ਪਟਿਆਲਾ:ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੀ ਬੈਠਕ ਮੌਕੇ ਵਿਭਾਗਾਂ ਤੋਂ ਪਾਣੀ ਤੇ ਵਾਤਾਵਰਣ ਸੰਭਾਲ ਤੇ ਵਿਕਾਸ ਕਾਰਜਾਂ ਦੀਆਂ ਤਜਵੀਜਾਂ ਮੰਗੀਆਂ

April 9, 2025 - PatialaPolitics

ਪਟਿਆਲਾ:ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੀ ਬੈਠਕ ਮੌਕੇ ਵਿਭਾਗਾਂ ਤੋਂ ਪਾਣੀ ਤੇ ਵਾਤਾਵਰਣ ਸੰਭਾਲ ਤੇ ਵਿਕਾਸ ਕਾਰਜਾਂ ਦੀਆਂ ਤਜਵੀਜਾਂ ਮੰਗੀਆਂ

-ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲਾਂ ‘ਚ ਮੀਂਹ ਦੇ ਪਾਣੀ ਦੀ ਸੰਭਾਲ, ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ ਦੇ ਪ੍ਰਬੰਧ ਕਰਨ ਲਈ ਤਜਵੀਜ ਭੇਜਣ ਲਈ ਕਿਹਾ

ਪਟਿਆਲਾ, 9 ਅਪ੍ਰੈਲ:

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੀ ਬੈਠਕ ਦਪ ਪ੍ਰਧਾਨਗੀ ਕਰਦਿਆਂ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਮਾਇਨਿੰਗ ਦੀ ਮਨਜ਼ੂਰੀ ਜਰੀਏ ਇਕੱਠੇ ਹੋਏ ਫੰਡਾਂ ਵਿੱਚੋਂ ਜ਼ਿਲ੍ਹੇ ਅੰਦਰ ਪਾਣੀ ਤੇ ਵਾਤਾਵਰਣ ਸੰਭਾਲ, ਪਾਰਕਾਂ, ਸਵੈ ਸਹਾਇਤਾ ਸਮੂਹਾਂ ਦੀ ਸਹਾਇਤਾ, ਸਕੂਲਾਂ ‘ਚ ਕੰਮਾਂ ਆਦਿ ਲਈ ਆਪਣੀਆਂ ਤਜਵੀਜਾਂ ਭੇਜਣ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਨੂੰ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਉਹ ਗਰਮ ਲੂਅ ਦੇ ਸੰਦਰਭ ਵਿੱਚ ਸਕੂਲਾਂ ਅੰਦਰ ਵਿਦਿਆਰਥੀਆਂ ਲਈ ਛਾਂ ਵਾਸਤੇ ਸ਼ੈੱਡ ਬਣਾਉਣ, ਬਾਥਰੂਮਜ਼, ਪੀਣ ਵਾਲੇ ਪਾਣੀ ਵਾਸਤੇ ਵਾਟਰ ਕੂਲਰ ਤੇ ਆਰ.ਓਜ਼ ਲਗਾਉਣ ਲਈ ਤੁਰੰਤ ਤਜਵੀਜ ਬਣਾ ਕੇ ਭੇਜਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੀ ਇੱਕ ਹੋਰ ਬੈਠਕ ਅਗਲੇ ਹਫ਼ਤੇ ‘ਚ ਕਰਨਗੇ ਤੇ ਵਿਭਾਗਾਂ ਵੱਲੋਂ ਭੇਜੀਆਂ ਗਈਆਂ ਤਜਵੀਜਾਂ ਨੂੰ ਮਨਜ਼ੂਰ ਕੀਤਾ ਜਾਵੇਗਾ, ਇਸ ਲਈ ਸਬੰਧਤ ਵਿਭਾਗ ਜ਼ਿਲ੍ਹੇ ਅੰਦਰ ਪਾਰਕਾਂ, ਵਾਤਾਵਰਣ, ਮਿੱਟੀ ਤੇ ਪਾਣੀ ਦੀ ਸੰਭਾਲ, ਮੀਂਹ ਦੇ ਪਾਣੀ ਦੀ ਸੰਭਾਲ ਲਈ ਤਜਵੀਜਾਂ ਬਣਾਉਣ ‘ਚ ਕੋਈ ਢਿੱਲ ਨਾ ਦਿਖਾਉਣ। ਉਨ੍ਹਾਂ ਨੇ ਇਸ ਤੋਂ ਬਿਨ੍ਹਾਂ ਬੱਚਿਆਂ ਤੇ ਬਜ਼ੁਰਗਾਂ ਦੀ ਸੰਭਾਲ ਤੇ ਭਲਾਈ ਲਈ ਵੀ ਤਜਵੀਜ ਮੰਗੀ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਮਾਇਨਿੰਗ ਤੇ ਮਿੱਟੀ ਪੁੱਟੇ ਜਾਣ ਲਈ ਦਿੱਤੀਆਂ ਜਾਂਦੀਆਂ ਮਨਜੂਰੀਆਂ ਆਦਿ ਤੋਂ ਇਕੱਠੇ ਹੁੰਦੇ ਫੰਡਾਂ ਨੂੰ ਸੰਭਾਲਣ ਦੇ ਵਿਕਾਸ ਲਈ ਖਰਚਣ ਵਾਸਤੇ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਬਣ ਹੋਈ ਹੈ, ਜਿਸ ਵਿੱਚ ਜੀਓਲੋਜੀ ਤੇ ਖਣਿਜ ਵਿਭਾਗ ਵੱਲੋਂ ਕੀਤੇ ਜਾਂਦੇ ਕਾਰਜਾਂ ਦਾ ਮੁਲੰਕਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਸ ਮੌਕੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੋਂ ਜ਼ਿਲ੍ਹੇ ਅੰਦਰ ਕੀਤੀ ਜਾਂਦੀ ਮਾਇਨਿੰਗ ਬਾਰੇ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਜ਼ਿਲ੍ਹੇ ਅੰਦਰ ਲੂਅ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਤਜਵੀਜ ਵੀ ਮੰਗੀ। ਉਨ੍ਹਾਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਐਸ.ਟੀ.ਪੀਜ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਸਮੇਤ ਭੂਮੀ ਰੱਖਿਆ ਵਿਭਾਗ ਤੋਂ ਭੂਮੀ ਤੇ ਜਲ ਸੰਭਾਂਲ ਬਾਰੇ ਜਾਣਕਾਰੀ ਹਾਸਲ ਕੀਤੀ। ਮੀਟਿੰਗ ਮੌਕੇ ਮੀਟਿੰਗ ਮੌਕੇ ਏ.ਡੀ.ਸੀ. (ਜ) ਇਸ਼ਾ ਸਿੰਗਲ, ਵਣ ਵਿਭਾਗ, ਲੋਕ ਨਿਰਮਾਣ ਵਿਭਾਗ, ਖੇਡ ਵਿਭਾਗ, ਸਿੰਚਾਈ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।