5 Projects worth 37cr launched in Patiala
March 1, 2019 - PatialaPolitics
ਪਟਿਆਲਾ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਉਲੀਕੇ 37 ਕਰੋੜ ਰੁਪਏ ਤੋਂ ਵੀ ਵਧੇਰੇ ਰਕਮ ਵਾਲੇ 5 ਅਹਿਮ ਪ੍ਰਾਜੈਕਟਾਂ ਦਾ ਇੱਥੇ ਨਗਰ ਨਿਗਮ ਵਿਖੇ ਸ਼ਾਨਦਾਰ ਆਗ਼ਾਜ਼ ਹੋਇਆ। ਇਨ੍ਹਾਂ ‘ਚ 3.80 ਕਰੋੜ ਰੁਪਏ ਦੀ ਲਾਗਤ ਨਾਲ ਆਨ ਲਾਇਨ ਪ੍ਰਾਪਰਟੀ ਟੈਕਸ ਭਰਨ ਦੀ ਸਹੂਲਤ, 13.50 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚੋਂ ਡੇਅਰੀਆਂ ਨੂੰ ਬਾਹਰ ਕੱਢਣ, ਵਿਕਾਸ ਵਿਹੂਣੀਆਂ 31 ਕਲੋਨੀਆਂ ‘ਚ 9.54 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ, ਸ਼ਹਿਰ ਵਿੱਚੋਂ ਗੰਦਗੀ ਦੇ ਸਫ਼ਾਏ ਲਈ ਘਰ-ਘਰ ਤੋਂ ਕੁੜਾ ਇਕੱਠਾ ਕਰਨ ਅਤੇ ਸਮਾਰਟ ਸੈਮੀ ਜਮੀਨਦੋਜ਼ ਕੂੜਾ ਦਾਨ ਦੇ ਪ੍ਰਾਜੈਕਟ ਸ਼ਾਮਲ ਹਨ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਵਿਕਾਸ ਦੇ ਇਨ੍ਹਾਂ ਪ੍ਰਾਜੈਕਟਾਂ ਦੀ ਸ਼ੁਰੂਆਤ ਲਈ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਸਿਹਰਾ ਸਫ਼ਾਈ ਸੇਵਕ ਤੋਂ ਲੈਕੇ ਪਟਿਆਲਾ ਦੇ ਸਮੁੱਚੇ ਨਾਗਰਿਕ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ ਸ਼ਰਮਾ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਵੀ ਮੌਜੂਦ ਸਨ।
ਸ੍ਰੀਮਤੀ ਪਰਨੀਤ ਕੌਰ ਨੇ ਇਹ ਵੀ ਕਿਹਾ ਕਿ ਜੋ ਕੰਮ 10 ਸਾਲਾਂ ‘ਚ ਖਰਾਬ ਹੋਏ, ਉਸਨੂੰ 1-2 ਸਾਲਾਂ ‘ਚ ਠੀਕ ਕਰਨਾ ਮੁਸ਼ਕਿਲ ਹੁੰਦਾ ਹੈ ਉਹ ਵੀ ਉਸ ਸਮੇਂ ਜਦੋਂ ਖ਼ਜ਼ਾਨੇ ਦੀ ਹਾਲਤ ਵੀ ਬਹੁਤੀ ਚੰਗੀ ਨਾ ਹੋਵੇ ਪਰੰਤੂ ਪੰਜਾਬ ਸਰਕਾਰ ਨੇ ਪਟਿਆਲਾ ਲਈ ਫਿਰ ਵੀ ਉਹ ਕੰਮ ਕੀਤੇ ਜੋ ਅੱਜ ਦਿਸ ਨਹੀਂ ਰਹੇ ਪਰ ਇਨ੍ਹਾਂ ਦਾ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਵੇਗਾ।
ਸ੍ਰੀਮਤੀ ਪਰਨੀਤ ਕੌਰ ਨੇ ਇਨ੍ਹਾਂ ਕੰਮਾਂ ਨੂੰ ਪਟਿਆਲਾ ਸ਼ਹਿਰ ਦੇ ਵਿਕਾਸ ਦੀ ਬੁਨਿਆਦ ਦੱਸਿਆ ਅਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਜਿੱਥੇ ਨਗਰ ਨਿਗਮ ਨੂੰ ਸਹਿਯੋਗ ਦੇਣ ਉਥੇ ਆਪਣੀ ਬਣਦੀ ਜਿੰਮੇਵਾਰੀ ਵੀ ਨਿਭਾਉਣ।
ਇਸ ਤੋਂ ਪਹਿਲਾਂ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਆਪਣੇ ਸੰਬੋਧਨ ‘ਚ ਸ਼ਹਿਰ ‘ਚ 18 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ 5 ਲੱਖ ਲੋਕਾਂ ਤੱਕ ਜਲ ਸਪਲਾਈ ਤੇ ਸੀਵਰੇਜ ਲਾਇਨ ਪਹੁੰਚਾਉਣ ਬਾਰੇ ਦੱਸਿਆ ਅਤੇ ਕਿਹਾ ਕਿ ਨਗਰ ਨਿਗਮ ਦੇ ਮੁਲਾਜਮਾਂ ਦੇ ਬਕਾਇਆ ਆਦਿ ਦੇ ਭੁਗਤਾਨ ਲਈ ਇੱਕ ਐਫ.ਡੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਡੇਅਰੀਆਂ ਬਾਹਰ ਜਾਣ ਨਾਲ 12 ਟਨ ਗੋਹਾ ਸੀਵਰੇਜ ‘ਚ ਜਾਣ ਤੋਂ ਬਚੇਗਾ ਤੇ ਕੂੜਾ ਕਰਕਟ ਸੰਭਾਲਣ ਵਾਲੇ ਪ੍ਰਾਜੈਕਟ ਨਾਲ ਸ਼ਹਿਰ ਨੂੰ ਗੰਦਗੀ ਤੋਂ ਨਿਜਾਤ ਮਿਲ ਜਾਵੇਗੀ।
ਸ੍ਰੀ ਸ਼ਰਮਾ ਨੇ ਦੱਸਿਆ ਕਿ 700 ਕਰੋੜ ਰੁਪਏ ਨਾਲ ਪੀਣ ਵਾਲੇ ਨਹਿਰੀ ਪਾਣੀ ਦੇ ਪ੍ਰਾਜੈਕਟ ਤੇ ਮਿਸ਼ਨ ਤੰਦਰੁਸਤ ਤਹਿਤ ਸਕੂਲਾਂ ਦੇ ਗਰਾਊਂਡ ਬਨਾਉਣੇ ਆਦਿ ਸਭ ਕੰਮ ਇੱਕ ਰਿਕਾਰਡ ਸਮੇਂ ‘ਚ ਪੂਰੇ ਹੋਣ ਨਾਲ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਵਾਸੀਆਂ ਵੱਲੋਂ ਲਿਆ ਗਿਆ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਮੁਚੇ ਵਿਕਾਸ ਪ੍ਰਾਜੈਕਟਾਂ ਬਾਬਤ ਵਿਸਥਾਰ ‘ਚ ਜਾਣਕਾਰੀ ਦਿੱਤੀ।
ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ ਨੇ ਪਟਿਆਲਾ ਸ਼ਹਿਰ ਦੀ ਸਵੱਛਤਾ ਬਾਰੇ ਰੈਂਕਿੰਗ ‘ਚ ਹੋਏ ਸੁਧਾਰ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਪਟਿਆਲਾ ਸਭ ਤੋਂ ਸਵੱਛ ਤੇ ਸੁੰਦਰ ਸ਼ਹਿਰ ਬਣੇਗਾ। ਸੀਨੀਅਰ ਕੌਂਸਲਰ ਸ. ਹਰਵਿੰਦਰ ਸਿੰਘ ਨਿੱਪੀ ਨੇ ਮੰਚ ਸੰਚਾਲਣ ਕੀਤਾ।
ਇਸ ਮੌਕੇ ਆਨ ਲਾਇਨ ਪ੍ਰਾਪਰਟੀ ਟੈਕਸ ਭਰਨ ਵਾਲੇ ਪਟਿਆਲਾ ਦੇ ਨਾਗਰਿਕ ਦਾ ਸਨਮਾਨ ਕੀਤਾ ਗਿਆ ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਦੇ ਦਸਤਾਵੇਜ ਸਬੰਧਤ ਠੇਕੇਦਾਰਾਂ ਨੂੰ ਸੌਂਪੇ ਗਏ। ਇਸ ਤੋਂ ਬਾਅਦ ਕੂੜਾ ਚੁੱਕਣ ਵਾਲੇ 20 ਛੋਟੇ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਤੇ ਮਹਿੰਦਰਾ ਕਾਲਜ ਨੇੜੇ ਸਮਾਨੀਆਂ ਗੇਟ ਨੇੜੇ ਲਗਾਏ ਗਏ 3 ਜਮੀਨਦੋਜ਼ ਕੂੜਾ ਦਾਨ ਵਰਤੋਂ ਦੀ ਵੀ ਸ਼ੁਰੂਆਤ ਕਰਵਾਈ ਗਈ ਜੋਕਿ ਸ਼ਹਿਰ ‘ਚ 25 ਥਾਵਾਂ ‘ਤੇ ਲੱਗਣਗੇ। 2-2 ਕੂੜਾਦਾਨ 5 ਜਗਾ ਲੱਗਣਗੇ ਜਦੋਂ ਕਿ 6 ਥਾਵਾਂ ‘ਤੇ ਵੱਡੇ ਕੂੜਾਦਾਨ ਕੰਪੈਕਟਰ ਲੱਗਣਗੇ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਕਾਂਗਰਸ ਦੇ ਸਕੱਤਰ ਸ੍ਰੀ ਸੰਤ ਬਾਂਗਾ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਬਲਾਕ ਪ੍ਰਧਾਨ ਸ੍ਰੀ ਅਨਿਲ ਮੰਗਲਾ, ਸ੍ਰੀ ਨਰੇਸ਼ ਦੁੱਗਲ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਸ੍ਰੀ ਸੋਨੂ ਸੰਗਰ, ਸ੍ਰੀ ਵਿਪਨ ਸ਼ਰਮਾ, ਸਮੁੱਚੇ ਕੌਂਸਲਰ, ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਸੰਯੁਕਤ ਕਮਿਸ਼ਨਰ ਹਰਕੀਰਤ ਕੌਰ, ਐਸ.ਈ. ਸ੍ਰੀ ਐਮ.ਐਮ. ਸਿਆਲ, ਹਰੀ ਭਰੀ ਰੀ ਸਾਈਕਲ ਪ੍ਰਾਜੈਕਟ ਤੋਂ ਸ੍ਰੀ ਅਮਿਤ ਕੁਮਾਰ, ਸਿਹਤ ਅਫ਼ਸਰ ਡਾ. ਸੁਦੇਸ਼ਪ੍ਰਤਾਪ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।