ਪਟਿਆਲਾ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਚੋਣਾਂ ਲਈ ਨਾਮਜ਼ਦਗੀਆਂ ਦੇ ਆਖਰੀ ਦਿਨ 377 ਨਾਮਜ਼ਦਗੀਆਂ

December 12, 2024 - PatialaPolitics

ਪਟਿਆਲਾ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਚੋਣਾਂ ਲਈ ਨਾਮਜ਼ਦਗੀਆਂ ਦੇ ਆਖਰੀ ਦਿਨ 377 ਨਾਮਜ਼ਦਗੀਆਂ

 

ਪਟਿਆਲਾ ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਤੇ ਉਪ ਚੋਣਾਂ ਲਈ ਨਾਮਜ਼ਦਗੀਆਂ ਦੇ ਅੱਜ ਆਖਰੀ ਦਿਨ ਕੁਲ 377 ਨਾਮਜ਼ਦਗੀਆਂ ਹੋਈਆਂ ਹਨ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਹੈ ਜ਼ਿਲ੍ਹੇ ਅੰਦਰ ਕੁਲ ਨਾਮਜ਼ਦਗੀਆਂ ਦੀ ਗਿਣਤੀ 405 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੀਆਂ 60 ਵਾਰਡਾਂ ਲਈ ਅੱਜ ਤੱਕ ਕੁਲ 173 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ।

ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੀ ਵਾਰਡ ਨੰਬਰ 1 ਤੋਂ 14 ਤੱਕ ਲਈ ਰਿਟਰਨਿੰਗ ਅਫ਼ਸਰ ਆਰ.ਟੀ.ਓ. ਪਟਿਆਲਾ ਨਮਨ ਮਾਰਕੰਨ ਕੋਲ ਕੁਲ 48 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸੇ ਤਰ੍ਹਾਂ ਹੀ ਵਾਰਡ 15 ਤੋਂ 29 ਲਈ ਐਸ.ਡੀ.ਐਮ. ਪਟਿਆਲਾ ਮਨਜੀਤ ਕੌਰ ਕੋਲ ਕੁਲ 48 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਵਾਰਡ ਨੰਬਰ 30 ਤੋਂ 45 ਲਈ ਪੀ.ਡੀ.ਏ. ਦੇ ਈ.ਓ.-ਕਮ-ਸਹਾਇਕ ਕਮਿਸ਼ਨਰ (ਜ) ਪਟਿਆਲਾ ਰਿਚਾ ਗੋਇਲ ਕੋਲ ਕੁਲ 39 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਇਸੇ ਤਰ੍ਹਾਂ ਵਾਰਡ ਨੰਬਰ 46 ਤੋਂ 60 ਐਸ.ਡੀ.ਐਮ. ਨਾਭਾ ਰਿਟਰਨਿੰਗ ਅਫ਼ਸਰ ਡਾ. ਇਸਮਤ ਵਿਜੇ ਸਿੰਘ ਕੋਲ ਕੁਲ 38 ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।

ਨਗਰ ਪੰਚਾਇਤ ਭਾਦਸੋਂ ਲਈ ਜ਼ਿਲ੍ਹਾ ਮਾਲ ਅਫ਼ਸਰ ਪਟਿਆਲਾ ਨਵਦੀਪ ਸਿੰਘ ਰਿਟਰਨਿੰਗ ਅਫ਼ਸਰ ਕੋਲ ਕੁਲ 68 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਵਾਈਆਂ ਹਨ। ਨਗਰ ਕੌਂਸਲ ਸਨੌਰ ਦੀਆਂ 15 ਵਾਰਡਾਂ ਲਈ ਰਿਟਰਨਿੰਗ ਅਫ਼ਸਰ ਏ.ਐਮ.ਡੀ. ਪੀ.ਆਰ.ਟੀ.ਸੀ. ਨਵਦੀਪ ਕੁਮਾਰ ਕੋਲ ਕੁਲ 22 ਉਮੀਦਵਾਰਾਂ ਨੇ ਨਾਮਜ਼ਦਗੀ ਦਾਖਲ ਕੀਤੇ ਹਨ। ਨਗਰ ਪੰਚਾਇਤ ਦੇਵੀਗੜ੍ਹ ਦੀਆਂ 13 ਵਾਰਡਾਂ ਦੀਆਂ ਆਮ ਚੋਣਾਂ ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਦੂਧਨ ਸਾਧਾਂ ਕਿਰਪਾਲਵੀਰ ਸਿੰਘ ਕੋਲ 24 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।

ਨਗਰ ਪੰਚਾਇਤ ਘੱਗਾ ਦੀਆਂ 13 ਵਾਰਡਾਂ ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਸਮਾਣਾ ਤਰਸੇਮ ਚੰਦ ਕੋਲ ਕੁਲ 77 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਨਗਰ ਪੰਚਾਇਤ ਘਨੌਰ ਦੀਆਂ 11 ਵਾਰਡਾਂ ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ ਕੋਲ ਕੁਲ 19 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।

ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਅੱਗੇ ਦੱਸਿਆ ਕਿ ਨਗਰ ਕੌਂਸਲ ਰਾਜਪੁਰਾ ਦੀ ਵਾਰਡ ਨੰਬਰ 2 ਲਈ ਕੁਲ 6, ਨਗਰ ਕੌਂਸਲ ਸਮਾਣਾ ਦੀ ਵਾਰਡ ਨੰਬਰ 8 ਲਈ ਕੁਲ 5 ਨਗਰ ਕੌਂਸਲ ਨਾਭਾ ਦੀ ਵਾਰਡ ਨੰਬਰ 6 ਦੀ ਚੋਣ ਲਈ ਕੁਲ 7 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜਦਕਿ ਨਗਰ ਕੌਂਸਲ ਪਾਤੜਾਂ ਦੀ ਇੱਕ ਵਾਰਡ ਨੰਬਰ 12 ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਕੋਲ ਕੁਲ 4 ਉਮੀਦਵਾਰਾਂ ਨੇ ਨਾਮਜ਼ਦਗੀ ਦਰਜ ਕਰਵਾਈ ਹੈ।

ਉਨ੍ਹਾਂ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 13 ਦਸੰਬਰ ਨੂੰ ਹੋਵੇਗੀ ਅਤੇ ਮਿਤੀ 14 ਦਸੰਬਰ 2024 (ਦੁਪਹਿਰ 3 ਵਜੇ ਤੱਕ) ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ।