ, ਰੇਲਵੇ ਲਿੰਕਜ਼, ਜਲ ਸੰਭਾਲ ਪ੍ਰਾਜੈਕਟਾਂ, ਫਸਲੀ ਵਿਭਿੰਨਤਾ, ਟਿਊਬਵੈੱਲ ਲਾਉਣ, ਗੰਨੇ ਦੀਆਂ ਲੰਬਿਤ ਅਦਾਇਗੀਆਂ ਜਾਰੀ ਕਰਨ, ਡਰੇਨਾਂ ਅਤੇ ਮੌਨਸੂਨਨ ਤੋਂ ਪਹਿਲਾਂ ਨਹਿਰਾਂ ਦੀ ਸਫਾਈ ਅਤੇ ਸਰਹੱਦੀ ਇਲਾਕਿਆਂ ਦੇ ਵਿਕਾਸ ਦੇ ਮੁੱਦੇ ਵੀ ਚੁੱਕੇ। ਇਸ ਦੌਰਾਨ ਪੰਜਾਬ ਵਾਸੀਆਂ ਦੀ ਸਹੂਲਤ ਲਈ ਟਰਾਂਸਪੋਰਟ ਸੈਕਟਰ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਦੀ ਮੰਗ ਤੋਂ ਇਲਾਵਾਸੂਬੇ ਦੇ ਖਜ਼ਾਨੇ ਲਈ ਮਾਲੀਆ ਹਾਸਲ ਕਰਨਲਈ ਹੋਰ ਡੀਲਕਸ ਬੱਸਾਂ ਪਾਉਣ ਦਾ ਸੁਝਾਅ ਦਿੱਤਾ। ਕੁੱਝ ਮੈਂਬਰਾਂ ਨੇ ਕਈ ਖੇਤਰਾਂ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਪ੍ਰਸ਼ਾਸਨਿਕ ਤਬਦੀਲੀਆਂ ਦਾ ਸੁਝਾਅ ਵੀ ਦਿੱਤਾ। ਗ਼ੈਰਕਾਨੂੰਨੀ ਕਲੋਨੀਆਂ ਨੂੰ ਨਿਯਮਬੱਧ ਕਰਨ ਤੋਂ ਇਲਾਵਾ ਸਰਕਾਰੀ ਜਾਇਦਾਦਾਂ ਛੁਡਾਉਣ ਲਈ ਸਮਾਂਬੱਧ ਨੀਤੀ ਤਿਆਰ ਕਰਨ ਬਾਰੇ ਸੁਝਾਅ ਵੀ ਆਏ।ਮੀਟਿੰਗ ਵਿਚ ਪਾਰਟੀ ਦੇ 72 ਵਿਧਾਇਕਾਂ ਤੋਂ ਇਲਾਵਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ ਅਤੇ ਰਾਜ ਮੰਤਰੀ ਅਰੁਣਾ ਚੌਧਰੀ ਅਤੇ ਰਜ਼ੀਆ ਸੁਲਤਾਨਾ ਹਾਜ਼ਰ ਸਨ। ਇਸੇ ਤਰ੍ਹਾਂ ਮੀਟਿੰਗ ਵਿਚ ਲੋਕ ਸਭਾ ਮੈਂਬਰ ਸੁਨੀਲ ਜਾਖੜ ਅਤੇ ਚੌਧਰੀ ਸੰਤੋਖ ਸਿੰਘ ਤੋਂ ਇਲਾਵਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ (ਰਿਟਾ.) ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ, ਵਧੀਕ ਮੁੱਖ ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਸਹਿਕਾਰਤਾ ਡੀ.ਪੀ. ਰੈਡੀ, ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ ਅਤੇ ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਅਨੁਰਾਗ ਵਰਮਾ ਹਾਜ਼ਰ ਸਨ।