Clarification regarding Free Bus Travel for Punjab women
April 1, 2021 - PatialaPolitics
ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਦੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੀਆਂ ਤੇ ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਵੀ ਲਾਗੂ ਹੋਵੇਗੀ।
ਔਰਤਾਂ ਦੇ ਸ਼ਕਤੀਕਰਨ ਦੇ ਉਦੇਸ਼ ਤਹਿਤ ਇਹ ਸਕੀਮ ਸ਼ੁਰੂ ਕਰਨ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮਹਿਕਮੇ ਨੂੰ ਨੋਡਲ ਵਿਭਾਗ ਬਣਾਇਆ ਗਿਆ ਹੈ ਅਤੇ ਵਿਭਾਗ ਇਸ ਸਕੀਮ ਨੂੰ ਲਾਗੂ ਕਰਨ ਲਈ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਬਿਠਾ ਕੇ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਵਾਸੀ ਔਰਤਾਂ ਨੂੰ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.), ਪੰਜਾਬ ਰੋਡਵੇਜ਼ ਬੱਸਾਂ (ਪਨਬੱਸ) ਅਤੇ ਸਥਾਨਕ ਸਰਕਾਰਾਂ ਵੱਲੋਂ ਚਲਾਈਆਂ ਜਾਂਦੀਆਂ ਸਿਟੀ ਬੱਸਾਂ ਤੇ ਹੋਰ ਸਰਕਾਰੀ ਮਾਲਕੀ ਵਾਲੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਮਿਲੇਗੀ। ਇਹ ਸਕੀਮ ਏ.ਸੀ., ਵੋਲਵੋ ਤੇ ਐਚ.ਵੀ.ਏ.ਸੀ. ਬੱਸਾਂ ਉਤੇ ਲਾਗੂ ਨਹੀਂ ਹੋਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਆਧਾਰ ਕਾਰਡ, ਵੋਟਰ ਕਾਰਡ ਜਾਂ ਪੰਜਾਬ ਵਾਸੀ ਹੋਣ ਦੇ ਸਬੂਤ ਵਜੋਂ ਕੋਈ ਹੋਰ ਦਸਤਾਵੇਜ਼ ਦਿਖਾ ਕੇ ਇਸ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ। ਇਹ ਸਬੂਤ ਦਿਖਾਉਣ ਮਗਰੋਂ ਪੰਜਾਬ ਵਾਸੀ ਔਰਤਾਂ ਭਾਵੇਂ ਉਹ ਕਿਸੇ ਵੀ ਉਮਰ ਦੀਆਂ ਹੋਣ, ਕੋਲੋਂ ਸਰਕਾਰੀ ਬੱਸਾਂ ਵਿੱਚ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਨਾ ਸਿਰਫ਼ ਜ਼ਿਆਦਾ ਕਿਰਾਏ ਕਾਰਨ ਸਕੂਲੀ ਪੜ੍ਹਾਈ ਵਿਚਾਲੇ ਛੱਡ ਰਹੀਆਂ ਲੜਕੀਆਂ ਦੀ ਸਕੂਲ ਛੱਡਣ ਦੀ ਦਰ ਵਿੱਚ ਕਮੀ ਆਵੇਗੀ, ਸਗੋਂ ਉਨ੍ਹਾਂ ਕੰਮਕਾਜੀ ਔਰਤਾਂ ਨੂੰ ਸਹੂਲਤ ਮਿਲੇਗੀ, ਜਿਨ੍ਹਾਂ ਨੂੰ ਆਪਣੇ ਕੰਮ ਵਾਲੀਆਂ ਥਾਵਾਂ ਉਤੇ ਪੁੱਜਣ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਬਾਰੇ ਔਰਤਾਂ ਆਪਣੀ ਸ਼ਿਕਾਇਤ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਬਲਾਕ ਪੱਧਰੀ ਅਧਿਕਾਰੀ ਜਾਂ ਉਸ ਤੋਂ ਉਤੇ ਦੇ ਅਧਿਕਾਰੀ ਕੋਲ ਦਰਜ ਕਰਵਾ ਸਕਦੀਆਂ ਹਨ। ਇਨ੍ਹਾਂ ਅਧਿਕਾਰੀਆਂ ਨੂੰ ਜਨਤਕ ਸ਼ਿਕਾਇਤ ਅਥਾਰਟੀ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਔਰਤਾਂ ਆਪਣੀ ਸ਼ਿਕਾਇਤ ਵਿਮੈਨ ਹੈਲਪਲਾਈਨ 181 ਉਤੇ ਵੀ ਦਰਜ ਕਰਵਾ ਸਕਦੀਆਂ ਹਨ, ਜਿਨ੍ਹਾਂ ਦਾ ਸਮਾਂਬੱਧ ਨਿਬੇੜਾ ਯਕੀਨੀ ਬਣਾਇਆ ਜਾਵੇਗਾ।