Patiala Politics

Patiala News Politics

Patiala send truck for Kerala flood relief

ਪੰਜਾਬ ਸਰਕਾਰ ਦੀ ਤਰਫ਼ੋਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕੇਰਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਭੇਜਣ ਲਈ ਖਾਧ ਪਦਾਰਥਾਂ ਦੇ 16 ਟਰੱਕਾਂ ਨੂੰ ਰਵਾਨਾ ਕੀਤਾ ਗਿਆ। ਇਨ੍ਹਾਂ ਟਰੱਕਾਂ ਰਾਹੀਂ ਭੇਜੇ ਖਾਧ ਪਦਾਰਥਾਂ ਵਿੱਚ ਰਸ, ਬਿਸਕੁਟ, ਚੀਨੀ-ਚਾਹਪੱਤੀ, ਸੁੱਕਾ ਦੁੱਧ ਅਤੇ ਪਾਣੀ ਦੀਆਂ ਬੋਤਲਾਂ ਦੇ ਭਰੇ 1 ਲੱਖ ਪੈਕੇਟ ਸ਼ਾਮਲ ਹਨ।

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਡ ‘ਤੇ ਸਥਿਤ ਪੁੱਡਾ ਇਨਕਲੇਵ-1 ਤੋਂ ਬੀਤੀ ਦੇਰ ਸ਼ਾਮ ਖਾਧ ਸਮੱਗਰੀ ਰਵਾਨਾ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਕੇਰਲਾ ਰਾਹਤ ਫੰਡ ਲਈ ਤੁਰੰਤ ਦੇਣ ਦਾ ਐਲਾਨ ਕੀਤਾ, ਉਥੇ ਹੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਸੂਬੇ ਨੂੰ 10 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੀ ਭੇਜੀ ਜਾ ਰਹੀ ਹੈ ਤਾਂ ਜੋ ਦੱਖਣੀ ਭਾਰਤ ਦੇ ਹੜ੍ਹ ਪ੍ਰਭਾਵਿਤ ਸੂਬੇ ਲਈ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਦੇ ਨਾਲ ਹੀ ਹੜ੍ਹਾਂ ਤੋਂ ਪ੍ਰਭਾਵਤ ਲੋਕਾਂ ਦੇ ਖਾਣ-ਪੀਣ ਲਈ ਤਿਆਰ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸੇ ਤਹਿਤ ਹੀ ਪਟਿਆਲਾ ਤੋਂ ਵੀ 16 ਟਰੱਕਾਂ ‘ਚ 1 ਲੱਖ ਪੈਕੇਟ ਖਾਧ ਸਮੱਗਰੀ ਭੇਜੀ ਜਾ ਰਹੀ ਹੈ, ਜਿਸ ਨੂੰ ਅੱਗੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਤ ਸੂਬੇ ‘ਚ ਭੇਜੀ ਜਾਣ ਵਾਲੀ ਬਾਕੀ ਦੀ ਖੇਪ ਨਾਲ ਚੰਡੀਗੜ੍ਹ ਤੋਂ ਰਵਾਨਾ ਕੀਤਾ ਜਾਣਾ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕੇਰਲਾ ਵਿੱਚ ਹੜ੍ਹਾਂ ਦਾ ਕਹਿਰ ਕੌਮੀ ਤਬਾਹੀ ਹੈ ਜਿਸ ਕਰਕੇ ਮੁਲਕ ਦੇ ਹਰੇਕ ਨਾਗਰਿਕ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਕੇਰਲਾ ਵਿਖੇ ਜਨ ਜੀਵਨ ਦੀ ਮੁੜ ਬਹਾਲੀ ਹੋ ਸਕੇ। ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ) ਸ੍ਰੀ ਰਾਹੁਲ ਸਿੰਧੂ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ੍ਰੀ ਨਮਨ ਮੜਕਨ, ਤਹਿਸੀਲਦਾਰ ਸ੍ਰੀ ਪਰਵੀਨ ਕੁਮਾਰ ਆਦਿ ਮੌਜੂਦ ਸਨ।
Facebook Comments