11 lakh Tree saplings are being planted in Patiala district

July 8, 2024 - PatialaPolitics

11 lakh Tree saplings are being planted in Patiala district

ਜ਼ਿਲ੍ਹੇ ‘ਚ ਬੂਟੇ ਲਗਾਉਣ ਦੀ ਮੁਹਿੰਮ ਦਾ ਏ.ਡੀ.ਸੀਜ਼ ਨੇ ਲਿਆ ਜਾਇਜ਼ਾ

-ਬਰਸਾਤੀ ਮੌਸਮ ਨਵੇਂ ਬੂਟੇ ਲਗਾਉਣ ਲਈ ਸਭ ਤੋਂ ਢੁਕਵਾਂ : ਏ.ਡੀ.ਸੀ.

-ਪਟਿਆਲਾ ਜ਼ਿਲ੍ਹੇ ‘ਚ ਲਗਾਏ ਜਾ ਰਹੇ ਨੇ 11 ਲੱਖ ਬੂਟੇ

-ਕਿਹਾ, ਵਾਤਾਵਰਨ ਦੀ ਸੰਭਾਲ ਲਈ ਹਰ ਵਿਅਕਤੀ ਯੋਗਦਾਨ ਪਾਵੇ

ਪਟਿਆਲਾ, 8 ਜੁਲਾਈ:

ਪਟਿਆਲਾ ਜ਼ਿਲ੍ਹੇ ਵਿੱਚ 11 ਲੱਖ ਬੂਟੇ ਲਗਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦਾ ਅੱਜ ਵਧੀਕ ਡਿਪਟੀ ਕਮਿਸ਼ਨਰਜ਼ ਨੇ ਜਾਇਜ਼ਾ ਲੈਂਦਿਆਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਖਾਲੀ ਪਏ ਖੇਤਰ ਦੀ ਪਹਿਚਾਣ ਕਰਕੇ ਤੁਰੰਤ ਬੂਟੇ ਲਗਾਉਣ ਦੀ ਕਾਰਵਾਈ ਅਰੰਭਣ। ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਮੌਜੂਦ ਸਨ।

ਵਧੀਕ ਡਿਪਟੀ ਕਮਿਸ਼ਨਰਜ਼ ਨੇ ਕਿਹਾ ਕਿ ਬਰਸਾਤੀ ਮੌਸਮ ਬੂਟੇ ਲਗਾਉਣ ਲਈ ਸਭ ਤੋਂ ਢੁਕਵਾਂ ਹੁੰਦਾ ਹੈ ਅਤੇ ਜ਼ਿਲ੍ਹੇ ਅੰਦਰ ਇਸ ਮੌਸਮ ਦੌਰਾਨ 11 ਲੱਖ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸਕੂਲਾਂ, ਕਾਲਜਾਂ, ਅਨਾਜ ਮੰਡੀਆਂ, ਹਸਪਤਾਲਾਂ, ਪਿੰਡਾਂ ਦੀਆਂ ਫਿਰਨੀਆਂ ਤੇ ਛੱਪੜਾਂ ਦੇ ਆਲੇ ਦੁਆਲੇ ਸਮੇਤ ਜਨਤਕ ਸਥਾਨਾਂ ਦੀ ਚੋਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਮਾਜ ਸੇਵੀ ਜਥੇਬੰਦੀਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਵੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਮੀਆਂਵਾਕੀ ਤਕਨੀਕ ਨਾਲ ਛੋਟੇ ਜੰਗਲ ਸਥਾਪਤ ਕੀਤੇ ਜਾ ਰਹੇ ਹਨ ਜਿਸ ਨਾਲ ਘੱਟ ਰਕਬੇ ਵਿੱਚ ਜ਼ਿਆਦਾ ਬੂਟੇ ਲਗਾਏ ਜਾ ਸਕਦੇ ਹਨ।

ਇਸ ਮੌਕੇ ਵਣ ਰੇਂਜ ਅਫ਼ਸਰ ਸਵਰਨ ਸਿੰਘ ਨੇ ਬੂਟੇ ਲਗਾਉਣ ਦੀ ਤਕਨੀਕੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੂਟੇ ਲਈ ਟੋਆ ਪੱਟਣ ਸਮੇਂ ਕਹੀ ਦੀ ਵਰਤੋਂ ਕੀਤੀ ਜਾਵੇ ਅਤੇ ਟੋਅੇ ਦਾ ਸਾਈਜ਼ ਡੇੜ ਫੁੱਟ ਚੌੜਾ ਤੇ ਡੇਟ ਫੁੱਟ ਡੂੰਘਾ ਰੱਖਿਆ ਜਾਵੇ ਅਤੇ ਫੇਰ ਦੁਬਾਰਾ ਟੋਅੇ ਨੂੰ ਅੱਧਾ ਮਿੱਟੀ ਨਾਲ ਭਰ ਦਿੱਤਾ ਜਾਵੇ ਇਸ ਨਾਲ ਬੂਟੇ ਨੂੰ ਜੜ ਲਗਾਉਣ ਲਈ ਨਰਮ ਮਿੱਟੀ ਪ੍ਰਾਪਤ ਹੋਵੇਗੀ ਅਤੇ ਬੂਟਾ ਜਲਦੀ ਵੱਡਾ ਹੋਵੇਗਾ। ਉਨ੍ਹਾਂ ਕਿਹਾ ਕਿ ਬੂਟਾ ਲਗਾਉਣ ਦੇ ਨਾਲ ਨਾਲ ਉਸ ਦੀ ਸੰਭਾਲ ਵੀ ਉਨ੍ਹੀ ਹੀ ਜ਼ਿਆਦਾ ਜ਼ਰੂਰੀ ਹੈ, ਇਸ ਲਈ ਲਗਾਏ ਬੂਟਿਆਂ ਦੀ ਸਾਂਭ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਮੀਟਿੰਗ ‘ਚ ਐਸ.ਡੀ.ਐਮ. ਨਾਭਾ ਤਰਸੇਮ ਚੰਦ ਸਮੇਤ ਸਮੂਹ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।