Patiala:Gram Panchayat Elections-2024′ Additional District Magistrate orders arms holders to deposit arms
September 27, 2024 - PatialaPolitics
Patiala:Gram Panchayat Elections-2024′ Additional District Magistrate orders arms holders to deposit arms
15 ਅਕਤੂਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤ ਚੋਣਾਂ ਦੇ ਸਬੰਧੀਂ ਰਾਜ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਅਮਨ ਕਾਨੂੰਨ ਕਾਇਮ ਰੱਖਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੇ ਪਟਿਆਲਾ ਜ਼ਿਲ੍ਹੇ ਦੇ ਸਮੂਹ ਅਸਲਾ ਧਾਰਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣਾ ਲਾਇਸੈਂਸੀ ਅਸਲਾ 29 ਸਤੰਬਰ 2024 ਤੱਕ ਹਰ ਹਾਲਤ ਵਿੱਚ ਸਬੰਧਤ ਥਾਣਿਆਂ ਜਾਂ ਅਸਲਾ ਡੀਲਰਾਂ ਪਾਸ ਜਮ੍ਹਾਂ ਕਰਵਾਉਣ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 18 ਅਕਤੂਬਰ 2024 ਤੱਕ ਲਾਗੂ ਹੋਣ ਵਾਲੇ ਇੱਕ ਤਰਫ਼ਾ ਹੁਕਮ ਜਾਰੀ ਕਰਦਿਆਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਸਮੂਹ ਅਸਲਾ ਧਾਰਕ ਗ੍ਰਾਮ ਪੰਚਾਇਤ ਚੋਣ ਅਮਲ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਇਹ ਹੁਕਮ ਜਾਰੀ ਕੀਤੇ ਹਨ।
ਇਸੇ ਤਰ੍ਹਾਂ ਦੂਜੇ ਹੁਕਮਾਂ ਵਿੱਚ ਏ.ਡੀ.ਸੀ. ਨੇ ਚੋਣ ਪ੍ਰਕ੍ਰਿਆ ਨੂੰ ਸ਼ਾਤੀ ਪੂਰਵਕ ਕਰਵਾਉਣ ਲਈ ਪਟਿਆਲਾ ਜ਼ਿਲ੍ਹੇ ਦੇ ਲਾਇਸੰਸੀ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਚੋਣ ਜਾਬਤੇ ਦੌਰਾਨ ਨਾਲ ਲੈਕੇ ਘੁੰਮਣ ‘ਤੇ ਪਾਬੰਦੀ ਵੀ ਲਗਾਈ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਬੀ.ਐਨ.ਐਸ. ਸੈਕਸ਼ਨ 223 ਆਫ਼ ਭਾਰਤੀ ਨਿਆਂਇ ਸੰਹਿਤਾ 2023 ਅਤੇ ਹੋਰ ਸਬੰਧਤ ਕਾਨੂੰਨਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਸਲੇ ਸਮੇਤ ਸਕਿਉਰਿਟੀ ਗਾਰਡ ਦੀ ਨੌਕਰੀ ਕਰਨ ਵਾਲੇ ਵਿਅਕਤੀ ਨੂੰ ਆਪਣਾ ਅਸਲਾ ਜਮ੍ਹਾਂ ਕਰਵਾਉਣ ਤੋਂ ਛੂਟ ਇਸ ਸ਼ਰਤ ‘ਤੇ ਮਿਲੇਗੀ ਕਿ ਉਹ ਆਪਣੇ ਇੰਸਟੀਚਿਊਟ, ਅਦਾਰੇ ਜਾਂ ਮਾਲਕ ਤੋਂ ਤਸਦੀਕਸ਼ੁਦਾ ਸਰਟੀਫਿਕੇਟ, ਲੈਟਰ ਹੈਡ ‘ਤੇ ਨੇੜਲੇ ਥਾਣੇ ਵਿੱਚ ਜਮ੍ਹਾਂ ਕਰਵਾਉਣਗੇ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਜ, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਬੈਂਕਾਂ ‘ਚ ਗਾਰਡ ਦੀ ਨੌਕਰੀ ਕਰਦੇ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਣਗੇ।