Chairperson of the Punjab State Women Commission, Raj Lali Gill visited RGNUL Patiala
September 25, 2024 - PatialaPolitics
Chairperson of the Punjab State Women Commission, Raj Lali Gill visited RGNUL Patiala
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਸੁਣੀਆਂ
ਪਟਿਆਲਾ, 25 ਸਤੰਬਰ:
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਸ਼ਾਮ ਇੱਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਪਿਛਲੇ ਕੁਝ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਚੇਅਰਪਰਸਨ ਨੇ ਕਿਹਾ ਕਿ ਵਿਦਿਆਰਥਣਾਂ ਦੇ ਦੱਸਣ ਮੁਤਾਬਕ ਜੋ ਗ਼ਲਤ ਗੱਲਾਂ ਹੋਈਆਂ ਹਨ, ਉਸ ਦਾ ਜਵਾਬ ਮੰਗਿਆ ਜਾਵੇਗਾ, ਕਿਉਂਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ। ਉਨ੍ਹਾਂ ਨੇ ਇਸ ਦੌਰਾਨ ਵਾਈਸ ਚਾਂਸਲਰ ਅਤੇ ਮਹਿਲਾ ਫੈਕਲਟੀ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।
ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਕਿਸੇ ਵੀ ਕੀਮਤ ‘ਤੇ ਖਰਾਬ ਨਹੀਂ ਹੋਣੀ ਚਾਹੀਦੀ ਅਤੇ ਇਸ ਮਸਲੇ ਦਾ ਹੱਲ ਦੁਵੱਲੀ ਗੱਲਬਾਤ ਰਾਹੀਂ ਇੱਕ ਕਮੇਟੀ ਦਾ ਗਠਨ ਕਰਕੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਭਰੋਸਾ ਦਿੱਤਾ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਹਨ ਤੇ ਉਨ੍ਹਾਂ ਨਾਲ ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਇੱਕ ਬੇਟੀ ਦੀ ਮਾਂ ਹਨ ਇਸ ਲਈ ਉਹ ਵਿਦਿਆਰਥਣਾਂ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਹ ਵਿਦਿਆਰਥਣਾਂ ਦੀ ਹੀ ਗੱਲ ਕਰਨਗੇ।
ਚੇਅਰਪਰਸਨ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲਾਜਮੀ ਹੋਵੇਗਾ, ਇਸ ਲਈ ਵਿਦਿਆਰਥੀ ਆਪਣੇ ਨੁਮਾਇੰਦੇ ਚੁਣਨਗੇ ਅਤੇ ਵਿਦਿਆਰਥੀਆਂ ਦੀ ਪਸੰਦ ਦੇ ਫੈਕਲਟੀ ਮੈਂਬਰ ਵੀ ਇਸ ਕਮੇਟੀ ਵਿੱਚ ਸ਼ਾਮਲ ਹੋਣਗੇ ਤੇ ਜੇਕਰ ਉਹ ਚਾਹੁਣਗੇ ਤਾਂ ਪ੍ਰਸ਼ਾਸਨ ਵਿੱਚੋਂ ਵੀ ਨੁਮਾਇੰਦਾ ਲਿਆ ਜਾਵੇਗਾ। ਇਸ ਤੋਂ ਬਿਨ੍ਹਾਂ ਕਿਉਂਕਿ ਵਿਦਿਆਰਥੀਆਂ ਨੇ ਉਨ੍ਹਾਂ ਦੀ ਵੀ ਲੋੜ ਮਹਿਸੂਸ ਕੀਤੀ ਹੈ ਤਾਂ ਇਸ ਲਈ ਉਹ ਵੀ ਵਿਦਿਆਰਥੀਆਂ ਦੇ ਨਾਲ ਖੜ੍ਹਨਗੇ ਕਿਉਂਕਿ ਵਿਦਿਆਰਥਣਾਂ ਦੀ ਸੁਰੱਖਿਆ ਕਰਨੀ ਉਨ੍ਹਾਂ ਦਾ ਮੁਢਲਾ ਕਰਤੱਵ ਹੈ।
ਰਾਜ ਲਾਲੀ ਗਿੱਲ ਨੇ ਇਸ ਮਗਰੋਂ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਜਿੱਥੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਹਨ, ਉਥੇ ਹੀ ਵਾਈਸ ਚਾਂਸਲਰ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮਸਲਾ ਜਲਦ ਹੀ ਹੱਲ ਹੋ ਜਾਵੇਗਾ।
ਚੇਅਰਪਰਸਨ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਸਨ ਅਤੇ ਅੱਜ ਉਹ ਖ਼ੁਦ ਇਸ ਮਸਲੇ ਦਾ ਜਾਇਜ਼ਾ ਲੈਣ ਤੇ ਵਿਦਿਆਰਥਣਾਂ ਦੀ ਗੱਲ ਸੁਨਣ ਲਈ ਪੁੱਜੇ ਹਨ, ਜਿੱਥੇ ਵਿਦਿਆਰਥਣਾਂ ਦੀ ਨਿੱਜਤਾ ਨਾਲ ਸਬੰਧਤ ਕੁਮੈਂਟਸ ਅਤੇ ਫੀਸਾਂ ਨਾਲ ਸਬੰਧਤ ਸਮੇਤ ਕੁਝ ਹੋਰ ਮਸਲੇ ਧਿਆਨ ਵਿੱਚ ਲਿਆਂਦੇ ਗਏ ਹਨ।
ਰਾਜ ਲਾਲੀ ਗਿੱਲ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕਰਨਾ ਵਿਦਿਆਰਥੀਆਂ ਦਾ ਹੱਕ ਹੈ ਅਤੇ ਉਨ੍ਹਾਂ ਵੱਲੋਂ ਉਠਾਏ ਗਏ ਮਸਲਿਆਂ ਦਾ ਜਵਾਬ ਵਿਦਿਆਰਥੀਆਂ ਨੂੰ ਲਾਜਮੀ ਮਿਲਣਾ ਚਾਹੀਦਾ ਹੈ ਅਤੇ ਇਹ ਮਿਲੇਗਾ ਵੀ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਡਾ. ਨਾਨਕ ਸਿੰਘ, ਐਸ.ਪੀ. ਸਿਟੀ ਸਰਫ਼ਰਾਜ ਆਲਮ ਵੀ ਮੌਜੂਦ ਸਨ।