Patiala Heritage Festival Saras Mela 2025:ਉੱਤਰ ਖੇਤਰੀ ਸਭਿਆਚਾਰ ਕੇਂਦਰ ਸਰਸ ਮੇਲੇ ’ਚ ਨਿਭਾਅ ਰਿਹੈ ਅਹਿਮ ਭੂਮਿਕਾ

February 21, 2025 - PatialaPolitics

Patiala Heritage Festival Saras Mela 2025:ਉੱਤਰ ਖੇਤਰੀ ਸਭਿਆਚਾਰ ਕੇਂਦਰ ਸਰਸ ਮੇਲੇ ’ਚ ਨਿਭਾਅ ਰਿਹੈ ਅਹਿਮ ਭੂਮਿਕਾ

 

-ਦੇਸ਼ ਦੇ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਸਰਸ ਮੇਲੇ ’ਚ ਸਮਾਂ ਬੰਨ੍ਹਿਆਂ

 

-ਸਰਸ ਮੇਲੇ ’ਚ ਜੋਗੀਆਂ ਦੀ ਬੀਨ ਬਣੀ ਆਕਰਸ਼ਣ ਦਾ ਕੇਂਦਰ

 

ਪਟਿਆਲਾ, 20 ਫਰਵਰੀ:

ਉੱਤਰ ਖੇਤਰੀ ਸਭਿਆਚਾਰ ਕੇਂਦਰ ਵੱਲੋਂ ਸਰਸ ਮੇਲੇ ’ਚ ਲਿਆਂਦੇ ਦੇਸ਼ ਦੇ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਰੋਜ਼ਾਨਾ ਸਟੇਜ ’ਤੇ ਸਭਿਆਚਾਰਕ ਪੇਸ਼ਕਾਰੀ ਕਰਕੇ ਮੇਲੇ ’ਚ ਆਉਣ ਵਾਲੇ ਹਜ਼ਾਰਾਂ ਮੇਲੀਆਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ, ਉਥੇ ਹੀ ਸਟੇਜ ਤੋਂ ਵੱਖ ਮੈਦਾਨ ਵਿੱਚ ਬੀਨ ਜੋਗੀ ਆਪਣੇ ਫਨ ਦਾ ਮੁਜ਼ਾਹਰਾ ਕਰਕੇ ਮੇਲੀਆਂ ਨੂੰ ਆਪਣੇ ਵੱਲ ਕੀਲ ਰਹੇ ਹਨ ਤੇ ਬਹੁਰੂਪੀਏ ਬੱਚਿਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਐਨ.ਜੈਡ.ਸੀ.ਸੀ. ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਨੇ ਦੱਸਿਆ ਕਿ 14 ਫਰਵਰੀ ਨੂੰ ਸ਼ੁਰੂ ਹੋਏ ਸਰਸ ਮੇਲੇ ’ਚ ਵੱਖ ਵੱਖ ਰਾਜਾਂ ਦੇ 80 ਤੋਂ ਵੱਧ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਦੇ ਰਹੇ ਹਨ ਤੇ ਮੇਲੇ ’ਚ ਚਾਰ ਬਹੁਰੂਪੀਏ ਘੁੰਮ ਕੇ ਲੋਕਾਂ ਤੇ ਖ਼ਾਸਕਰ ਬੱਚਿਆ ਦਾ ਮਨੋਰੰਜਨ ਕਰ ਰਹੇ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਫ਼ਰੀਦਾਬਾਦ ਤੋਂ ਆਏ ਬੀਨ ਜੋਗੀਆ ਦਾ 10 ਮੈਂਬਰੀ ਗਰੁੱਪ ਆਪਣੀਆਂ ਜਾਦੂਈ ਧੁਨਾਂ ਨਾਲ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਰਿਹਾ ਹੈ।

ਬੀਨ ਜੋਗੀਆ ਦੀ 10 ਮੈਂਬਰੀ ਟੀਮ ਦੇ ਮੈਂਬਰ ਰਾਮ ਅਵਤਾਰ ਨੇ ਦੱਸਿਆ ਕਿ ਉਹ ਪੀੜ੍ਹੀਆਂ ਤੋਂ ਇਸੇ ਕਿਤੇ ਨਾਲ ਸਬੰਧ ਰੱਖ ਰਹੇ ਹਨ ਤੇ ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਲੱਗਦੇ ਸਰਸ, ਕਰਾਫ਼ਟ ਤੇ ਖੇਤਰੀ ਮੇਲਿਆਂ ’ਚ ਉਨ੍ਹਾਂ ਦੀ ਟੀਮ ਵੱਲੋਂ ਹਾਜ਼ਰੀ ਲਵਾਈ ਜਾਂਦੀ ਹੈ। ਉਨ੍ਹਾਂ ਪਟਿਆਲਾ ਦੇ ਸਰਸ ਮੇਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਥੇ ਆਉਣ ਵਾਲੇ ਦਰਸ਼ਕਾਂ ਵੱਲੋਂ ਉਨ੍ਹਾਂ ਦੀ ਕਲਾਂ ਨੂੰ ਪੂਰਾ ਸਤਿਕਾਰ ਦਿੱਤਾ ਜਾ ਰਿਹਾ ਹੈ।

ਭਾਰਤੀ ਸਭਿਆਚਾਰ ਦਾ ਪ੍ਰਤੀਕ ਬਣੇ ਸਰਸ ਮੇਲੇ ਦੇ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ’ਚ ਕਰਵਾਏ ਜਾ ਰਹੇ ਇਸ ਸਰਸ ਮੇਲੇ ਵਿੱਚ ਦੂਰ ਦੁਰਾਡੇ ਤੋਂ ਆਏ ਸ਼ਿਲਪਕਾਰਾਂ, ਦਸਤਕਾਰਾਂ ਤੇ ਕਲਾਕਾਰਾਂ ਨੂੰ ਪਟਿਆਲਵੀਆਂ ਵੱਲੋਂ ਭਰਾਵਾਂ ਹੂੰਗਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ’ਚ ਵੱਖ ਵੱਖ ਟੈਂਟਾਂ ’ਚ 150 ਤੋਂ ਵੱਧ ਸਟਾਲਾਂ ਤੇ ਖੁੱਲ੍ਹੇ ਮੈਦਾਨ ’ਚ 60 ਸਟਾਲਾਂ ਸਜੀਆਂ ਹੋਈਆਂ ਹਨ, ਜਿੱਥੋਂ ਰੋਜ਼ਾਨਾ ਹਜ਼ਾਰਾ ਦੀ ਗਿਣਤੀ ਵਿੱਚ ਲੋਕ ਖ਼ਰੀਦੋ ਫ਼ਰੋਖ਼ਤ ਕਰ ਰਹੇ ਹਨ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਸਰਸ ਮੇਲੇ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਆਏ ਕਲਾਕਾਰਾਂ ਤੇ ਸ਼ਿਲਪਕਾਰਾਂ ਦੀ ਹੌਸਲਾ ਅਫ਼ਜ਼ਾਈ ਮੇਲੇ ’ਚ ਸ਼ਾਮਲ ਹੋ ਕੇ ਹੀ ਕੀਤੀ ਜਾ

ਸਕਦੀ ਹੈ।