ਪਟਿਆਲਾ:2012 ਬੈਚ ਦੇ ਸੀਨੀਅਰ ਪੀ.ਸੀ.ਐਸ. ਅਧਿਕਾਰੀ ਡਾ. ਰਜਤ ਉਬਰਾਏ ਨੇ ਨਗਰ ਨਿਗਮ ਕਮਿਸ਼ਨਰ ਦਾ ਅਹੁਦਾ ਸੰਭਾਲਿਆ
September 16, 2024 - PatialaPolitics
ਪਟਿਆਲਾ:2012 ਬੈਚ ਦੇ ਸੀਨੀਅਰ ਪੀ.ਸੀ.ਐਸ. ਅਧਿਕਾਰੀ ਡਾ. ਰਜਤ ਉਬਰਾਏ ਨੇ ਨਗਰ ਨਿਗਮ ਕਮਿਸ਼ਨਰ ਦਾ ਅਹੁਦਾ ਸੰਭਾਲਿਆ
2012 ਬੈਚ ਦੇ ਸੀਨੀਅਰ ਪੀ.ਸੀ.ਐਸ. ਅਧਿਕਾਰੀ ਡਾ. ਰਜਤ ਉਬਰਾਏ ਨੇ ਅੱਜ ਨਗਰ ਨਿਗਮ ਪਟਿਆਲਾ ਦੇ ਨਵੇਂ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਯੋਜਨਾਵਾਂ ਨੂੰ ਹੇਠਲੇ ਪੱਧਰ ‘ਤੇ ਲਾਗੂ ਕਰਨਾ ਅਤੇ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਨਾਗਰਿਕ ਸੇਵਾਵਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਵਿਸ਼ੇਸ਼ ਪਹਿਲਕਦਮੀ ਹੋਵੇਗੀ।
ਇਸੇ ਦੌਰਾਨ ਨਗਰ ਨਿਗਮ ਕਮਿਸ਼ਨਰ ਡਾ. ਰਜਤ ਉਬਰਾਏ ਨੇ ਬ੍ਰਾਂਚ ਮੁਖੀਆਂ ਨਾਲ ਜਾਣ-ਪਛਾਣ ਮੀਟਿੰਗ ਕੀਤੀ ਅਤੇ ਲੋਕ ਹਿਤ ਦੇ ਕੰਮ ਪਹਿਲ ਦੇ ਅਧਾਰ ‘ਤੇ ਕਰਨ ਦੀ ਸਖ਼ਤ ਹਦਾਇਤ ਕੀਤੀ। ਉਨ੍ਹਾਂ ਨੇ ਛੋਟੀ ਬਾਰਾਂਦਰੀ ਵਿਖੇ ਲੱਗਦੇ ਕਾਰ ਬਾਜ਼ਾਰ ਬਾਰੇ ਸਬੰਧਤ ਤੋਂ ਤੁਰੰਤ ਰਿਪੋਰਟ ਤਲਬ ਕੀਤੀ ਅਤੇ ਸਖ਼ਤ ਹਦਾਇਤ ਕੀਤੀ ਕਿ ਇੱਥੇ ਅਜਿਹੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ ਕਿ ਆਮ ਸ਼ਹਿਰੀ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਕਮਿਸ਼ਨਰ ਨੇ ਸਬੰਧਤ ਬ੍ਰਾਂਚਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਅਬਲੋਵਾਲ ਨੇੜਲੀਆਂ ਕਲੋਨੀਆਂ ਸਮੇਤ ਸ਼ਹਿਰ ਦੀਆਂ ਹੋਰਨਾਂ ਕਲੋਨੀਆਂ, ਜਿੱਥੇ ਕਿਤੇ ਸਟਰੀਟ ਲਾਈਟਾਂ ਬੰਦ ਹਨ ਜਾਂ ਕਿਸੇ ਖਰਾਬ ਹਨ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਸੂਚਨਾ ਮਿਲ ਰਹੀ ਹੈ, ਉਸ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਡਾ. ਰਜਤ ਉਬਰਾਏ ਵੱਲੋਂ ਅਹੁਦਾ ਸੰਭਾਲਣ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ ਤੇ ਗੁਰਪ੍ਰੀਤ ਵਾਲੀਆ, ਐਮ.ਟੀ.ਪੀ. ਸੰਦੀਪ ਸੈਣੀ, ਨਿਗਮ ਦੇ ਸਕੱਤਰ ਹੋਰ ਇੰਜੀਨੀਅਰਾਂ ਅਤੇ ਸਾਰੀਆਂ ਬ੍ਰਾਂਚਾਂ ਦੇ ਮੁਖੀਆਂ, ਕ੍ਰਿਸ਼ਨ ਕੁਮਾਰ ਤੇ ਭੁਪਿੰਦਰ ਸਿੰਘ ਸਮੇਤ ਹੋਰ ਅਮਲੇ ਨੇ ਸਵਾਗਤ ਕੀਤਾ।