ਪਟਿਆਲਾ: ਸੰਵੇਦਨਸ਼ੀਲ ਬੂਥਾਂ ‘ਤੇ ਰੱਖੀ ਜਾਵੇਗੀ ਵਿਸ਼ੇਸ਼ ਨਿਗਰਾਨੀ, ਚੋਣ ਅਮਲ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਜਾਵੇਗੀ
December 13, 2024 - PatialaPolitics
ਪਟਿਆਲਾ: ਸੰਵੇਦਨਸ਼ੀਲ ਬੂਥਾਂ ‘ਤੇ ਰੱਖੀ ਜਾਵੇਗੀ ਵਿਸ਼ੇਸ਼ ਨਿਗਰਾਨੀ, ਚੋਣ ਅਮਲ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਜਾਵੇਗੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 21 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਮੌਕੇ ਸੰਵੇਨਸ਼ੀਲ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਮੁੱਚੀ ਚੋਣ ਪ੍ਰਕ੍ਰਿਆ ਦੀ ਵੀਡੀਓਗ੍ਰਾਫ਼ੀ ਕਰਵਾਈ ਜਾਵੇਗੀ।
ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਚੋਣਾਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਏ.ਡੀ.ਸੀਜ ਇਸ਼ਾ ਸਿੰਗਲ, ਨਵਰੀਤ ਕੌਰ ਸੇਖੋਂ ਤੇ ਅਨੁਪ੍ਰਿਤਾ ਜੌਹਲ, ਐਸ.ਪੀਜ ਮੁਹੰਮਦ ਸਰਫ਼ਰਾਜ ਆਲਮ ਤੇ ਹਰਬੰਤ ਕੌਰ, ਐਸ.ਡੀ.ਐਮਜ਼, ਰਿਟਰਨਿੰਗ ਅਧਿਕਾਰੀਆਂ ਸਮੇਤ ਡੀ.ਐਸ.ਪੀਜ਼ ਨਾਲ ਬੈਠਕ ਕੀਤੀ। ਉਨ੍ਹਾਂ ਨੇ ਹਦਾਇਤ ਕੀਤੀ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਆਦਰਸ਼ ਚੋਣ ਜਾਬਤੇ ਦੀ ਕਿਸੇ ਵੀ ਰੂਪ ਵਿੱਚ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਚੋਣਾਂ ਨਿਰਪੱਖ, ਆਜ਼ਾਦਾਨਾ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ‘ਚ ਕੋਈ ਕੁਤਾਹੀ ਨਾ ਵਰਤੀ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਮੌਕੇ ਰਿਟਰਨਿੰਗ ਅਧਿਕਾਰੀਆਂ ਅਤੇ ਪੁਲਿਸ ਵਿਭਾਗ ਵੱਲੋਂ ਪੋਲਿੰਗ ਬੂਥਾਂ ਦੀ ਵਨਰੀਬਿਲਟੀ ਪੈਮਿੰਗ ਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧਾਂ ਸਮੇਤ ਵੀਡੀਓਗ੍ਰਾਫ਼ੀ, ਸਟਰਾਂਗ ਰੂਮਜ਼, ਚੋਣ ਸਮੱਗਰੀ, ਚੋਣ ਅਮਲੇ ਦੀ ਟ੍ਰੇਨਿੰਗ ਤੇ ਤਾਇਨਾਤੀ ਸਮੇਤ ਹੋਰ ਪ੍ਰਬੰਧਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਇਨ੍ਹਾਂ ਚੋਣਾਂ ਲਈ ਰਜਿਸਟਰਡ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਡਰ-ਭੈਅ ਤੋਂ ਵੱਧ ਚੜ੍ਹਕੇ ਵੋਟਿੰਗ ਪ੍ਰਕ੍ਰਿਆ ਵਿੱਚ ਹਿੱਸਾ ਲੈਣ। ਇਸ ਮੌਕੇ ਐਸ.ਡੀ.ਐਮਜ਼ ਡਾ. ਇਸਮਤ ਵਿਜੇ ਸਿੰਘ, ਕਿਰਪਾਲਵੀਰ ਸਿੰਘ ਤੇ ਮਨਜੀਤ ਕੌਰ ਸਮੇਤ ਡੀ.ਐਸ.ਪੀਜ਼ ਮਨੋਜ ਗੋਰਸੀ ਤੇ ਸਤਨਾਮ ਸਿੰਘ ਤੇ ਹੋਰ ਅਧਿਕਾਰੀ ਵੀ ਵੀਡੀਓ ਕਾਨਫਰੰਸਿੰਗ ਜਰੀਏ ਹਾਜ਼ਰ ਸਨ।