Patiala to observe Janta Curfew till 24 March 2020

March 21, 2020 - PatialaPolitics


ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਅੰਦਰ ਨੋਵਲ ਕੋਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਦੇਖਦਿਆਂ ਇਹਤਿਆਤ ਵਜੋਂ ਪਟਿਆਲਾ ਜ਼ਿਲ੍ਹੇ ਅੰਦਰ ਅਗਲੇ ਤਿੰਨ ਦਿਨਾਂ ਲਈ ਮਿਤੀ 22 ਮਾਰਚ 2020 ਤੋਂ 24 ਮਾਰਚ 2020 ਤੱਕ ਜਨਤਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ।

ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਭਾਵੇਂ ਕਿ ਹਾਲੇ ਤੱਕ ਪਟਿਆਲਾ ਜ਼ਿਲ੍ਹੇ ਵਿੱਚ ਇਸ ਵਾਇਰਸ ਤੋਂ ਪ੍ਰਭਾਵਤ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰੰਤੂ ਇਹ ਫੈਸਲਾ ਕੋਰੋਨਾਵਾਇਰਸ ਦੇ ਪ੍ਰਭਾਵ ਤੋਂ ਆਮ ਜਨਤਾ ਨੂੰ ਬਚਾਉਣ ਲਈ ਜਨਤਕ ਹਿੱਤਾਂ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ ਤਾਂ ਕਿ ਇਸਦੀ ਲੜੀ ਤੋੜੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਨਾਜੁਕ ਸਮੇਂ ਇਹਤਿਆਤ ਨਾ ਵਰਤੀ ਤਾਂ ਇਸ ਦੇ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹੇ ਦੇ ਲੋਕਾਂ ਦੀ ਜਾਨ ਦੀ ਹਿਫ਼ਾਜਤ ਨੂੰ ਮੁੱਖ ਰੱਖਦਿਆਂ ਪਟਿਆਲਾ ਜ਼ਿਲ੍ਹੇ ਅੰਦਰ ਲੋਕ ਹਿੱਤ ਵਿੱਚ ਜਨਤਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੂਰੇ ਵਿਸ਼ਵ ਵਿੱਚ ਮਾਨਵ ਜਾਤੀ ਲਈ ਭਿਆਨਕ ਮਹਾਂਮਾਰੀ ਬਣਕੇ ਸਾਹਮਣੇ ਆਏ ਕੋਰੋਨਾਵਾਇਰਸ ਦੀ ਲੜੀ ਨੂੰ ਤੋੜਨ ਲਈ ਉਹ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਜਾਨ ਦੀ ਹਿਫ਼ਾਜਤ ਅਤੇ ਮਨੁੱਖਤਾ ਦੇ ਭਲੇ ਲਈ ਆਪਣੇ ਘਰਾਂ ਵਿੱਚ ਰਹਿ ਕੇ ਇਸ ਜਨਤਾ ਕਰਫਿਊ ਨੂੰ ਲਾਗੂ ਕਰਨ ਵਿੱਚ ਆਪਣਾ ਸਹਿਯੋਗ ਦੇਣ।