Army Recruitment Patiala 2018

July 31, 2018 - PatialaPolitics

ਭਾਰਤੀ ਫ਼ੌਜ ਵੱਲੋਂ ਫ਼ੌਜੀ ਭਰਤੀ ਲਈ 1 ਤੋਂ 13 ਅਗਸਤ ਦੌਰਾਨ ਪਟਿਆਲਾ-ਸੰਗਰੂਰ ਰੋਡ ‘ਤੇ ਫ਼ਲਾਇੰਗ ਕਲੱਬ ਦੇ ਸਾਹਮਣੇ ਮੈਦਾਨ ‘ਚ ਕਰਵਾਈ ਜਾ ਰਹੀ ਭਰਤੀ ਰੈਲੀ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਭਰਤੀ 2 ਅਤੇ 3 ਅਗਸਤ ਨੂੰ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਇਸ ਬਾਰੇ ਪਟਿਆਲਾ ਦੇ ਰੋਜ਼ਗਾਰ ਅਫ਼ਸਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੂੰ ਲੋੜੀਂਦੇ ਪ੍ਰਬੰਧ ਕਰਨ ਦੇ ਆਦੇਸ਼ ਵੀ ਦਿੱਤੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਭਰਤੀ ਰੈਲੀ ‘ਚ ਕੇਵਲ ਉਹ ਨੌਜਵਾਨ ਹੀ ਹਿੱਸਾ ਲੈ ਸਕਣਗੇ ਜ਼ਿਨ੍ਹਾਂ ਨੇ ਆਪਣੀ ਆਨ-ਲਾਇਨ ਰਜਿਸਟ੍ਰੇਸ਼ਨ ਕਰਵਾ ਲਈ ਹੈ ਤੇ ਇਨ੍ਹਾਂ ਨੌਜਵਾਨਾਂ ਲਈ ਫ਼ੌਜੀ ਭਰਤੀ ਲਈ ਦਾਖਲਾ ਸਵੇਰੇ 3 ਵਜੇ ਤੋਂ ਸਵੇਰੇ 7 ਵਜੇ ਤੱਕ ਹੋਵੇਗਾ। ਉਮੀਦਵਾਰ ਆਪਣੇ ਨਾਲ ਲੋੜੀਂਦੇ ਅਸਲ ਸਰਟੀਫਿਕੇਟ ਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਅਤੇ ਆਪਣੀਆਂ ਪਾਸਪੋਰਟ ਸਾਇਜ ਲੋੜੀਂਦੀਆਂ ਫੋਟੋਆਂ ਸਮੇਤ ਹੋਰ ਦਸਤਾਵੇਜ ਲੈ ਕੇ ਸਮੇਂ ਸਿਰ ਪੁੱਜਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਤੰਦਰੁਸਤ ਬਨਾਉਣ ਸਮੇਤ ਘਰ-ਘਰ ਰੋਜ਼ਗਾਰ ਦੀ ਮੁਹਿੰਮ ਤਹਿਤ ਇਸ ਭਰਤੀ ਰੈਲੀ ਲਈ ਜ਼ਿਲ੍ਹਾ ਪ੍ਰਸਾਸ਼ਨ ਦੀ ਤਰਫ਼ੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਇਸ ‘ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਇਸ ਤੋਂ ਬਿਨ੍ਹਾਂ ਉਮੀਦਵਾਰ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰ ਪਟਿਆਲਾ ਦੇ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਅਤੇ ਸਿਵਲ ਲਾਇਨਜ ਸਕੂਲ ਸਮੇਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਅਤੇ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ ਸੰਗਰੂਰ ਰੋਡ ਵਿਖੇ ਠਹਿਰ ਸਕਣਗੇ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਸਾਫ਼ ਸਫ਼ਾਈ, ਪੀਣ ਵਾਲਾ ਪਾਣੀ ਅਤੇ ਰੌਸ਼ਨੀ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਦੋਂਕਿ ਸਿਵਲ ਸਰਜਨ ਵੱਲੋਂ ਓ.ਆਰ.ਐਸ. ਦੇ ਪੈਕੇਟ, ਐਂਬੂਲੈਂਸ, ਮੁਢਲੀ ਸਹਾਇਤਾ ਅਤੇ ਮੈਡੀਕਲ ਟੀਮ, ਪੁਲਿਸ ਨੂੰ ਸੁਰੱਖਿਆ ਤੇ ਟ੍ਰੈਫਿਕ ਵਿਵਸਥਾ, ਲੋਕ ਨਿਰਮਾਣ ਨੂੰ ਟਾਇਲਟਸ ਆਦਿ ਤੇ ਮੰਡੀ ਬੋਰਡ ਨੂੰ ਪੀਣ ਵਾਲੇ ਪਾਣੀ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।