Details about various projects ongoing in Patiala
August 13, 2024 - PatialaPolitics
Details about various projects ongoing in Patiala
ਨਗਰ ਨਿਗਮ, ਪਟਿਆਲਾ ਦੇ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਨਗਰ ਨਿਗਮ ਵੱਲੋਂ ਪਿਛਲੇ ਦਿਨਾਂ ਦੌਰਾਨ ਲੋਕ ਹਿੱਤਾਂ ਵਿਚ ਉਲੀਕੇ ਗਏ ਕਈ ਕੰਮਾਂ ਦੀ ਜਾਣਕਾਰੀ ਦਿੱਤੀ ਹੈ।ਆਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਆਦੇਸ਼ਾਂ ਤਹਿਤ ਹੀ ਸ਼ਹਿਰ ਵਿੱਚ ਬਰਸਾਤਾਂ ਦੇ ਦਿਨਾਂ ਦੌਰਾਨ ਪੈਦਾ ਹੁੰਦੀ ਪਾਣੀ ਖੜ੍ਹਨ ਦੀ ਸਮੱਸਿਆ ਨੂੰ ਹੱਲ ਕਰਨ ਲਈ 3 ਕਰੋੜ ਰੁਪਏ ਦੀ ਲਾਗਤ ਨਾਲ ਸਟੌਰਮ ਸੀਵਰ ਪਾਇਆ ਜਾ ਰਿਹਾ ਹੈ। ਇਸ ਨਵੀਂ ਸਟੌਰਮ ਸੀਵਰ ਲਾਈਨ ਦੇ ਚੱਲਣ ਨਾਲ ਫੈਕਟਰੀ ਏਰੀਆ, ਉਪਕਾਰ ਨਗਰ, ਭਾਦਸੋ ਰੋਡ ਦੇ ਆਲੇ ਦੁਆਲੇ ਦੀਆਂ ਕਲੋਨੀਆਂ, ਮਨਜੀਤ ਨਗਰ, ਫੁਲਕੀਆ ਇਨਕਲੇਵ, ਫੁਲਕੀਆ ਇਨਕਲੇਵ, ਤ੍ਰਿਪੜੀ, ਆਨੰਦ ਨਗਰ-ਬੀ ਅਤੇ ਆਲੇ ਦੁਆਲੇ ਦੇ ਤਕਰੀਬਨ 1.50 ਲੱਖ ਦੀ ਆਬਾਦੀ ਨੂੰ ਬਰਸਾਤਾਂ ਵਿੱਚ ਪਾਣੀ ਦੀ ਖੜ੍ਹਨ ਦੀ ਸ਼ਿਕਾਇਤ ਤੋਂ ਵੱਡੀ ਨਿਜ਼ਾਤ ਮਿਲੇਗੀ। ਉਕਤ ਸੜਕਾਂ ਉਤੇ ਸਟੌਰਮ ਸੀਵਰ ਦੀ ਪਾਈਪ ਪਾਉਣ ਤੋਂ ਬਾਅਦ ਇਨ੍ਹਾਂ ਸਮੂਹ ਸੜਕਾਂ ਵਿਖੇ ਤਕਰੀਬਨ 3.50 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਨਗਰ ਨਿਗਮ ਨੇ ਸ਼ਹਿਰ ਵਿੱਚ ਮੁੱਖ ਸੜਕਾਂ ਦੀ ਸਫ਼ਾਈ ਲਈ ਮਕੈਨੀਕਲ ਰੋਡ ਸਵੀਪਿੰਗ ਮਸ਼ੀਨ 2.50 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਹੈ ਇਸ ਨਾਲ ਮੁੱਖ ਸੜਕਾਂ ਦੀ ਸਫ਼ਾਈ ਰਾਤ ਸਮੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਜਿਹੀਆਂ 2 ਹੋਰ ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਸ਼ਹਿਰ ਲਈ ਨਵੀਆਂ ਪੋਕ ਲੇਨ ਤੇ ਜੇ.ਸੀ.ਬੀ. ਮਸ਼ੀਨਾਂ ਵੀ ਖਰੀਦੀਆਂ ਜਾ ਰਹੀਆਂ ਹਨ।
ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਵੱਲੋ ਸ਼ਹਿਰ ਦੀ ਦਿੱਖ ਵਿਚ ਸੁਧਾਰ ਕਰਨ ਅਤੇ ਰੋਜ਼ਾਨਾ ਹੋ ਰਹੇ ਹਾਦਸਿਆਂ ਨੂੰ ਮੁੱਖ ਰਖਦੇ ਹੋਏ ਅਰਬਨ ਪਲੈਨਰ ਅਤੇ ਟਰਾਂਸਪੋਰਟ ਐਡਵਾਈਜ਼ਰ ਹਾਇਰ ਕਰਕੇ ਸਾਰੇ ਮੁੱਖ ਚੌਕਾਂ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੌਂਕ ਤੋ ਮਿੱਨੀ ਸਕੱਤਰਤੇਤ ਵਾਲੇ ਜਾਂਦੇ ਚੌਂਕ, ਖੰਡਾ ਚੌਂਕ, ਲੀਲਾ ਭਵਨ ਚੌਂਕ, ਥਾਪਰ ਯੂਨੀਵਰਸਿਟੀ ਚੌਂਕ ਵਿਚ ਨਵੇਂ ਰਾਂਊਡਅਬਾਉਟ ਬਣਾਉਣ ਲਈ ਤਜਵੀਜ਼ ਤਿਆਰ ਕਰਵਾਈ ਜਾ ਰਹੀ ਹੈ। ਇਸ ਤਜਵੀਜ ਦੇ ਸਿਰੇ ਚੜਨ ਨਾਲ ਜਿੱਥੇ ਹਾਦਸਿਆ ਵਿਚ ਵੱਡੀ ਕਮੀ ਆਵੇਗੀ ਅਤੇ ਉਥੇ ਹੀ ਸ਼ਹਿਰ ਦੇ ਮੁੱਖ ਚੌਕਾਂ ਦੀ ਦਿੱਖ ਹੋਰ ਵੀ ਸੁੰਦਰ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਨਗਰ ਨਿਗਮ ਵੱਲੋਂ ਭਾਦਸੋ ਰੋਡ ਤੋਂ ਪਿੰਡ ਝਿੱਲ ਨੂੰ ਜਾਂਦੀ ਸੜਕ ਤਕਰੀਬਨ 3 ਕਰੋੜ ਦੀ ਲਾਗਤ ਨਾਲ ਨਵੀ ਤਿਆਰ ਕਰਵਾਈ ਗਈ ਹੈ, ਇਸ ਨਾਲ ਇਸ ਇਲਾਕੇ ਦੀ ਆਲੇ ਦੁਆਲੇ ਦੀ ਤਕਰੀਬਨ 25000 ਆਬਾਦੀ ਨੂੰ ਲਾਭ ਹੋ ਰਿਹਾ ਹੈ, ਕਿਉਂਕਿ ਇਸ ਸੜਕ ਨੂੰ ਭਾਦਸੋਂ ਰੋਡ ਤੋਂ ਸਰਹੰਦ ਰੋਡ ਜਾਣ ਲਈ ਰਿੰਗ ਰੋਡ ਵਜੋਂ ਵੀ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਸ਼ਹਿਰ ਵਿਚ ਐਡਵਰਟਾਈਜਮੈਟ ਦੇ ਪੁਰਾਣੇ ਹੋਏ ਹੋਰਡਿੰਗ/ਬੋਰਡ ਜਿੱਥੇ ਸ਼ਹਿਰ ਦੀ ਦਿੱਖ ਖਰਾਬ ਕਰ ਰਹੇ ਸਨ ਉਥੇ ਹੀ ਨਿਗਮ ਨੂੰ ਵਿੱਤੀ ਨੁਕਸਾਨ ਵੀ ਹੋ ਰਿਹਾ ਸੀ, ਇਸ ਉਪਰ ਫੌਰੀ ਤੌਰ ਉਤੇ ਕਾਰਵਾਈ ਕਰਦੇ ਹੋਏ ਨਿਗਮ ਨੇ ਐਡਵਰਟਾਈਜਮੈਟ ਦੇ ਟੈਂਡਰ ਲਗਾ ਕੇ ਨਵੀ ਕੰਪਨੀ ਨੂੰ ਹਾਇਰ ਕਰਕੇ ਨਵੇ ਹੋਰਡਿੰਗ ਤੇ ਬੋਰਡ ਸ਼ਹਿਰ ਵਿੱਚ ਟਰੈਫਿਕ ਨੂੰ ਧਿਆਨ ਵਿਚ ਰੱਖਦੇ ਹੋਏ ਲਗਵਾਏ ਹਨ, ਇਸ ਨਾਲ ਜਿੱਥੇ ਟਰੈਫਿਕ ਵਿਚ ਸੁਧਾਰ ਹੋਇਆ ਹੈ ਉਥੇ ਹੀ ਨਿਗਮ ਦੀ ਆਮਦਨ ਵਿੱਚ 4.53 ਕਰੋੜ ਰੁਪਏ ਸਾਲਾਨਾ ਦਾ ਵਾਧਾ ਹੋਇਆ ਹੈ।
ਆਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਸ਼ਹਿਰ ਦੀ ਦਿੱਖ ਵਿਚ ਸੁਧਾਰ ਲਿਆਉਣ ਦੇ ਮੰਤਵ ਨਾਲ ਸ਼ਹਿਰ ਦੀਆਂ ਸਮੂਹ ਗਰੀਨ ਬੈਲਟਾਂ ਦੀ ਸਫਾਈ ਲਈ ਵਿਸ਼ੇਸ ਮੁਹਿੰਮ ਵੀ ਚਲਾਈ ਹੋਈ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਤੋਂ ਕਾਫੀ ਸਮੇ ਤੋਂ ਪਿਆ ਮਲਬਾ, ਗਰੀਨ ਵੇਸਟ, ਕੂੜੇ ਨੂੰ ਵਿਸ਼ੇਸ ਮੁਹਿੰਮ ਚਲਵਾ ਕੇ ਹਟਵਾਇਆ ਗਿਆ ਹੈ ਤਾਂ ਜ਼ੋ ਸ਼ਹਿਰ ਦੀਆਂ ਸਮੂਹ ਮੁੱਖ ਸੜਕਾਂ ਦੀ ਦਿੱਖ ਵਿਚ ਸੁਧਾਰ ਆ ਸਕੇ। ਇਸੇ ਦੌਰਾਨ ਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਆਵਾਰਾਂ ਪਸ਼ੂਆਂ ਨੂੰ ਲੈ ਕੇ ਆਮ ਲੋਕਾਂ ਪਾਏ ਜਾ ਰਹੇ ਰੋਸ ਨੂੰ ਦੂਰ ਕਰਨ ਲਈ, ਨਗਰ ਨਿਗਮ,ਨੇ ਪਿਛਲੇ ਦਿਨਾਂ ਦੌਰਾਨ ਕੁੱਤਿਆ ਦੀ ਨਸਬੰਦੀ ਕਰਵਾਈ ਹੈ ਅਤੇ ਪਿਛਲੇ ਤਕਰੀਬਨ 1 ਸਾਲ ਵਿਚ 740 ਆਵਾਰਾ ਪਸ਼ੂਆਂ ਨੂੰ ਵੀ ਸ਼ਹਿਰ ਤੋਂ ਫੜ ਕੇ ਵੱਖ ਵੱਖ ਗਊਸ਼ਾਲਾਵਾਂ ਵਿਚ ਛੱਡਿਆ ਗਿਆ ਹੈ ਜਿਸਦੀ ਅਦਾਇਗੀ ਨਗਰ ਨਿਗਮ, ਪਟਿਆਲਾ ਵਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਆਮ ਲੋਕਾਂ ਵਲੋਂ ਸ਼ਹਿਰ ਵਿਚ ਵੱਧ ਰਹੀਆ ਰੇਹੜੀਆਂ ਕਾਰਨ ਹੋ ਰਹੇ ਹਾਦਸਿਆਂ ਨੂੰ ਰੋਕਣ ਦੀ ਕੀਤੀ ਗਈ ਮੰਗ ਉਪਰ ਕਾਰਵਾਈ ਕਰਦੇ ਹੋਏ ਸ਼ਹਿਰ ਵਿਚ ਨਵੇ ਵੈਡਿੰਗ ਜ਼ੋਨ ਬਣਾਏ ਗਏ ਹਨ ਅਤੇ ਸ਼ਹਿਰ ਦੀਆਂ ਮੁੱਖ ਆਵਾਜਾਈ ਵਾਲੀਆ ਸੜਕਾਂ/ ਚੌਕਾਂ ਨੂੰ ਨੋ ਵੈਡਿੰਗ ਜ਼ੋਨ ਵਲੋ ਐਲਾਨਿਆ ਗਿਆ ਹੈ ਅਤੇ ਲਗਾਤਾਰ ਮੁਨਾਦੀ ਕਰਵਾਈ ਜਾ ਰਹੀ ਹੈ ਕਿਸੇ ਨੋ ਵੈਡਿੰਗ ਜ਼ੋਨ ਵਿਚ ਕਿਸੇ ਵੀ ਕਿਸਮ ਦੀ ਰੇਹੜੀ/ਫੜੀ ਨਾ ਲਗਾਈ ਜਾਵੇ।