Patiala:The contribution of the media in ‘this time 70 par’ is important – district election officer

March 18, 2024 - PatialaPolitics

Patiala:The contribution of the media in ‘this time 70 par’ is important – district election officer

ਇਸ ਵਾਰ 70 ਪਾਰ’ ‘ਚ ਮੀਡੀਆ ਦਾ ਯੋਗਦਾਨ ਅਹਿਮ-ਜ਼ਿਲ੍ਹਾ ਚੋਣ ਅਫ਼ਸਰ

-ਕਿਹਾ, ਵੋਟਰ ਬਿਨ੍ਹਾਂ ਡਰ ਤੇ ਭੈਅ ਦੇ ਕਰਨ ਵੋਟ ਦੇ ਅਧਿਕਾਰ ਦੀ ਵਰਤੋਂ

-ਨਜਾਇਜ਼ ਕੈਸ਼, ਹਥਿਆਰਾਂ, ਸ਼ਰਾਬ ਤੇ ਹੋਰ ਨਸ਼ਿਆਂ ਖ਼ਿਲਾਫ਼ ਚੁੱਕੇ ਜਾਣਗੇ ਸਖ਼ਤ ਕਦਮ-ਐਸ.ਐਸ.ਪੀ.

ਪਟਿਆਲਾ, 18 ਮਾਰਚ:

ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਐਸ.ਐਸ.ਪੀ. ਸ੍ਰੀ ਵਰੁਣ ਸ਼ਰਮਾ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਲੋਕ ਸਭਾ ਚੋਣਾਂ ਨਿਰਪੱਖ, ਅਮਨ ਸ਼ਾਤੀ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੀ ਵਚਨਬੱਧਤਾ ਦੁਹਰਾਈ, ਉਥੇ ਹੀ ਗ਼ਲਤ ਅਨਸਰਾਂ ‘ਤੇ ਸਿਕੰਜ਼ਾ ਕਸਣ ਦੀ ਚਿਤਾਵਨੀ ਵੀ ਦਿੱਤੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀ ‘ਇਸ ਵਾਰ 70 ਪਾਰ’ ਮੁਹਿੰਮ ਨੂੰ ਜਮੀਨੀ ਪੱਧਰ ‘ਤੇ ਲਿਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾਣਗੀਆਂ, ਤਾਂ ਜੋ ਪਿਛਲੀਆਂ ਲੋਕ ਸਭਾ ਚੋਣਾਂ ‘ਚ 67.78 ਫੀਸਦੀ ਵੋਟਿੰਗ ਤੋਂ ਵਧਾ ਕੇ 70 ਫੀਸਦੀ ਤੋਂ ਵੱਧ ਵੋਟਿੰਗ ਦਾ ਟੀਚਾ ਸਰ ਕੀਤਾ ਜਾ ਸਕੇ।

ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਡਰ ਅਤੇ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਇੱਕ ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਦੇ ਵੋਟਰਾਂ ਨੂੰ ਸ਼ਾਂਤੀਪੂਰਵਕ ਮਾਹੌਲ ਦਿੱਤਾ ਜਾਵੇਗਾ। ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ 70 ਫ਼ੀਸਦੀ ਵੋਟਿੰਗ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਵੇ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਅੰਦਰ 8 ਵਿਧਾਨ ਸਭਾ ਹਲਕਿਆਂ ਵਿੱਚ 24-24 ਫਲਾਇੰਗ ਸਕੁਐਡ ਤੇ ਸਟੈਟਿਕ ਸਰਵੇਲੈਂਸ ਟੀਮਾਂ ਨਿਰੰਤਰ 24 ਘੰਟੇ ਨਜ਼ਰ ਰੱਖ ਰਹੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਸ਼ਿਕਾਇਤ ਸੈਲ ਸਥਾਪਤ ਕਰ ਦਿੱਤਾ ਗਿਆ ਹੈ ਅਤੇ ਕੋਈ ਵੀ ਵਿਅਕਤੀ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਸੀ ਵਿਜੀਲ ਐਪ ‘ਤੇ ਵੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਮੁੱਲ ਦੀਆਂ ਖ਼ਬਰਾਂ ਸਮੇਤ ਇਲੈਕਟ੍ਰੋਨਿਕ ਚੈਨਲਾਂ ਅਤੇ ਸੋਸ਼ਲ ਮੀਡੀਆ ਉਪਰ ਵੀ ਪੈਨੀ ਨਜ਼ਰ ਰੱਖੇਗੀ। ਉਨ੍ਹਾਂ ਦੱਸਿਆ ਕਿ ਇਸ਼ਤਿਹਾਰਬਾਜ਼ੀ ਲਈ ਐਮ.ਸੀ.ਐਮ.ਸੀ. ਕੋਲੋਂ ਪ੍ਰੀ ਸਰਟਫਿਕੇਸ਼ਨ ਜ਼ਰੂਰੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਵਿੱਚ 2077 ਪੋਲਿੰਗ ਸਟੇਸ਼ਨ ਹਨ, ਜਦਕਿ 121 ਅਤਿਸੰਵੇਦਨਸ਼ੀਲ ਤੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਵੈਬਕਾਸਟਿੰਗ ਤੇ ਮਾਈਕਰੋ ਆਬਜ਼ਰਵਰਾਂ ਆਦਿ ਦਾ ਵਿਸ਼ੇਸ਼ ਬੰਦੋਬਸਤ ਕੀਤਾ ਗਿਆ ਹੈ।

ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਵਿੱਚ ਕੁਲ 17 ਲੱਖ 83 ਹਜ਼ਾਰ 681 ਵੋਟਰ ਹਨ। ਇਨ੍ਹਾਂ ਵਿੱਚੋਂ 9 ਲੱਖ 33 ਹਜ਼ਾਰ 247 ਮਰਦ ਅਤੇ 8 ਲੱਖ 50 ਹਜ਼ਾਰ 377 ਮਹਿਲਾ ਵੋਟਰ ਹਨ, ਜਦਕਿ 76 ਥਰਡ ਜੈਂਡਰ ਵੋਟਰ ਹਨ। ਇਸੇ ਤਰ੍ਹਾਂ 13895 ਵੋਟਰ ਦਿਵਿਆਂਗਜਨ, 85 ਸਾਲ ਤੋਂ ਜਿਆਦਾ ਉਮਰ ਦੇ 16698 ਵੋਟਰ ਤੇ 100 ਸਾਲ ਉਮਰ ਦੇ 490 ਵੋਟਰ ਹਨ। ਉਨ੍ਹਾਂ ਦੱਸਿਆ ਕਿ 5065 ਸਰਵਿਸ ਵੋਟਰ ਅਤੇ 36466 ਵੋਟਰ ਅਜਿਹੇ ਨੌਜਵਾਨ ਵੋਟਰ ਹਨ, ਜਿਨ੍ਹਾਂ ਦੀ ਉਮਰ 18-19 ਸਾਲ ਹੈ ਅਤੇ ਇਹ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਪੁਆਉਣ ਦੀ ਪੂਰੀ ਪ੍ਰਕ੍ਰਿਆ ਮੁਕੰਮਲ ਕਰਨ ਲਈ 15 ਹਜ਼ਾਰ ਤੋਂ ਵਧੇਰੇ ਅਮਲਾ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੋਟਰਾਂ ‘ਤੇ ਪਿਛਲੀ ਵਾਰ ਘੱਟ ਵੋਟਿੰਗ ਹੋਈ ਸੀ, ਉਥੇ ਸਵੀਪ ਗਤੀਵਿਧੀਆਂ ਤੇਜ ਕੀਤੀਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਇਸ ਵਾਰ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਖ਼ਰਚੇ ਦੀ ਹੱਦ 95 ਲੱਖ ਨਿਰਧਾਰਤ ਕੀਤੀ ਹੈ। ਇਸ ਲਈ ਸਬੰਧਤ ਪਾਰਟੀਆਂ ਤੇ ਸੰਭਾਵੀ ਉਮੀਦਵਾਰਾਂ ਨੂੰ ਇਸ ਸਬੰਧੀ ਜਾਣੂ ਕਰਵਾ ਦਿਤਾ ਗਿਆ ਹੈ ਤੇ ਇਨ੍ਹਾਂ ਦੇ ਖ਼ਰਚੇ ਉਪਰ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ।

ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 35000 ਅਸਲੇ ਨੂੰ ਜਮ੍ਹਾਂ ਕਰਵਾਉਣ ਲਈ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਤੇ ਇਸ ਤੋਂ ਛੋਟ ਦੇਣ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਐਸ.ਐਸ.ਪੀ. ਤੇ ਹੋਰ ਮੈਂਬਰਾਂ ਵਾਲੀ ਇੱਕ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ।

ਇਸ ਮੌਕੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਅਮਨ-ਸ਼ਾਂਤੀ ਤੇ ਬਿਨ੍ਹਾਂ ਡਰ ਭੈਅ ਤੋਂ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਪਟਿਆਲਾ ਪੁਲਿਸ ਵਚਨਬੱਧ ਹੈ ਅਤੇ ਲੋਕਾਂ ਵਿੱਚ ਵਿਸ਼ਵਾਸ਼ ਬਹਾਲੀ ਲਈ ਜ਼ਿਲ੍ਹੇ ਵਿੱਚ ਪੁੱਜੀ ਕੇਂਦਰੀ ਫੋਰਸ ਦੀ ਇੱਕ ਕੰਪਨੀ ਆਈ.ਟੀ.ਬੀ.ਪੀ. ਨਾਲ ਫਲੈਗ ਮਾਰਚ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ।

ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਮਾਰਚ ਮਹੀਨੇ 24 ਮੁਕਦਮੇ ਐਨ.ਡੀ.ਪੀ.ਐਸ. ਦੇ ਦਰਜ ਕਰਕੇ 4 ਕਿਲੋ ਅਫੀਮ, 160 ਕਿਲੋ ਭੁੱਕੀ, 150 ਗ੍ਰਾਮ ਹੈਰੋਇਨ, 10 ਕਿਲੋ ਚਰਸ ਬਰਾਮਦ ਕੀਤੀ ਹੈ ਤੇ 18 ਆਬਕਾਰੀ ਐਕਟ ਦੇ ਮੁਕੱਦਮੇ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਿਆਂ, ਨਜਾਇਜ਼ ਸ਼ਰਾਬ ਤੇ ਅਸਲੇ ਤੇ ਨਾਜਾਇਜ਼ ਨਗ਼ਦੀ ‘ਤੇ ਵੀ ਤਿੱਖੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੰਬਾਲਾ, ਜੀਂਦ, ਕੁਰੂਕਸ਼ੇਤਰਾ ਤੇ ਕੈਥਲ ਨਾਲ ਲੱਗਦੇ ਇਲਾਕਿਆਂ ‘ਤੇ 14 ਅੰਤਰਰਾਜੀ ਨਾਕੇ ਤੇ ਲਾਇਵ ਮੋਨੀਟਰਿੰਗ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਵਰੁਣ ਸ਼ਰਮਾ ਨੇ ਦੱਸਿਆ ਕਿ ਜਨਵਰੀ ਤੋਂ ਹੁਣ ਤੱਕ 106 ਭਗੌੜੇ ਗ੍ਰਿਫ਼ਤਾਰ ਕੀਤੇ ਗਏ ਹਨ ਤੇ 36 ਭਗੌੜੇ ਜਾਬਤਾ ਲੱਗਣ ਤੋਂ ਬਾਅਦ ਫੜੇ ਗਏ ਹਨ, ਜਦਕਿ ਨਾਨਬੇਲਏਬਲ ਵਾਰੰਟਾਂ ‘ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਸੰਜੀਵ ਕੁਮਾਰ, ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ, ਡੀ.ਡੀ.ਐਫ. ਨਿੱਧੀ ਮਲਹੋਤਰਾ ਤੇ ਹੋਰ ਅਧਿਕਾਰੀ ਮੌਜੂਦ ਸਨ।