Latest Update about Waddi and Chhoti Nadi Patiala 2024
June 28, 2024 - PatialaPolitics
Latest Update about Waddi and Chhoti Nadi Patiala 2024
ਇਸ ਸਾਲ ਆਉਣ ਵਾਲੇ ਬਰਸਾਤੀ ਮੌਸਮ ਨੂੰ ਮੁੱਖ ਰੱਖਦੇ ਹੋਏ ਵੱਡੀ ਨਦੀ ਦੇ ਬੰਨਾਂ ਦੀ ਮੁੜ ਉਸਾਰੀ ਅਤੇ ਮਜ਼ਬੂਤੀ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੇ ਜਲ ਸਰੋਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਜਲ ਸਰੋਤ ਵਿਭਾਗ ਵੱਲੋਂ ਪਟਿਆਲਾ ਦੀ ਵੱਡੀ ਤੇ ਛੋਟੀ ਨਦੀ ਦੇ ਨਵੀਨੀਕਰਨ ਦਾ ਕੰਮ ਪੀਡੀਏ ਵੱਲੋਂ ਤਿਆਰ ਤਜਵੀਜ ਮੁਤਾਬਕ ਕੀਤਾ ਜਾ ਰਿਹਾ ਹੈ।
ਇੰਜੀਨੀਅਰ ਘਈ ਨੇ ਦੱਸਿਆ ਕਿ ਇਸ ਸਮੁੱਚੇ ਕੰਮ ਦਾ ਜਾਇਜ਼ਾ ਲੈਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਸਮੇਂ-ਸਮੇਂ ‘ਤੇ ਮੀਟਿੰਗਾਂ ਅਤੇ ਦੌਰੇ ਕਰਕੇ ਵਿਭਾਗ ਨੂੰ ਲੋੜੀਂਦੇ ਨਿਰਦੇਸ਼ ਵੀ ਦਿੱਤੇ ਜਾ ਰਹੇ ਹਨ।ਉਨ੍ਹਾਂ ਨੇ ਅੱਗੇ ਦੱਸਿਆ ਕਿ ਤਜਵੀਜ ਮੁਤਾਬਕ ਛੋਟੀ ਨਦੀ ਦੀ ਲਾਈਨਿੰਗ ਦਾ ਕੰਮ ਵੱਡੀ ਨਦੀ ਤੇ 2 ਐਸ.ਟੀ.ਪੀ. ਅਤੇ ਈ.ਟੀ.ਪੀ ਦਾ ਕੰਮ, ਵੱਡੀ ਨਦੀ ਦੀ ਚੈਨਾਲਾਈਜੇਸ਼ਨ ਦੇ ਕੰਮ ਦੇ ਨਾਲ-ਨਾਲ ਤਜ਼ਵੀਜ਼ਤ 2 ਪੁੱਲਾਂ ਅਤੇ 2 ਹੀ ਚੈੱਕ ਡੈਮਾਂ ਦਾ ਕੰਮ ਵੀ ਤੇਜੀ ਨਾਲ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਬੰਧਤ ਠੇਕੇਦਾਰ ਨੂੰ ਵੀ ਹਦਾਇਤਾਂ ਕਰਕੇ ਇਸ ਕੰਮ ਉਪਰ ਸਖਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਪਿਛਲੇ ਸਾਲ ਨਦੀ ਦੇ ਉਪਰਲੇ ਇਲਾਕਿਆਂ (ਮੁਹਾਲੀ, ਚੰਡੀਗੜ੍ਹ) ਵਿੱਚ ਪਈ ਭਾਰੀ ਬਾਰਿਸ਼ ਕਾਰਨ ਪਟਿਆਲਾ ਨਦੀ ਵਿੱਚ ਇਸ ਦੀ ਆਪਣੀ ਸਮਰੱਥਾ ਤੋਂ ਵੱਧ ਪਾਣੀ ਆ ਗਿਆ ਸੀ, ਜਿਸ ਕਾਰਨ ਨਦੀ ‘ਤੇ ਬਣਾਏ ਖੱਬੇ ਬੰਨ ਨੂੰ ਨੁਕਸਾਨ ਪਹੁੰਚਿਆ ਸੀ। ਉਸ ਸਮੇਂ ਮੌਕੇ ‘ਤੇ ਹੋਈ ਬਰੀਚ ਨੂੰ ਮਿੱਟੀ ਅਤੇ ਪਲਾਸਟਿਕ ਦੇ ਥੈਲਿਆਂ ਦੀ ਸਹਾਇਤਾ ਨਾਲ ਪੂਰ ਦਿੱਤਾ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਦੌਲਤਪੁਰਾ ਤੋਂ ਲੈ ਕੇ ਪਟਿਆਲਾ-ਰਾਜਪੁਰਾ ਰੋਡ ਤੱਕ ਕੰਮ ਤਕਰੀਬਨ ਮੁਕੰਮਲ ਕਰ ਲਿਆ ਗਿਆ ਹੈ।ਇਸ ਤੋਂ ਇਲਾਵਾ ਇਸ ਕੰਮ ਨੂੰ ਮੁਕੰਮਲ ਕਰਨ ਲਈ 6 ਮਸ਼ੀਨਾਂ ਜੰਗੀ ਪੱਧਰ ‘ਤੇ ਦਿਨ ਰਾਤ ਕੰਮ ਕਰ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਹ ਕੰਮ ਕਰਨ ਲਈ ਨਦੀ ਵਿੱਚ ਕੁਝ ਡਾਈਵਰਜ਼ਨ ਬਣਾਈਆਂ ਗਈਆਂ ਹਨ, ਜਿਸ ਕਾਰਨ ਡਾਈਵਰਜ਼ਨ ਵਾਲੀਆਂ ਜਗਾਵਾਂ ਵਿਖੇ ਬੂਟੀ ਇਕੱਠੀ ਹੋ ਗਈ ਹੈ, ਜਿਸ ਨੂੰ ਜਲਦ ਹੀ ਸਾਫ ਕਰਵਾ ਦਿੱਤਾ ਜਾਵੇਗਾ, ਤਾਂ ਜੋ ਬਰਸਾਤੀ ਸੀਜ਼ਨ ਵਿੱਚ ਕਿਸੇ ਵੀ ਤਰ੍ਹਾਂ ਦੀ ਹੜ੍ਹ ਦੀ ਸਥਿਤੀ ਨੂੰ ਨਜਿੱਠਿਆ ਜਾ ਸਕੇ।
ਐਕਸੀਐਨ ਰਜਿੰਦਰ ਘਈ ਨੇ ਕਿਹਾ ਇਸ ਲਈ ਮਸ਼ੀਨਰੀ ਨਦੀ ਦੇ ਨੇੜੇ ਹੀ ਸਟੈਂਡ-ਬਾਏ ਰੱਖੀ ਜਾਵੇਗੀ ਅਤੇ ਈ.ਸੀ. ਬੈਗਜ਼ ਵੀ ਭਰਵਾ ਕੇ ਰੱਖੇ ਜਾ ਰਹੇ ਹਨ ਤਾਂ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਵੀ ਨਜਿੱਠਿਆ ਜਾ ਸਕੇ।ਉਨ੍ਹਾਂ ਦੱਸਿਆ ਕਿ ਵਿਭਾਗ ਵਲ਼ੋਂ ਫਲੱਡ ਕੰਟਰੋਲ ਰੂਮ ਸਥਾਪਤ ਕਰਕੇ ਹੜ੍ਹਾਂ ਵਰਗੀ ਸਥਿਤਿ ਨਾਲ ਨਜਿੱਠਣ ਦੇ ਅਗੇਤੇ ਪ੍ਰਬੰਧ ਮੁਕੰਮਲ ਕਰਦੇ ਹੋਏ ਪੂਰੀ ਮੋਨੀਟਰਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਦੇ ਨਾਲ ਐਸ.ਡੀ.ਓ. ਨਿਸ਼ਾਂਤ ਗਰਗ ਤੇ ਹੋਰ ਅਧਿਕਾਰੀ ਮੌਜੂਦ ਸਨ।