Patwari and Numberdar arrested in corruption case

April 26, 2022 - PatialaPolitics

Patwari and Numberdar arrested in corruption case

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ ਨੰਬਰ ‘ਤੇ ਆਈ ਇੱਕ ਸ਼ਿਕਾਇਤ ‘ਤੇ ਕਾਰਵਾਈ ਮਾਲ ਪਟਵਾਰੀ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ-ਐਸ.ਐਸ.ਪੀ. ਹਰਮੀਤ ਸਿੰਘ ਹੁੰਦਲ

-ਪਟਵਾਰੀ ਤੇ ਨੰਬਰਦਾਰ ਗ੍ਰਿਫ਼ਤਾਰ, ਤੀਜੇ ਦੀ ਭਾਲ ਜਾਰੀ-ਐਸ.ਐਸ.ਪੀ. ਵਿਜੀਲੈਂਸ

ਪਟਿਆਲਾ, 26 ਅਪ੍ਰੈਲ:

ਚੌਕਸੀ ਬਿਊਰੋ, ਪਟਿਆਲਾ ਰੇਂਜ ਪਟਿਆਲਾ ਦੇ ਐਸ.ਐਸ.ਪੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਗਏ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ ਨੰਬਰ ‘ਤੇ ਆਈ ਇੱਕ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਇਕ ਮਾਲ ਪਟਵਾਰੀ ਸਮੇਤ ਦੋ ਹੋਰ ਵਿਅਕਤੀਆਂ ਵਿਰੁੱਧ ਰਿਸ਼ਵਤਖੋਰੀ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।

ਐਸ.ਐਸ.ਪੀ. ਹੁੰਦਲ ਨੇ ਦੱਸਿਆ ਕਿ ਥਾਣਾ ਵਿਜੀਲੈਸ ਬਿਊਰੋ, ਪਟਿਆਲਾ ਰੇਂਜ ਪਟਿਆਲਾ ਵਿਖੇ ਦਰਜ ਮੁਕੱਦਮਾ ਨੰਬਰ 05 ਮਿਤੀ 26 ਅਪ੍ਰੈਲ 2022 ਪੀ.ਸੀ.ਐਕਟ 1988 ਐਜ ਅਮੈਡਿਡ ਬਾਏ ਪੀ.ਸੀ.(ਅਮੈਂਡਮੈਂਟ) ਐਕਟ 2018 ਦੀਆਂ ਧਾਰਾਵਾਂ 7 ਤੇ 7-ਏ ਤਹਿਤ ਦੀਦਾਰ ਸਿੰਘ ਪਟਵਾਰੀ ਮਾਲ ਹਲਕਾ ਨਾਰੀਕੇ, ਜਿਲ੍ਹਾ ਮਲੇਰਕੋਟਲਾ, ਹਰਵਿੰਦਰ ਸਿੰਘ ਉਰਫ ਬਰਨਾਲਾ (ਪਟਵਾਰੀ ਦੀਦਾਰ ਸਿੰਘ ਦਾ ਚੇਲਾ) ਵਾਸੀ ਗਾਧੀ ਨਗਰ ਨੋਧਰਾਣੀ ਰੋਡ ਨਜਦੀਕ ਰੇਲਵੇ ਫਾਟਕ ਮਲੇਰਕੋਟਲਾ ਅਤੇ ਤਲਵਿੰਦਰ ਸਿੰਘ ਨੰਬਰਦਾਰ ਵਾਸੀ ਪਿੰਡ ਸਲਾਰ ਜ਼ਿਲ੍ਹਾ ਮਾਲੇਰਕੋਟਲਾ ਨੂੰ ਨਾਮਜਦ ਕੀਤਾ ਗਿਆ ਹੈ।

ਐੇਸ.ਐਸ.ਪੀ. ਵਿਜੀਲੈਂਸ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਐਟੀਕਰੱਪਸ਼ਨ ਐਕਸ਼ਨ ਲਾਈਨ ਰਾਹੀ ਪੋਰਟਲ ‘ਤੇ ਪ੍ਰਾਪਤ ਹੋਈ ਸ਼ਿਕਾਇਤ ਨੰਬਰ 152067 ਦੀ ਪੜਤਾਲ ਵਿਜੀਲੈਸ ਬਿਊਰੋ, ਯੂਨਿਟ ਸੰਗਰੂਰ ਦੇ ਡੀ.ਐਸ.ਪੀ. ਸਤਨਾਮ ਸਿੰਘ ਵੱਲੋਂ ਕੀਤੀ ਗਈ ਸੀ। ਇਸ ਮੁਤਾਬਕ ਸ਼ਿਕਾਇਤਕਰਤਾ ਅਮਰਜੀਤ ਸਿੰਘ ਪੁੱਤਰ ਲੇਟ ਬਚਨ ਸਿੰਘ ਵਾਸੀ ਪਿੰਡ ਸਲਾਰ ਤਹਿਸੀਲ ਅਮਰਗੜ ਦੇ ਪਿਤਾ ਦੀ ਮੌਤ ਹੋਣ ‘ਤੇ ਉਸਨੇ ਤੇ ਉਸਦੇ ਭਰਾਵਾ ਦੇ ਨਾਮ ‘ਤੇ ਰਜਿਸਟਰਡ ਵਸੀਅਤ ਦੇ ਅਧਾਰ ‘ਤੇ ਵਿਰਾਸਤ ਇੰਤਕਾਲ ਕਰਵਾਉਣ ਬਾਬਤ ਪਟਵਾਰੀ ਦੀਦਾਰ ਸਿੰਘ ਨੇ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।ਉਸਨੇ ਮਿੰਨਤ ਤਰਲਾ ਕੀਤਾ ਤਾਂ ਪਟਵਾਰੀ ਨੇ ਤਲਵਿੰਦਰ ਸਿੰਘ ਨੰਬਰਦਾਰ ਨਾਲ ਗੱਲ ਕਰਨ ਵਾਸਤੇ ਕਿਹਾ ਅਤੇ ਮੰਗੇ ਗਏ ਪੈਸੇ ਪਟਵਾਰੀ ਦੇ ਸਹਾਇਕ ਹਰਵਿੰਦਰ ਸਿੰਘ ਉਰਫ ਬਰਨਾਲਾ ਨੂੰ ਦੇਣ ਲਈ ਕਿਹਾ।

ਐਸ.ਐਸ.ਪੀ. ਹੁੰਦਲ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਕਰਤਾ ਵੱਲੋ ਤਲਵਿੰਦਰ ਸਿੰਘ ਨੰਬਰਦਾਰ ਦੇ ਕਹਿਣ ‘ਤੇ ਨੰਬਰਦਾਰ ਦੀ ਹਾਜ਼ਰੀ ‘ਚ ਪਟਵਾਰੀ ਦੇ ਸਹਾਇਕ ਹਰਵਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਵਜੋਂ ਦੇ ਦਿੱਤੇ। ਇਸ ਮਾਮਲੇ ‘ਚ ਦੀਦਾਰ ਸਿੰਘ ਪਟਵਾਰੀ ਤੇ ਤਲਵਿੰਦਰ ਸਿੰਘ ਨੰਬਰਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂਕਿ ਤੀਸਰੇ ਨਾਮਜਦ ਵਿਅਕਤੀ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਵਿਰੁੱਧ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।